ਮੋਹਾਲੀ, 29 ਦਸੰਬਰ : ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ (ਐਮ.ਆਈ.ਏ.) ਵਿਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਹੱਥੋਪਾਈ ਤੱਕ ਪਹੁੰਚ ਚੁੱਕੀ ਹੈ। ਬੀਤੇ ਦਿਨੀਂ ਇਸ ਝਗੜੇ ਦਾ ਇਹ ਮਾਮਲਾ ਐਸ.ਡੀ.ਐਮ. ਮੋਹਾਲੀ ਕੋਲ ਪਹੁੰਚ ਗਿਆ ਹੈ। ਇਸ ਦੌਰਾਨ ਮੌਜੂਦਾ ਪ੍ਰਧਾਨ ਸ. ਬਲਜੀਤ ਸਿੰਘ ਨੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਨੂੰ ਜੇਕਰ ਉਹਨਾਂ ਨੇ ਕਿਸੇ ਨਾਲ ਵੀ ਅਹੁਦੇ ਉਤੇ ਰਹਿੰਦਿਆਂ ਕੋਈ ਗਲਤ ਲੈਣ-ਦੇਣ ਕੀਤਾ, ਤਾਂ ਉਹ ਮੈਨੂੰ ਸਬੂਤ ਦਿਖਾਉਣ ਤਾਂ ਉਹ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਸ. ਬਲਜੀਤ ਸਿੰਘ ਨੇ ਦੱਸਿਆ ਕਿ ਇੰਡਸਟਰੀਜ਼ ਦੇ ਧਨਾਢ ਧੜੇ ਵਲੋਂ ਛੋਟੀਆਂ ਇਕਾਈਆਂ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਉਹਨਾਂ ਦਸਿਆ ਕਿ ਅਖੌਤੀ ਪ੍ਰਧਾਨ ਅਤੇ ਉਸਦੇ ਸਮਰਥਕਾਂ ਵੱਲੋਂ ਕਥਿਤ ਤੌਰ ਉਤੇ ਬੀਤੀ 27 ਦਸੰਬਰ 2024 ਨੂੰ ਜ਼ਬਰਦਸਤੀ ਕਬਜ਼ਾ ਲੈਣ ਲਈ ਐਮ.ਆਈ.ਏ. ਦਫਤਰ 'ਤੇ ਹਮਲਾ ਕੀਤਾ ਗਿਆ, ਜਦੋਂ ਉਹ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਸ੍ਰੀ ਮੁਕੇਸ਼ ਬਾਂਸਲ ਦੇ ਸਮਰਥਕਾਂ ਨੇ ਐਮ.ਆਈ.ਏ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ, ਜਦੋਂਕਿ ਉਨ੍ਹਾਂ ਨੇ ਇਸ ਝਗੜੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਸਾਡੇ ਇਕ ਸਤਿਕਾਰਯੋਗ ਮੈਂਬਰ ਦੀ ਦਸਤਾਰ ਉਤਾਰ ਕੇ ਉਸਦੀ ਬੇਅਦਬੀ ਵੀ ਕੀਤੀ ਗਈ।
ਸ. ਬਲਜੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਬੀਤੇ ਇਕ ਸਾਲ ਤੋਂ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਾਡੀ ਟੀਮ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਉਦਯੋਗਿਕ ਖੇਤਰ ਨਾਲ ਸਬੰਧਤ ਸਮੱਸਿਆਵਾਂ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਇਕ ਸਾਲ ਪੂਰਾ ਹੋਣ ਬਾਅਦ ਕਰੀਬ 80 ਤੋਂ 90 ਫੀਸਦੀ ਮੈਂਬਰਾਂ ਨੇ ਬੀਤੀ 6 ਅਗਸਤ 2024 ਨੂੰ ਆਪਣਾ ਬਹੁਮਤ ਦੇ ਕੇ ਉਹਨਾਂ ਨੂੰ ਮੁੜ ਦੂਜੇ ਸਾਲ ਲਈ ਪ੍ਰਧਾਨਗੀ ਸੌਂਪੀ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਅਤੇ ਕੁਝ ਐਗਜ਼ੈਕਟਿਵ ਮੈਂਬਰਾਂ ਨੂੰ ਇਹ ਸਭ ਹਜ਼ਮ ਨਹੀਂ ਹੋ ਰਿਹਾ ਅਤੇ ਇਕ ਮਤਾ ਪਾ ਕੇ ਆਪਣਾ ਪ੍ਰਧਾਨ ਚੁਣ ਲਿਆ ਗਿਆ, ਜੋ ਸਰਾਸਰ ਇੰਡਸਟਰੀਜ਼ ਐਸੋਸੀਏਸ਼ਨ ਦੇ ਉਪ-ਨਿਯਮਾਂ ਦੇ ਖਿਲਾਫ ਹੈ।
