ਚੰਡੀਗੜ੍ਹ, 29 ਮਈ : ਫਾਜ਼ਿਲਕਾ ਸ਼ਹਿਰ ਦੇ ਮਸ਼ਹੂਰ ਸਮਾਜਸੇਵੀ ਡਾ. ਯਸ਼ਪਾਲ ਜੱਸੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਹਨ। ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਜੱਸੀ, ਜੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਦੇਸ਼ ਸਕੱਤਰ ਵੀ ਰਹੇ ਹਨ, ਨੇ ਖੁਲਾਸਾ ਕੀਤਾ ਕਿ ਰਾਣਾ ਸੋਢੀ ਨੇ ਉਨ੍ਹਾਂ ਨੂੰ 2017 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਫਾਜ਼ਿਲਕਾ ਸੀਟ ਤੋਂ ਕਾਂਗਰਸ ਦੀ ਟਿਕਟ ਦਿਵਾਣ ਦਾ ਭਰੋਸਾ ਦਿੱਤਾ ਸੀ ਅਤੇ ਇਸ ਕੰਮ ਲਈ 1.5 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ 50 ਲੱਖ ਰੁਪਏ ਅਡਵਾਂਸ ਵੀ ਮੰਗੇ ਗਏ ਸਨ। ਇਹ ਸਾਰੀ ਗੱਲਬਾਤ ਫਾਜ਼ਿਲਕਾ ਦੇ ਹੀ ਕਾਂਗਰਸ ਆਗੂ ਮਲਕੀਤ ਸਿੰਘ ਹੀਰਾ ਰਾਹੀਂ ਹੋਈ ਅਤੇ ਹੀਰਾ ਨੇ ਹੀ ਉਨ੍ਹਾਂ ਦੀ ਮਲਾਕਾਤ ਰਾਣਾ ਸੋਢੀ ਨਾਲ ਕਰਵਾਈ ਸੀ।
ਰਾਣਾ ਸੋਢੀ ਨੇ ਦੱਸਿਆ ਕਿ ਇਹ ਪੈਸੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਣੇ ਹਨ ਅਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਾਕਾਤ ਕਰਵਾ ਕੇ ਉਨ੍ਹਾਂ ਦਾ ਪਰੀਚਯ ਵੀ ਕਰਵਾਇਆ। ਡਾ. ਜੱਸੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਰਹੇ ਮਹਿੰਦਰ ਰਿਨਵਾਂ, ਜਿਨ੍ਹਾਂ ਨੂੰ ਫਾਜ਼ਿਲਕਾ ਤੋਂ ਟਿਕਟ ਮਿਲਣ ਦੀ ਸੰਭਾਵਨਾ ਸੀ, ਬਾਰੇ ਪੁੱਛਿਆ ਤਾਂ ਕੈਪਟਨ ਨੇ ਕਿਹਾ ਕਿ ਉਹ ਦੋ ਵਾਰ ਹਾਰ ਚੁੱਕੇ ਹਨ, ਇਸ ਲਈ ਉਹ ਦੌੜ ਤੋਂ ਬਾਹਰ ਹਨ। ਤੁਸੀਂ ਉੱਥੇ ਕੰਮ ਵਿੱਚ ਜੁੱਟੇ ਰਹੋ।
