ਐਸ.ਏ.ਐਸ.ਨਗਰ, 29 ਮਈ : ਵੋਟਰਾਂ ਨੂੰ ਜਮਹੂਰੀਅਤ ਦੇ ਸੱਚੇ ਦੂਤ ਦਾ ਅਹਿਸਾਸ ਕਰਵਾਉਣ ਲਈ ਮੋਹਾਲੀ ਪ੍ਰਸ਼ਾਸਨ ਨੇ ਐਸ.ਏ.ਐਸ.ਨਗਰ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਦੀ ਥੀਮ ’ਤੇ ਅਧਾਰਿਤ ਐਮਿਟੀ ਇੰਟਰਨੈਸ਼ਨਲ ਸਕੂਲ, ਸੈਕਟਰ 79, ਮੋਹਾਲੀ ਵਿਖੇ ਇੱਕ ਸੁਪਰ ਮਾਡਲ ਪੋਲਿੰਗ ਬੂਥ ਸਥਾਪਿਤ ਕੀਤਾ ਹੈ।
ਬੁੱਧਵਾਰ ਨੂੰ ਸੁਪਰਮਾਡਲ ਪੋਲਿੰਗ ਬੂਥ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ 1 ਜੂਨ, 2024 ਨੂੰ ਲੋਕਤੰਤਰੀ ਏਅਰਲਾਈਨਜ਼ ’ਤੇ ਸਵਾਰ ਹੋਣ ਲਈ ਲਾਮਬੰਦ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਦੋ ਵਿਸ਼ੇਸ਼ ਥੀਮ ਆਧਾਰਿਤ ਪੋਲਿੰਗ ਬੂਥ ਮੋਹਾਲੀ ਸ਼ਹਿਰ ’ਚ ਬਣਾਏ ਗਏ ਹਨ। ਇਨ੍ਹਾਂ ’ਚੋਂ ਇੱਕ ਏਅਰਪੋਰਟ ਦੀ ਦਿੱਖ ਵਰਗਾ ਹੈ ਜਦਕਿ ਦੂਜਾ ਗ੍ਰੀਨ ਇਲੈਕਸ਼ਨ ਮਾਡਲ ’ਤੇ ਆਧਾਰਿਤ ਹੈ।
ਐਮਿਟੀ ਸਕੂਲ ਵਿਖੇ ਬਣਾਏ ਗਏ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਧਾਰਤ ਪੋਲਿੰਗ ਸਟੇਸ਼ਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਵੋਟਰਾਂ ਵਿੱਚ ਇੱਕ ਮਾਣਮੱਤਾ ਵੋਟਰ ਬਣਨ ਦੀ ਊਰਜਾ ਨਾਲ ਭਰਨਾ ਹੈ ਜੋ ਆਪਣੇ ਲੋਕਤੰਤਰ ਪ੍ਰਤੀ ਫਰਜ਼ ਨਾਲ ਗਰਮੀ ਦੇ ਮੌਸਮ ਦਾ ਦਲੇਰੀ ਨਾਲ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਨੂੰ ਜੋਸ਼ ਭਰਪੂਰ ਮਾਹੌਲ ਪ੍ਰਦਾਨ ਕਰਨ ਲਈ ਇਮਾਰਤ ਦੇ ਬਾਹਰ ਇੱਕ ਸੁਆਗਤੀ ਗੇਟ, ਗਰਮੀ ਤੋਂ ਰਾਹਤ ਦੇਣ ਲਈ ਮਿੱਠੇ ਅਤੇ ਠੰਡੇ ਪਾਣੀ ਦੀ ਛਬੀਲ, ਮਾਵਾਂ ਮਤਦਾਤਾਵਾਂ ਦੇ ਨਾਲ ਆਉਣ ਵਾਲੇ ਬੱਚਿਆਂ ਲਈ ਕ੍ਰੇਚ ਸਥਾਪਿਤ ਕੀਤਾ ਗਿਆ ਹੈ। ਏਅਰਪੋਰਟ ਮਾਡਲ ਬੂਥ ਅੰਦਰ ਦਾਖਲੇ ’ਤੇ ਭੰਗੜਾਂ ਕਲਾਕਾਰ ਦੁਆਰਾ ਭੰਗੜੇ ਅਤੇ ਢੋਲ ਦੀ ਤਾਲ ’ਤੇ ਸਵਾਗਤ, ਸੈਲਫੀ ਵਿਕਲਪ ਦੇ ਨਾਲ ਇੱਕ ਹਵਾਈ ਜਹਾਜ਼ ਦਾ ਇੱਕ ਆਕਰਸ਼ਕ ਮਾਡਲ, ਲੌਂਜ ਵਿੱਚ ਰਵਾਇਤੀ ਸਿਲਾਈ-ਕਢਾਈ ਕਰਨ ਵਾਲੀਆਂ ਮੁਟਿਆਰਾ ਦਾ ਸਮੂਹ ਅਤੇ ਲੋਕ ਨਾਚ ਗਿੱਧਾ ਵੋਟਰ ਨੂੰ ਵੱਖਰੀ ਤਰ੍ਹਾਂ ਦੇ ਵਾਤਾਵਰਣ ਦਾ ਅਹਿਸਾਸ ਕਰਵਾਏਗਾ। ਸਵਾਗਤੀ ਕੇਂਦਰ ’ਤੇ ਪਹੁੰਚਣ ਤੋਂ ਪਹਿਲਾਂ ਇਸ ਸੁਪਰ ਮਾਡਲ ਪੋਲਿੰਗ ਬੂਥ ਦੀਆਂ ਮੁੱਖ ਵਿਸ਼ੇਸ਼ਤਾਵਾਂ ’ਚੋਂ ਰਿਸੈਪਸ਼ਨ ’ਤੇ, ਇੱਕ ਮਿੱਠੀ ਆਵਾਜ਼ ਉਨ੍ਹਾਂ ਨੂੰ ਵੋਟਿੰਗ (ਬੋਰਡਿੰਗ) ਪਾਸ ਸੌਂਪਣ ਦੇ ਨਾਲ ਲੋਕਤੰਤਰ ਦੀ ਉਡਾਣ ਵਿੱਚ ਸਵਾਰ ਹੋਣ ਲਈ ਤਿਆਰ ਹੋਣ ਲਈ ਸਵਾਗਤ ਕਰਦੀ ਹੈ। ਲਾਉਂਜ ਤੋਂ ਬਾਹਰ ਨਿਕਲਣ ਤੋਂ ਬਾਅਦ ਵੋਟਰ ਦਾ ਸੁਆਗਤ ਲਾਲ ਵਰਦੀ ਵਾਲੀਆਂ ਏਅਰ ਹੋਸਟੈਸ ਵੱਲੋਂ ਕੀਤਾ ਜਾਵੇਗਾ ਅਤੇ ਰੈੱਡ ਕਾਰਪੇਟ ’ਤੇ ਪੈਦਲ ਚੱਲ ਕੇ ਪੋਲਿੰਗ ਬੂਥ ’ਤੇ ਜਾਣ ਲਈ ਜਾਣੂ ਕਰਵਾਇਆ ਜਾਵੇਗਾ, ਜਿੱਥੇ ਕੁਰਸੀਆਂ ਦੀ ਸਹੂਲਤ ਵਾਲਾ ਵੇਟਿੰਗ ਏਰੀਆ ਵੀ ਬਣਾਇਆ ਗਿਆ ਹੈ।
ਇੰਟਰਨੈਸ਼ਨਲ ਏਅਰਪੋਰਟ ਨਾਲ ਮੇਲ ਖਾਂਦੀ ਦਿੱਖ ਵਾਲੇ ਇਸ ਪੋਲਿੰਗ ਸਟੇਸ਼ਨ ’ਚ ਚਾਰ ਪੋਲਿੰਗ ਬੂਥ ਹਨ; 225 ਤੋਂ 228, ਜਿੱਥੇ ਵੋਟਰ ਆਪਣੇ ਬੂਥ ’ਤੇ ਵੋਟ ਪਾਉਣ ਤੋਂ ਬਾਅਦ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਟੈਟੂ ਆਰਟਸ ਅਤੇ ਮਹਿੰਦੀ ਕਲਾ ਦੀਆਂ ਮੁਫ਼ਤ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।
ਬੂਥ ਤੋਂ ਰਵਾਨਾ ਹੋਣ ’ਤੇ ਸੈਲਫੀ ਪੁਆਇੰਟ ਹਰੀ ਚੋਣ ਦੇ ਸੰਦੇਸ਼ ਦੇ ਨਾਲ ਅਤੇ ਤੋਹਫ਼ੇ ਵਜੋਂ ਇੱਕ ਬੂਟੇ ਦੇ ਨਾਲ ਵੋਟਰ ਦਾ ਸੁਆਗਤ ਕਰੇਗਾ। ਅੰਤ ਵਿੱਚ, ਇੱਕ ਆਈਸਕ੍ਰੀਮ ਸਟਾਲ ਵੋਟਰਾਂ ਨੂੰ ਮੁਫਤ ਆਈਸ ਕ੍ਰੀੰ ਕੱਪ ਦੀ ਪੇਸ਼ਕਸ਼ ਕਰੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਬੂਥਾਂ ਵਿੱਚ ਮੋਬਾਈਲ ਦੀ ਆਗਿਆ ਨਹੀਂ ਹੈ ਇਸ ਲਈ ਬੂਥ ਦੇ ਦਾਖਲੇ ’ਤੇ ਇੱਕ ਮੋਬਾਈਲ ਡਿਪਾਜ਼ਿਟ ਕਾਊਂਟਰ ਵੀ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰਾਂ ਅਤੇ ਰੈਂਪ ਰਾਹੀਂ ਪੋਲਿੰਗ ਬੂਥ ਤੱਕ ਪਹੁੰਚਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਮਰਪਿਤ ਵਲੰਟੀਅਰ ਤਾਇਨਾਤ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 80 ਫੀਸਦੀ ਤੋਂ ਵੱਧ ਪੋਲਿੰਗ ਕਰਵਾਉਣ ਦਾ ਸਾਡਾ ਟੀਚਾ ਹੈ ਅਤੇ ਅਸੀਂ ਨਿੱਜੀ ਸੱਦਾ ਪੱਤਰਾਂ ਰਾਹੀਂ ਵੋਟਰਾਂ ਤੱਕ ਪਹੁੰਚਣ ਲਈ ਵੱਖ-ਵੱਖ ਸਾਧਨਾਂ ਅਤੇ ਤਰੀਕਿਆਂ ਦੀ ਕੋਸ਼ਿਸ਼ ਕਰ ਰਹੇ ਹਾਂ, ਸਵੀਪ ਗਤੀਵਿਧੀਆਂ ਰਾਹੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ, ਮਤਦਾਨ ਵਾਲੇ ਦਿਨ ਮੁਫ਼ਤ ਰਾਈਡ ਲਈ ਰੈਪਿਡੋ ਰਾਹੀਂ ਪ੍ਰਬੰਧ ਕਰ ਰਹੇ ਹਾਂ। ਇਸੇ ਤਰ੍ਹਾਂ ਨੌਜਵਾਨ ਵੋਟਰਾਂ ਨੂੰ ਸੀ ਪੀ 67 ਮਾਲ ਵਿਖੇ ਮੁਫ਼ਤ ਫਿਲਮ ਟਿਕਟ ਅਤੇ ਹੋਰ ਬਹੁਤ ਕੁਝ ਜ਼ਿਲ੍ਹੇ ’ਚ ਮਤਦਾਤਾ ਪ੍ਰਤੀਸ਼ਤਤਾ ਵਧਾਉਣ ਲਈ ਹੈ।
ਜ਼ਿਲ੍ਹੇ ਵਿੱਚ ਕੁੱਲ 30 ਮਾਡਲ ਪੋਲਿੰਗ ਬੂਥ (ਤਿੰਨਾਂ ਹਲਕਿਆਂ ਵਿੱਚ 10-10), ਇੱਕ-ਇੱਕ ਪਿੰਕ (ਮਹਿਲਾ ਸਟਾਫ਼ ਦੁਆਰਾ ਪ੍ਰਬੰਧਿਤ), ਦਿਵਿਆਂਗ (ਦਿਵਿਆਂਗ ਸਟਾਫ ਦੁਆਰਾ ਸੰਚਾਲਿਤ) ਅਤੇ ਯੂਥ (ਨੌਜਵਾਨ ਸਟਾਫ ਦੁਆਰਾ ਪ੍ਰਬੰਧਿਤ) ਤੋਂ ਇਲਾਵਾ ਮੋਹਾਲੀ ਵਿੱਚ ਚਾਰ ਗ੍ਰੀਨ ਬੂਥ, ਖਰੜ ਵਿੱਚ ਤਿੰਨ ਅਤੇ ਇੱਕ ਡੇਰਾਬੱਸੀ ਵਿੱਚ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 812593 ਵੋਟਰ ਹਨ ਜਿਨ੍ਹਾਂ ਵਿੱਚ 424658 ਮਰਦ, 386022 ਔਰਤਾਂ, 39 ਹੋਰ (ਟ੍ਰਾਂਸਜੈਂਡਰ), 1838 ਸਰਵਿਸ ਵੋਟਰ ਅਤੇ 36 ਪ੍ਰਵਾਸੀ ਭਾਰਤੀ ਵੋਟਰ ਹਨ।
ਡਿਪਟੀ ਕਮਿਸ਼ਨਰ ਦੇ ਦੌਰੇ ਦੌਰਾਨ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ, ਆਰਟਿਸਟ ਗੁਰਪ੍ਰੀਤ ਸਿੰਘ ਨਾਮਧਾਰੀ, ਸਵੀਪ ਦੀ ਕੋਰ ਟੀਮ ਦੇ ਮੈਂਬਰ ਅਤੇ ਐਮਿਟੀ ਮੈਨੇਜਮੈਂਟ ਤੋਂ ਸਚਿਨ ਸੈਣੀ ਸ਼ਾਮਲ ਸਨ।
No comments:
Post a Comment