ਉਹਨਾਂ ਦੱਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪਹੁੰਚ ਕੀਤੀ ਹੈ। ਜਦਕਿ ਵਿਰੋਧੀ ਧਿਰ ਵੱਲੋਂ ਐਸ.ਡੀ.ਐਮ ਦਫ਼ਤਰ ਦੀ ਐਡਵਾਈਜ਼ਰੀ ਨੂੰ ਪ੍ਰੈਸ ਅਤੇ ਮੀਡੀਆ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਐਸਡੀਐਮ ਦਫ਼ਤਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਨਵੀਆਂ ਚੋਣਾਂ ਕਰਵਾਉਣ ਤੋਂ ਪਹਿਲਾਂ ਉਪ-ਨਿਯਮਾਂ ਵਿੱਚ ਅਸਪਸ਼ਟਤਾ ਕਾਰਨ ਉਦਯੋਗਾਂ ਦੀਆਂ ਤਿੰਨੇ ਸ਼੍ਰੇਣੀਆਂ ਦੀ ਨੁਮਾਇੰਦਗੀ ਨੂੰ ਸਹੀ ਕੀਤਾ ਜਾਵੇ। ਐਮ.ਆਈ.ਏ. ਦੀ ਕਾਰਜਕਾਰੀ ਕਮੇਟੀ ਅਤੇ ਪਿਛਲੀ ਜਨਰਲ ਬਾਡੀ ਮੀਟਿੰਗ ਵਿੱਚ ਪੈਦਾ ਹੋਈ ਅਜਿਹੀ ਹੀ ਇੱਕ ਅਜੀਬ ਸਥਿਤੀ ਵਿੱਚ ਫੈਸਲੇ ਵਿਚ ਸੋਧ ਕਰਨ ਦੀ ਲੋੜ ਹੈ। ਐਮਆਈਏ ਦੀ ਚੋਣ ਕਿਸੇ ਵਿਵਾਦ ਦੀ ਸਥਿਤੀ ਵਿੱਚ ਪਾਰਟੀਆਂ ਨੂੰ ਉਪਬੰਧਾਂ ਦੇ ਅਨੁਸਾਰ ਸਿਵਲ ਕੋਰਟ ਵਿੱਚ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੌਰਾਨ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਇੰਜ: ਹਰਬੀਰ ਸਿੰਘ ਢੀਂਡਸਾ, ਰਾਕੇਸ਼ ਵਿੱਗ, ਗਰੀਸ਼ ਭਨੋਟ, ਪਰਮਜੀਤ ਸਿੰਘ ਸੈਣੀ, ਮਨਮੋਹਨ ਸਿੰਘ ਜੰਡੂ, ਦਪਿੰਦਰਨੈਣ ਸਿੰਘ, ਗੁਰਬਖ਼ਸ਼ ਸਿੰਘ, ਜਸਵੰਤ ਸਿੰਘ ਭੁੱਲਰ, ਪ੍ਰਧਾਨ ਆਰ.ਡਬਲਿਊ.ਏ. ਸੈਕਟਰ 90-91 ਸ. ਰਾਜਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ, ਜਗਤਾਰ ਸਿੰਘ, ਪ੍ਰਧਾਨ ਗੁ: ਫੇਜ਼ 3ਬੀ1 ਸ. ਕਰਮ ਸਿੰਘ ਬਬਰਾ, ਗੁਰਮੀਤ ਸਿੰਘ, ਮੁੱਖ ਬੁਲਾਰਾ ਕਿਸਾਨ ਯੂਨੀਅਨ ਪੰਜਾਬ ਸ. ਪਰਮਜੀਤ ਮਾਵੀ, ਹਰਮੀਤ ਸਿੰਘ, ਪ੍ਰਧਾਨ ਗੁ: ਸਾਹਿਬ ਫੇਜ਼-5 ਸ. ਸ਼ੀਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਮੁਅੱਤਲ ਕੀਤੇ ਮੈਂਬਰ ਮੁਕੇਸ਼ ਬਾਂਸਲ ਦਾ:
ਦੂਜੇ ਪਾਸੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਮੁਅੱਤਲ ਕੀਤੇ ਮੈਂਬਰ ਮੁਕੇਸ਼ ਬਾਂਸਲ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਿਰਾਆਧਾਰ ਦੱਸਿਆ। ਉਹਨਾਂ ਕਿਹਾ ਕਿ ਦਫ਼ਤਰ ਵਿਚ ਬੈਠੇ ਮੈਂਬਰਾਂ ਨੇ ਉਸ ਨੂੰ ਕੁੱਟਿਆ ਮਾਰਿਆ ਅਤੇ ਉਸਦੇ ਸਿਰ ਉਤੇ ਜ਼ਖ਼ਮ ਹੋ ਗਏ। ਉਹ ਉਥੇ ਕੀ ਕਰਨ ਆਏ ਸੀ ਦੇ ਜਵਾਬ ਵਿਚ ਸ੍ਰੀ ਬਾਂਸਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੋਹਾਲੀ ਨੇ ਐਮ.ਆਈ.ਏ. ਦੀ ਦੁਬਾਰਾ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ, ਜਿਸ ਬਾਰੇ ਉਹ ਗੱਲ ਕਰਨ ਆਏ ਸਨ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਮੈਂਬਰ ਦੀ ਪੱਗ ਨਹੀਂ ਉਤਾਰੀ, ਇਹ ਗੱਲ ਬਿਲਕੁੱਲ ਝੂਠ ਹੈ।
No comments:
Post a Comment