SBP GROUP

SBP GROUP

Search This Blog

Total Pageviews

ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

 ਚੰਡੀਗੜ੍ਹ, 15 ਅਕਤੂਬਰ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦੀ ਹੀ ਦੇਸ਼ ਦੇ ਡਿਜੀਟਲ ਹੱਬ ਵਜੋਂ ਉੱਭਰੇਗਾ।


ਆਊਟਸੋਰਸਡ ਡਿਜ਼ੀਟਲ ਕਾਰੋਬਾਰੀ ਸੇਵਾਵਾਂ ਲਈ ਗਲੋਬਲ ਲੀਡਰ ਟੈਲੀਪਰਫਾਰਮੈਂਸ (ਟੀ.ਪੀ.) ਦੇ ਚੇਅਰਮੈਨ ਅਤੇ ਸੀ.ਈ.ਓ. ਡੇਨੀਅਲ ਜੂਲੀਅਨ ਨਾਲ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਸ ਵਿਸ਼ਾਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟੈਲੀਪਰਫਾਰਮੈਂਸ ਦੇ ਮੋਹਾਲੀ ਵਿੱਚ 16 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਉਨ੍ਹਾਂ ਜੂਲੀਅਨ ਨੂੰ ਪੰਜਾਬ ਵਿੱਚ ਹੋਰ ਵਿਸਥਾਰ ਲਈ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਜੂਲੀਅਨ ਨੇ ਇਸ ਪੇਸ਼ਕਸ਼ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੈਲੀਪਰਫਾਰਮੈਂਸ ਸੇਵਾਵਾਂ ਦੀਆਂ ਮੋਹਾਲੀ ਵਿੱਚ ਆਪਣੀਆਂ ਤਿੰਨ ਸਾਈਟਾਂ ਹਨ, ਜਿਨ੍ਹਾਂ ਕੋਲ ਬੀ.ਐਫ.ਐਸ., ਟਰੈਵਲ, ਈ-ਕਾਮਰਸ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸਮੇਤ ਸਾਰੇ ਉਦਯੋਗਾਂ ਦੇ ਮੋਹਰੀ ਗਾਹਕ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਸੱਚਮੁੱਚ ਭਾਰਤ ਦੇ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ ਅਤੇ ਕਿਹਾ ਕਿ ਟੈਲੀਪਰਫਾਰਮੈਂਸ ਦੁਨੀਆ ਭਰ ਦੇ 100 ਦੇਸ਼ਾਂ ਵਿੱਚ ਪੰਜ ਲੱਖ ਤੋਂ ਵੱਧ ਕਰਮਚਾਰੀਆਂ ਦੇ ਨਾਲ ਆਊਟਸੋਰਸਡ ਡਿਜੀਟਲ ਬਿਜ਼ਨਸ ਸੇਵਾਵਾਂ ਪ੍ਰਦਾਨ ਕਰਨ ਵਾਲੀ ਮੋਹਰੀ ਆਲਮੀ ਕੰਪਨੀ ਹੈ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਸੂਬੇ ਵਿੱਚ ਵਿਸਥਾਰ ਦੀਆਂ ਯੋਜਨਾਵਾਂ ਲਈ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਟੈਲੀਪਰਫਾਰਮੈਂਸ ਗਰੁੱਪ ਦਾ ਹੋਰ ਵਿਸਤਾਰ ਇੱਕ ਪਾਸੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰੇਗਾ।

ਇਸ ਦੌਰਾਨ ਡੇਨੀਅਲ ਜੂਲੀਅਨ ਨੇ ਸੂਬੇ ਵਿੱਚ ਉਨ੍ਹਾਂ ਦੇ ਉੱਦਮ ਨੂੰ ਪੂਰਾ ਸਮਰਥਨ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ 90,000 ਕਰਮਚਾਰੀਆਂ ਦੇ ਨਾਲ ਟੈਲੀਪਰਫਾਰਮੈਂਸ ਸਮੂਹ ਦੇ ਅੰਦਰ ਟੀ.ਪੀ. ਇੰਡੀਆ ਸਭ ਤੋਂ ਵੱਡੀ ਬਹੁ-ਸੱਭਿਆਚਾਰਕ ਟੀਮ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੁਨੀਆ ਭਰ ਦੇ ਵੱਖ-ਵੱਖ ਉਦਯੋਗਾਂ ਵਿੱਚ ਦੋ ਸੌ ਤੋਂ ਵੱਧ ਗਾਹਕਾਂ ਨੂੰ ਵਿਸ਼ਵ ਪੱਧਰੀ ਸੀ.ਐਕਸ. ਸੇਵਾਵਾਂ ਪ੍ਰਦਾਨ ਕਰਦੀ ਹੈ।

ਜੂਲੀਅਨ ਨੇ ਕਿਹਾ ਕਿ ਕੰਪਨੀ ਦੀ ‘ਹਾਈ-ਟੈਕ, ਹਾਈ-ਟਚ, ਹਾਈ ਸਟੈਂਡਰਡ’ ਪਹੁੰਚ ਦੁਨੀਆ ਦੇ ਪ੍ਰਮੁੱਖ ਬ੍ਰਾਂਡਾਂ ਨੂੰ ਸਹਿਜ ਗਾਹਕ ਅਨੁਭਵ, ਬੈਕ-ਆਫਿਸ ਅਤੇ ਪਰਿਵਰਤਨ ਸੇਵਾਵਾਂ ਪ੍ਰਦਾਨ ਕਰਨ ਲਈ ਸਭ ਤੋਂ ਉੱਨਤ ਡਿਜੀਟਲ ਅਤੇ ਤਕਨਾਲੋਜੀ ਹੱਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਟੈਲੀਪਰਫਾਰਮੈਂਸ ਨੇ ਵੱਡੀ ਪੱਧਰ ਉੱਤੇ ਵਿਕਾਸ ਕੀਤਾ ਹੈ, ਜਿਸ ਨਾਲ ਮੌਜੂਦਾ 16 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਗਿਣਤੀ ਵਾਲੇ ਇਸ ਖੇਤਰੀ ਪ੍ਰਤਿਭਾ ਪੂਲ ਵਿੱਚ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ।

3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ SE, Xen, DCFA ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ

 ਚੰਡੀਗੜ੍ਹ, 15 ਅਕਤੂਬਰ, : ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਲੁਧਿਆਣਾ ਵਿਖੇ ਤਾਇਨਾਤ ਸੁਪਰਡੰਟ ਇੰਜੀਨੀਅਰ ਰਾਜਿੰਦਰ ਸਿੰਘ (ਹੁਣ ਸੇਵਾਮੁਕਤ), ਕਾਰਜਕਾਰੀ ਇੰਜਨੀਅਰ (ਐਕਸੀਅਨ) ਰਣਬੀਰ ਸਿੰਘ ਅਤੇ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀ.ਸੀ.ਐਫ.ਏ.) ਪੰਕਜ ਗਰਗ ਵਿਰੁੱਧ 3,16,58,421 ਰੁਪਏ ਦੇ ਗਬਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਐਕਸੀਅਨ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਇਹ ਕੇਸ ਜਸਪਿੰਦਰ ਸਿੰਘ, ਇਲੈਕਟ੍ਰਿਕ ਪੰਪ ਡਰਾਈਵਰ, ਜ਼ੋਨ ਸੀ, ਨਗਰ ਨਿਗਮ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਨੰਬਰ 359/2023  ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸੰਚਾਲਨ ਅਤੇ ਰੱਖ-ਰਖਾਅ ਸ਼ਾਖਾ ਵਿੱਚ ਤਾਇਨਾਤ ਐਕਸੀਅਨ ਰਣਬੀਰ ਸਿੰਘ ਨੇ ਵੱਖ-ਵੱਖ ਟਿਊਬਵੈੱਲਾਂ ਸਬੰਧੀ ਕਾਰਜਾਂ ਲਈ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਅਦਾਇਗੀਆਂ ਕਰਨ ਲਈ ਐਮ.ਸੀ. ਖਾਤਿਆਂ ਵਿੱਚੋਂ ਮਈ 2021 ਤੋਂ ਸਤੰਬਰ 2022 ਤੱਕ 3,16,58,421 ਰੁਪਏ ਪੇਸ਼ਗੀ ਰਕਮ ਵਜੋਂ ਪ੍ਰਾਪਤ ਕੀਤੇ ਸਨ ਪਰ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਇਨ੍ਹਾਂ ਫੰਡਾਂ ਦਾ ਗਬਨ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੂੰ ਲੁਧਿਆਣਾ ਸ਼ਹਿਰ ਵਿੱਚ ਟਿਊਬਵੈੱਲ ਸਬੰਧੀ ਕਾਰਜਾਂ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪੇਸ਼ਗੀ ਰਕਮ ਦੇ ਭੁਗਤਾਨ ਬਾਰੇ ਕਿਸੇ ਪ੍ਰਸਤਾਵ ਜਾਂ ਮੰਗ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਮਿਲਿਆ ਪਰ ਐਕਸੀਅਨ ਰਣਬੀਰ ਸਿੰਘ ਵੱਲੋਂ ਇਹ ਫੰਡ ਪ੍ਰਾਪਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਕਿਰਿਆ ਅਨੁਸਾਰ ਸਬੰਧਤ ਜੂਨੀਅਰ ਇੰਜਨੀਅਰ (ਜੇ.ਈ.) ਜਾਂ ਉਪ ਮੰਡਲ ਅਫ਼ਸਰ (ਐਸ.ਡੀ.ਓ.) ਵੱਲੋਂ ਲੋੜੀਂਦੀ ਤਜਵੀਜ਼ ਤਿਆਰ ਕੀਤੀ ਜਾਣੀ ਬਣਦੀ ਸੀ ਅਤੇ ਇਸ ਨੂੰ ਯੋਗ ਪ੍ਰਣਾਲੀ ਰਾਹੀਂ ਸਬੰਧਤ ਐਕਸੀਅਨ ਅੱਗੇ ਪੇਸ਼ ਕੀਤਾ ਜਾਣਾ ਸੀ ਪਰ ਉਕਤ ਮੁਲਜ਼ਮਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਫੰਡਾਂ ਦੇ ਗਬਨ ਕਰਨ ਦੇ ਉਦੇਸ਼ ਨਾਲ ਅਜਿਹੀ ਕੋਈ ਪ੍ਰਕਿਰਿਆ ਅਮਲ ਵਿੱਚ ਨਹੀਂ ਲਿਆਂਦੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਐਕਸੀਅਨ ਰਣਬੀਰ ਸਿੰਘ ਨੇ ਖੁਦ ਹੀ ਫਾਈਲ ‘ਤੇ ਨੋਟਿੰਗ ਲਗਾ ਕੇ ਪੀ.ਐਸ.ਪੀ.ਸੀ.ਐਲ. ਵੱਲੋਂ ਫ਼ਰਜ਼ੀ ਮੰਗ ਪੇਸ਼ ਕੀਤੀ ਸੀ ਅਤੇ ਇਸਨੂੰ ਸੀਨੀਅਰ ਨਗਰ ਨਿਗਮ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਸੁਪਰਡੰਟ ਇੰਜੀਨੀਅਰ (ਐਸ.ਈ.) ਰਜਿੰਦਰ ਸਿੰਘ ਨੂੰ ਭੇਜ ਦਿੱਤਾ ਸੀ। ਐਸ.ਈ. ਰਜਿੰਦਰ ਸਿੰਘ ਨੇ ਪੇਸ਼ਗੀ ਰਕਮ ਦਾ ਭੁਗਤਾਨ ਪ੍ਰਾਪਤ ਕਰਨ ਸਬੰਧੀ ਫਾਈਲ ਨਾਲ ਭੇਜੇ ਦਸਤਾਵੇਜ਼ਾਂ ਦੀ ਤਸਦੀਕ ਨਹੀਂ ਕੀਤੀ ਅਤੇ ਫਾਇਲ ਨੂੰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਦੀ ਪ੍ਰਵਾਨਗੀ ਲਈ ਅੱਗੇ ਭੇਜ ਦਿੱਤਾ। ਮੁਲਜ਼ਮ ਐਕਸੀਅਨ ਅਤੇ ਐਸ.ਈ. ਨੇ ਆਪਣੇ ਵਿਭਾਗ ਦੇ ਨਿਯਮਾਂ ਤੋਂ ਜਾਣੂ ਹੋਣ ਦੇ ਬਾਵਜੂਦ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕੇਸ ਨੂੰ ਪ੍ਰਵਾਨਗੀ ਲਈ ਅੱਗੇ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ। ਇਸ ਤੋਂ ਇਲਾਵਾ, ਨਗਰ ਨਿਗਮ ਦੇ ਤਤਕਾਲੀ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਨੇ ਫਾਈਲ ਵਿਚ ਮੌਜੂਦ ਦਸਤਾਵੇਜ਼ਾਂ ਜਾਂ ਤੱਥਾਂ ਦੀ ਜਾਂਚ/ਪੜਤਾਲ ਕੀਤੇ ਬਿਨਾਂ ਇਨ੍ਹਾਂ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੀ ਮਨਜ਼ੂਰੀ ਉਪਰੰਤ ਆਰਜ਼ੀ ਪੇਸ਼ਗੀ ਰਕਮ ਦੇ ਭੁਗਤਾਨ ਦੀ ਫਾਈਲ ਸਾਲ 2021-2022 ਵਿੱਚ ਲੇਖਾ ਬ੍ਰਾਂਚ ਦੇ ਇੰਚਾਰਜ ਤਤਕਾਲੀ ਡੀ.ਸੀ.ਐਫ.ਏ. ਪੰਕਜ ਗਰਗ ਨੂੰ ਕੇਸ-ਅਧਾਰਤ ਪ੍ਰਣਾਲੀ ਰਾਹੀਂ ਜਾਰੀ ਕਰਨ ਲਈ ਭੇਜੀ ਗਈ ਸੀ ਕਿਉਂਕਿ ਪੇਸ਼ਗੀ ਰਕਮ 42 ਟਿਊਬਵੈੱਲ ਦੇ ਕਾਰਜਾਂ ਨਾਲ ਸਬੰਧਤ ਸੀ।
ਡੀ.ਸੀ.ਐਫ.ਏ. ਦਾ ਫਰਜ਼ ਪੇਸ਼ਗੀ ਸਬੰਧੀ ਅਦਾਇਗੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫਾਈਲ ਨਾਲ ਲਗਾਏ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕਰਨਾ ਸੀ ਪਰ ਉਸਨੇ ਇਸ ਸਬੰਧੀ ਕੋਈ ਇਤਰਾਜ਼ ਨਹੀਂ ਉਠਾਇਆ ਅਤੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਡੀ.ਸੀ.ਐਫ.ਏ. ਨੇ ਐਕਸੀਅਨ ਅਤੇ ਐਸ.ਈ. ਨਾਲ ਮਿਲੀਭੁਗਤ ਕਰਕੇ ਅਸਥਾਈ ਪੇਸ਼ਗੀ ਨਾਲ ਸਬੰਧਤ ਬਿੱਲ ਪਾਸ ਕੀਤੇ ਸਨ ਅਤੇ ਰਕਮ ਨਗਰ ਨਿਗਮ ਦੇ ਦੋ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਨੇ ਨਗਰ ਨਿਗਮ ਦੇ ਖਾਤਿਆਂ ਵਿੱਚੋਂ ਆਪਣੇ-ਆਪ ਨੂੰ ਚੈਕਾਂ ਰਾਹੀਂ ਵੱਖ-ਵੱਖ ਮਿਤੀਆਂ ਨੂੰ 3,16,58,421 ਰੁਪਏ ਦੀ ਰਾਸ਼ੀ ਹਾਸਲ ਕੀਤੀ ਅਤੇ ਆਪਸੀ ਮਿਲੀਭੁਗਤ ਨਾਲ ਫੰਡਾਂ ਦਾ ਗਬਨ ਕੀਤਾ।
ਜ਼ਿਕਰਯੋਗ ਹੈ ਕਿ ਜਦੋਂ ਇਸ ਸਬੰਧੀ ਤਿੰਨ ਸਾਲਾਂ ਬਾਅਦ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਤਾਂ ਐਕਸੀਅਨ ