ਚੰਡੀਗੜ੍ਹ, 30 ਮਈ : ਸੈਕਰਡ ਸਾਊਲਜ਼ ਸਕੂਲ ਵੱਲੋਂ ਆਪਣੇ ਵੀਹਵੇਂ ਫਾਊਂਡਰ ਡੇ ਮੌਕੇ ਇਕ ਖ਼ੂਬਸੂਰਤ ਪ੍ਰੋਗਰਾਮ ਦਾ ਆਯੋਜਨ ਕੈਂਪਸ ਦੇ ਆਡੀਟੋਰੀਅਮ ਮਨਾਇਆ ਗਿਆ। ਕਲਾ ਅਤੇ ਵੰਨਗੀਆਂ ਦੇ ਇਸ ਖ਼ੂਬਸੂਰਤ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।ਇਸ ਮੌਕੇ ਤੇ ਵਿਦਿਆਰਥੀਆਂ ਨੇ ਆਪਣੀਆਂ ਵਿਲੱਖਣ ਪ੍ਰਤਿਭਾਵਾਂ ਸਟੇਜ ਤੇ ਵਿਖਾ ਕੇ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਇਸ ਖ਼ੂਬਸੂਰਤ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਓਲੰਪੀਅਨ ਹਰਬਿੰਦਰ ਸਿੰਘ ਅਤੇ ਡਾਇਰੈਕਟਰ ਐੱਚ ਐੱਸ ਭੱਟੀ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ।ਹਰਬਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਪੜਾਈ ਦੇ ਨਾਲ ਨਾਲ ਖੇਡਾਂ,ਕਲਾ ਅਤੇ ਸਮਾਜਿਕ ਕੰਮ ਨਾ ਸਿਰਫ਼ ਬੱਚਿਆ ਦੇ ਆਤਮ ਵਿਸ਼ਵਾਸ 'ਚ ਵਾਧਾ ਕਰਦੇ ਹਨ ਬਲਕਿ ਵਿਦਿਆਰਥੀਆਂ ਨੂੰ ਆਪਣੇ ਵਿਚਲੀਆਂ ਅਨੂਠੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਵੀ ਮੌਕਾ ਮਿਲਦਾ ਹੈ ਜੋ ਕਿ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਬਹੁਤ ਸਹਾਈ ਹੁੰਦੇ ਹਨ ।
ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ''ਇੱਕ ਚੀਜ਼ ਬਾਕੀ ਹੈ'' ਖ਼ੂਬਸੂਰਤ ਗੀਤ ਪੇਸ਼ ਕੀਤਾ। ਸੋਲੀਅਨ ਫਿਊਜ਼ਨਰਜ਼ ਦੇ ਸੀਨੀਅਰ ਮੁੰਡਿਆਂ ਦੁਆਰਾ ਫੋਕ ਫਿਊਜ਼ਨ ਦਾ ਦਰਸ਼ਕਾਂ ਨੇ ਖੂਬ ਆਨੰਦ ਲਿਆ। ਇਸ ਸੰਗੀਤਮਈ ਸ਼ਾਮ ਦਾ ਮੁੱਖ ਆਕਰਸ਼ਨ ਬਡਿੰਗ ਆਰਟਿਸਟ ਥੀਏਟਰ ਦੁਆਰਾ ਪੇਸ਼ ਕੀਤਾ ਗਿਆ ਕਾਮੇਡੀ ਨਾਟਕ "ਫੈਮਲੀ ਮੈਟਰਸ" ਸੀ, ਜਿਸ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰਕੇ ਰੱਖ ਦਿਤਾ। ਇਸ ਦੇ ਇਲਾਵਾ ਵਿਦਿਆਰਥੀਆਂ ਨੇ ਫ਼ਿਲਮੀ ਗੀਤਾਂ ਦੀਆਂ ਧੁਨਾਂ ਤੇ ਪੱਛਮੀ ਵਿਰਸੇ ਨੂੰ ਬਾਖ਼ੂਬੀ ਪੇਸ਼ ਕੀਤਾ । ਇਸ ਬੇਹੱਦ ਖ਼ੂਬਸੂਰਤ ਰੰਗਾ ਰੰਗ ਪ੍ਰੋਗਰਾਮ ਦੀ ਅਖੀਰੀ ਪੇਸ਼ਕਸ਼ ਵਿਦਿਆਰਥੀਆਂ ਦਾ ਭੰਗੜਾ ਰਿਹਾ ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮਨਬੀਰ ਬਰਾੜ ਨੇ ਵਿਦਿਆਰਥੀਆਂ ਦੀਆਂ ਪੇਸ਼ਕਸ਼ਾਂ ਨੂੰ ਸਲਹਾਉਂਦੇ ਹੋਏ ਸਾਰਿਆ ਦਾ ਧੰਨਵਾਦ ਕੀਤਾ । ਅੰਤ 'ਚ ਪੜਾਈ, ਖੇਡਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਰਮਿਆਨ ਇਨਾਮ ਵੀ ਤਕਸੀਮ ਕੀਤੇ ਗਏ। ਡਾਇਰੈਕਟਰ ਗੁਰਪਾਲ ਸਿੰਘ ਭੱਟੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
No comments:
Post a Comment