· ਰੇਹੜੀਆਂ ਤੋਂ ਮੰਗੀ ਜਾਂਦੀ ਸੀ ਹਫਤਾ ਵਸੂਲੀ, ਦਾਰੂ ਦੀ ਪੇਟੀ
· ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕੀਤੀ ਇਨਸਾਫ ਦੀ ਮੰਗ
ਐਸ.ਏ.ਐਸ. ਨਗਰ, 09 ਮਾਰਚ : ਹਮੇਸ਼ਾਂ ਵਿਵਾਦਾਂ ਵਿੱਚ ਘਿਰੀ ਰਹਿੰਦੀ ਪੰਜਾਬ ਪੁਲਿਸ ਉਤੇ ਇਕ ਵਾਰ ਫਿਰ ਬੇਗੁਨਾਹਾਂ ਦ ਫਸਾਉਣ ਦਾ ਦੋਸ਼ ਲੱਗਿਆ ਹੈ। ਮੋਹਾਲੀ ਪੁਲਿਸ ਦੇ ਇਕ ਏ.ਐਸ.ਆਈ. ਵੱਲੋਂ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਪਤੀ-ਪਤਨੀ ਤੋਂ 6000 ਰੁਪਏ ਪ੍ਰਤੀ ਮਹੀਨਾ ਵਸੂਲੀ ਕੀਤੀ ਜਾਂਦੀ ਸੀ ਅਤੇ ਨਾਲ ਹੀ ਦਾਰੂ ਦੀ ਪੇਟੀ ਵੀ ਮੰਗੀ ਜਾਂਦੀ ਸੀ।
ਇਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਪਤੀ-ਪਤਨੀ ਕੁਮਾਰ ਪੁਰੀ ਅਤੇ ਸੰਪਦਾ ਪੁਰੀ ਨੇ ਦੱਸਿਆ ਕਿ ਉਹ ਮੋਹਾਲੀ ਦੇ ਫੇਜ਼-8 ਸਥਿਤ ਉਦਯੋਗਿਕ ਖੇਤਰ ਵਿਚ ਆਪਣੀ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਸਨ, ਜਿਥੇ ਪੁਲਿਸ ਮੁਲਾਜ਼ਮ ਉਹਨਾਂ ਤੋਂ ਮੁਫ਼ਤ ਵਿਚ ਮਟਨ-ਚਿਕਨ ਆਦਿ ਮੰਗਵਾਉਣ ਦੇ ਨਾਲ ਸ਼ਰਾਬ ਦੀ ਪੇਟੀ ਵੀ ਲੈ ਕੇ ਜਾਂਦੇ ਸਨ। ਉਹਨਾਂ ਦੱਸਿਆ ਕਿ ਰੇਡ ਕਰਨ ਵਾਸਤੇ ਜਦੋਂ ਦੂਜੇ ਰਾਜਾਂ ਵਿਚ ਜਾਣਾ ਹੁੰਦਾ ਤਾਂ ਕੁਮਾਰ ਪੁਰੀ ਦੀ ਕਾਰ ਵੀ ਲੈ ਕੇ ਜਾਂਦੇ ਸਨ ਅਤੇ ਪੈਟਰੋਲ ਦਾ ਖ਼ਰਚਾ ਵੀ ਉਸ ਕੋਲੋਂ ਵਸੂਲਿਆ ਜਾਂਦਾ ਰਿਹਾ।
ਇਹ ਮਾਮਲਾ ਉਸ ਸਮੇਂ ਤੂਲ ਫੜ੍ਹ ਗਿਆ ਜਦੋਂ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਅਤੇ ਇਕ ਪੁਲਿਸ ਕਾਂਸਟੇਬਲ ਅਜੈ ਗਿੱਲ ਵੱਲੋਂ ਉਸ ਨਾਲ ਨਾ-ਇਨਸਾਫੀ ਦੀ ਸ਼ੁਰੂਆਤ ਕੀਤੀ ਗਈ। ਕੁਮਾਰ ਪੁਰੀ ਨੇ ਦੱਸਿਆ ਕਿ ਅਜੈ ਗਿੱਲ ਆਪਣੇ ਭਰਾ ਦੀ ਰੇਹੜੀ ਲਗਵਾਉਣ ਵਾਸਤੇ ਉਸ ਥਾਂ ਤੋਂ ਉਸਦੀ ਰੇਹੜੀ ਚੁਕਵਾਉਣਾ ਚਾਹੁੰਦਾ ਸੀ। ਫਿਰ ਇਕ ਦਿਨ ਪੁਲਿਸ ਮੁਲਾਜ਼ਮਾਂ ਵਲੋਂ ਉਸ ਨਾਲ ਵਿਵਾਦ ਖੜ੍ਹਾ ਕਰ ਲਿਆ ਗਿਆ। ਥਾਣੇ ਲਿਜਾ ਕੇ ਸਾਡੀ ਦੋਵਾਂ ਪਤੀ-ਪਤਨੀ ਦੀ ਕੁੱਟਮਾਰ ਕੀਤੀ ਗਈ ਅਤੇ ਦੋਵਾਂ ਉਪਰ ਸੈਕਸ਼ਨ 186, 353 ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਅੱਠ ਦਿਨ ਬਾਅਦ ਸਾਡੀ ਜ਼ਮਾਨਤ ਹੋਈ। ਉਸ ਦਿਨ ਤੋਂ ਬਾਅਦ ਆਪਣਾ ਝੂਠਾ ਪਰਚਾ ਦਰਜ ਕਰਵਾਉਣ ਅਤੇ ਇਨਸਾਫ ਲੈਣ ਲਈ ਅਸੀਂ ਜ਼ਿਲ੍ਹੇ ਦੇ ਉਚ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕੀਤੀ। ਦੋ ਵਾਰ ਐਸ.