ਚੰਡੀਗੜ੍ਹ, 21 ਫਰਵਰੀ : ਆਮ ਆਦਮੀ ਪਾਰਟੀ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਭਾਜਪਾ ਆਗੂਆਂ ਵੱਲੋਂ ‘ਖਾਲਿਸਤਾਨੀ’ ਕਹਿਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਧਰਮ ਦਾ ਅਪਮਾਨ ਕਰਾਰ ਦਿੱਤਾ ਹੈ।
ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਘਟਨਾ ਦੇਸ਼ ਦੀਆਂ ਅਲਪਸੰਖਿਅਕਾਂ ਪ੍ਰਤੀ ਭਾਜਪਾ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ। ਸਿਰਫ਼ ਬੰਗਾਲ ਹੀ ਨਹੀਂ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਨੇ ਵੀ ਸਿੱਖਾਂ ਵਿਰੁੱਧ ਕਈ ਵਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਕੀਤਾ।
ਕੰਗ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂ ਸੰਦੀਪ ਦੋਹੇ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਾਹਮਣੇ ਗੁਰਦੁਆਰਾ ਸਾਹਿਬਾਨ ਅਤੇ ਮਸਜਿਦਾਂ ਬਾਰੇ ਅਪਸ਼ਬਦ ਬੋਲੇ ਸਨ। ਉਨ੍ਹਾਂ ਕਿਹਾ ਸੀ ਕਿ ਸਰਕਾਰ ਆਉਣ ਤੋਂ ਬਾਅਦ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਮਸਜਿਦਾਂ ਨੂੰ ਢਾਹ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਦੌਰਾਨ ਖਾਸ ਤੌਰ 'ਤੇ ਸਿੱਖਾਂ ਨੂੰ ਨਜ਼ਰਬੰਦ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਸੀ। ਪੱਛਮੀ ਬੰਗਾਲ ਦੀ ਇਹ ਘਟਨਾ ਭਾਜਪਾ ਦੀ ਸਿੱਖਾਂ ਪ੍ਰਤੀ ਘਟੀਆ ਸੋਚ ਦੀ ਤਾਜ਼ਾ ਮਿਸਾਲ ਹੈ। ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਸਿੱਖ ਵਿਰੋਧੀ ਅਤੇ ਅਲਪਸੰਖਿਅਕ ਵਿਰੋਧੀ ਪਾਰਟੀ ਹੈ।
ਕੰਗ ਨੇ ਇਨ੍ਹਾਂ ਘਟਨਾਵਾਂ 'ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਜਪਾ ਨੂੰ ਸਿੱਖਾਂ ਅਤੇ ਹੋਰ ਅਲਪਸੰਖਿਅਕ ਲੋਕਾਂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿੱਖਾਂ ਨਾਲ ਸ਼ੁਰੂ ਤੋਂ ਹੀ ਪਰੇਸ਼ਾਨੀ ਰਹੀ ਹੈ ਕਿਉਂਕਿ ਭਾਜਪਾ ਦੇ ਪੁਰਖਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ, ਜਦਕਿ ਸਿੱਖਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।
ਜਦੋਂ ਭਾਜਪਾ ਆਪਣੇ ਦਫਤਰਾਂ ਅੱਗੇ ਤਿਰੰਗਾ ਲਹਿਰਾਉਣ ਤੋਂ ਇਨਕਾਰ ਕਰਦੀ ਸੀ ਉਸ ਸਮੇਂ ਸਿੱਖਾਂ ਨੇ ਅਨਾਜ ਦੇ ਭੰਡਾਰ ਭਰ ਕੇ ਭਾਰਤ ਨੂੰ ਵਾਧੂ ਅਨਾਜ ਵਾਲਾ ਦੇਸ਼ ਬਣਾ ਦਿੱਤਾ। ਅੱਜ ਭਾਜਪਾ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ, ਜਦਕਿ ਕਿਸਾਨਾਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ 'ਤੇ ਖੜ੍ਹੇ ਹੋ ਕੇ ਸਰਹੱਦਾਂ ਦੀ ਰਾਖੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਕਿਸਾਨ ਅੰਦੋਲਨ 2020 ਤੋਂ ਭਾਜਪਾ ਸਿੱਖਾਂ ਨੂੰ ਖਾਲਿਸਤਾਨੀ ਸਾਬਤ ਕਰਨ ਦੀ ਮੁਹਿੰਮ ਚਲਾ ਰਹੀ ਹੈ। ਇਹ ਸਾਰੀਆਂ ਘਟਨਾਵਾਂ ਭਾਜਪਾ ਦੀ ਇਸ ਮੁਹਿੰਮ ਦਾ ਹਿੱਸਾ ਹਨ। ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਜ਼ਹਿਰ ਫੈਲਾਇਆ ਹੈ। ਇਹ ਲੋਕ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ, ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਉਂਦੇ ਰਹਿੰਦੇ ਹਨ।
ਕੰਗ ਨੇ ਕਿਹਾ ਕਿ ਅਲਪਸੰਖਿਅਕਾਂ ਪ੍ਰਤੀ ਭਾਜਪਾ ਦਾ ਇਹ ਨਫ਼ਰਤ ਭਰਿਆ ਰਵੱਈਆ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖਤਰਾ ਹੈ। ਇਨ੍ਹਾਂ ਲੋਕਾਂ ਨੇ ਵੋਟਾਂ ਲਈ ਦੇਸ਼ ਨੂੰ ਪੂਰੀ ਤਰ੍ਹਾਂ ਵੰਡਿਆ ਹੋਇਆ ਹੈ।
ਕੰਗ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਪੱਛਮੀ ਬੰਗਾਲ ਵਿੱਚ ਵਾਪਰੀ ਘਟਨਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਆਪਣੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
No comments:
Post a Comment