ਡਾ. ਜੱਸੀ ਨੇ ਇਸ 'ਤੇ ਉਨ੍ਹਾਂ ਨੂੰ 2016 ਵਿੱਚ ਫਰਵਰੀ ਤੋਂ ਮਈ ਮਹੀਨੇ ਦੇ ਵਿਚਕਾਰ 50 ਲੱਖ ਰੁਪਏ ਅਰੇਂਜ ਕਰਕੇ ਦੇ ਦਿੱਤੇ। ਬਾਅਦ ਵਿੱਚ ਜਦੋਂ ਟਿਕਟਾਂ ਦਾ ਐਲਾਨ ਹੋਇਆ ਤਾਂ ਡਾ. ਜੱਸੀ ਦਾ ਨਾਮ ਲਿਸਟ ਵਿੱਚ ਨਹੀਂ ਸੀ। ਉਨ੍ਹਾਂ ਨੇ ਜਦੋਂ ਰਾਣਾ ਸੋਢੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਅੱਜ-ਕੱਲ੍ਹ ਕਰਨ ਲਗੇ ਅਤੇ ਇਸ ਤਰ੍ਹਾਂ ਕਰਦੇ-ਕਰਦੇ 8 ਸਾਲ ਲੰਘ ਗਏ। ਡਾ. ਜੱਸੀ ਨੇ ਦੱਸਿਆ ਕਿ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਰਾਣਾ ਸੋਢੀ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ ਜੋ ਕਰਨਾ ਹੈ, ਕਰ ਲਓ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਰਾਣਾ ਸੋਢੀ ਨੇ ਹੋਰ ਬਹੁਤ ਸਾਰੇ ਲੋਕਾਂ ਤੋਂ ਵੀ ਪੈਸੇ ਠੱਗੇ ਹੋਏ ਹਨ ਜਿਨ੍ਹਾਂ ਵਿੱਚ ਮਲਕੀਤ ਸਿੰਘ ਹੀਰਾ ਦੇ ਨਾਲ-ਨਾਲ ਬਲੁਆਨਾ ਅਤੇ ਧੌਲਪੁਰ (ਰਾਜਸਥਾਨ) ਦੀਆਂ ਦੋ ਔਰਤਾਂ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਬੂਤ ਦੇ ਤੌਰ 'ਤੇ ਰਾਣਾ ਸੋਢੀ ਦੇ ਆਡੀਓ ਹਨ, ਜਿਨ੍ਹਾਂ 'ਚ ਪੈਸੇ ਦੇ ਲੈਣ-ਦੇਣ ਬਾਰੇ ਗੱਲਬਾਤ ਹੋਈ ਹੈ।
ਡਾ. ਜੱਸੀ ਨੇ ਕਿਹਾ ਕਿ ਉਨ੍ਹਾਂ ਨੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੱਕ ਨੂੰ ਚਿੱਠੀਆਂ ਲਿਖ ਕੇ ਰਾਣਾ ਸੋਢੀ ਦੀ ਇਸ ਕਰਤੂਤ ਬਾਰੇ ਦੱਸਿਆ ਪਰ ਸਭ ਨੇ ਇਸ ਪਾਸੇ ਤੋਂ ਮੂੰਹ ਮੋੜਿਆ ਹੋਇਆ ਹੈ। ਹੁਣ ਉਨ੍ਹਾਂ ਨੇ ਖੁਲ ਕੇ ਸਾਰਿਆਂ ਨੂੰ ਰਾਣਾ ਸੋਢੀ ਦੇ ਕਾਰਨਾਮਿਆਂ ਬਾਰੇ ਦੱਸਣ ਦਾ ਫੈਸਲਾ ਕਰ ਲਿਆ ਹੈ, ਤਾਂ ਜੋ ਕੋਈ ਹੋਰ ਉਨ੍ਹਾਂ ਦੇ ਝਾਂਸੇ ਵਿੱਚ ਨਾ ਆ ਸਕੇ। ਅਤੇ ਨਾਲ ਹੀ ਉਹ ਆਪਣੇ ਪੈਸੇ ਵਾਪਸ ਲੈਣ ਲਈ ਹਰ ਸੰਭਵ ਕਾਨੂੰਨੀ ਰਾਹ ਅਪਣਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਣਾ ਸੋਢੀ ਤੋਂ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ ਅਤੇ ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਲਈ ਰਾਣਾ ਸੋਢੀ ਹੀ ਜ਼ਿੰਮੇਵਾਰ ਹੋਣਗੇ।
No comments:
Post a Comment