ਐਸ.ਪੀ. ਮੋਹਾਲੀ ਨੂੰ ਮਿਲ ਕੇ ਪੂਰੀ ਗੱਲਬਾਤ ਦੱਸੀ ਗਈ ਪਰ ਕਈ ਮਹੀਨੇ ਬੀਤ ਜਾਣ ਬਾਅਦ ਵੀ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਪੁਲਿਸ ਅਫਸਰਾਂ ਵਲੋਂ ਆਪਣੇ ਮੁਲਾਜ਼ਮਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਕੁਮਾਰ ਪੁਰੀ ਨੇ ਦੱਸਿਆ ਕਿ ਪੁਲਿਸ ਵਲੋਂ ਉਸਦਾ ਮੋਬਾਇਲ ਜ਼ਬਤ ਕਰਕੇ ਜਿੰਨੀ ਗੱਲਬਾਤ ਤੇ ਵੀਡੀਓ ਰਿਕਾਰਡਿੰਗ ਉਸ ਵਲੋਂ ਕੀਤੀ ਗਈ ਸੀ, ਉਹ ਵੀ ਡਿਲੀਟ ਕਰ ਦਿੱਤੀ ਗਈ।
ਇਸ ਦੌਰਾਨ ਮੌਕੇ ਉਤੇ ਪੁੱਜੇ ਇਕ ਏ.ਐਸ.ਆਈ. ਕਮਲਪ੍ਰੀਤ ਸ਼ਰਮਾ ਨੇ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਧਮਕੀ ਦਿੱਤੀ ਕਿ ‘ਤੇਰਾ ਅਜਿਹਾ ਹਾਲ ਕਰਾਂਗੇ, ਤੂੰ ਆਪ ਹੀ ਮੋਹਾਲੀ ਛੱਡ ਜਾਵੇਂਗਾ’। ਪੁਰੀ ਨੇ ਅੱਗੇ ਦੱਸਿਆ ਕਿ ਆਪਣੀ ਬੇਟੀ ਨੂੰ ਇਸ ਵਾਰਦਾਤ ਤੋਂ ਬਚਾਉਣ ਲਈ ਮੈਨੂੰ ਵਿਦੇਸ਼ ਭੇਜਣਾ ਪਿਆ ਅਤੇ ਅੱਜ ਸਾਡਾ ਸਮੂਹ ਪਰਿਵਾਰ ਇਨਸਾਫ ਦੀ ਭਾਲ ਵਿਚ ਭਟਕ ਰਿਹਾ ਹੈ। ਉਹਨਾਂ ਕਿਹਾ ਕਿ ਥੱਕ-ਹਾਰ ਕੇ ਹੁਣ ਅਸੀਂ ਇਨਸਾਫ ਦੀ ਉਮੀਦ ਵਿੱਚ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ ਜਸਟਿਸ, ਗਵਰਨਰ, ਮੁੱਖ ਮੰਤਰੀ, ਡੀ.ਜੀ.ਪੀ. ਅਤੇ ਏ.ਡੀ.ਜੀ.ਪੀ. ਪੰਜਾਬ ਆਦਿ ਸਾਰਿਆਂ ਨੂੰ ਲਿਖਤ ਵਿਚ ਸ਼ਿਕਾਇਤ ਭੇਜੀ ਹੈ ਕਿ ਉਕਤ ਆਰੋਪੀ ਮੁਲਾਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਜਲਦ ਇਨਸਾਫ ਦਿੱਤਾ ਜਾਵੇ।
ਜੇਕਰ ਆਰੋਪੀ ਪੁਲਿਸ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਦੀ ਕੁਝ ਮਹੀਨੇ ਪਹਿਲਾਂ ਪੰਜਾਬ ਵਿਜੀਲੈਂਸ ਵੱਲੋਂ ਇਕ ਰਿਸ਼ਵਤ ਦੇ ਕੇਸ ਵਿਚ ਗ੍ਰਿਫ਼ਤਾਰੀ ਕੀਤੀ ਗਈ ਸੀ ਅਤੇ ਕਾਂਸਟੇਬਲ ਅਜੈ ਗਿੱਲ ਉਤੇ ਵੀ ਇਕ ਕੇਸ ਦਰਜ ਹੋਇਆ ਸੀ। ਬਲਜਿੰਦਰ ਮੰਡ ਗ਼੍ਰਿਫਤਾਰੀ ਤੋਂ ਬਾਅਦ ਹੁਣ ਮੁੜ ਬਹਾਲ ਹੋ ਚੁੱਕਿਆ ਹੈ।
ਇਸ ਸਬੰਧੀ ਜਦੋਂ ਬਲਜਿੰਦਰ ਸਿੰਘ ਮੰਡ ਨਾਲ ਫੋਨ ਉਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਕੁਮਾਰ ਪੁਰੀ ਤੇ ਉਸਦੀ ਪਤਨੀ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ ਸੀ, ਇਸ ਲਈ ਉਹਨਾਂ ਉਪਰ ਪਰਜਾ ਦਰਜ ਕੀਤਾ ਗਿਆ ਸੀ, ਜਿਸਦੀ ਰਿਪੋਰਟ ਮੈਂ ਬਿਊਰੋ ਆਫ ਇਨਵੈਸਟੀਗੇਸ਼ਨ ਇਨਕੁਆਰੀ ਵਿਚ ਦੇ ਆਇਆ ਹਾਂ।
No comments:
Post a Comment