ਚੰਡੀਗੜ੍ਹ, 22 ਜਨਵਰੀ : ਪੰਜਾਬ ਪੁਲੀਸ ਨੇ ਸੂਬੇ ਦੀਆਂ ਸੜਕਾਂ ’ਤੇ ਸਟੰਟ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਇਸ ਸਬੰਧੀ ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸਟੰਟ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਡੀ.ਜੀ.ਪੀ ਨੇ ਇਸ ਮੌਕੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਹੈ ਕਿ ਸੜਕਾਂ ਸਟੰਟ ਕਰਨ ਦਾ ਅਖਾੜਾ ਨਹੀਂ ਹਨ।
ਉਨ੍ਹਾਂ ਹਦਾਇਤਾਂ ਵਿੱਚ ਕਿਹਾ ਕਿ ਲੋਕ ਜ਼ਿੰਮੇਵਾਰ ਨਾਗਰਿਕ ਬਣ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੰਜਾਬ ਪੁਲਿਸ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਸਟੰਟ ਕਰਨ ਨਾਲ ਸੜਕ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਇਸ ਕਾਰਨ ਸਟੰਟ ਕਰਨ ਵਾਲੇ ਨਾ ਸਿਰਫ਼ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਹਨ ਸਗੋਂ ਸੜਕ 'ਤੇ ਸਫ਼ਰ ਕਰਨ ਵਾਲੇ ਹੋਰ ਲੋਕਾਂ ਦੀ ਜਾਨ ਵੀ ਖਤਰੇ 'ਚ ਪਾ ਦਿੰਦੇ ਹਨ। ਸੜਕ ਸੁਰੱਖਿਆ ਮਹੀਨੇ ਨੂੰ ਮੁੱਖ ਰੱਖਦਿਆਂ ਡੀ.ਜੀ.ਪੀ ਗੌਰਵ ਯਾਦਵ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖਤੀ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਪੰਜਾਬ ਪੁਲਸ ਸਾਰੇ ਲੋਕਾਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।
No comments:
Post a Comment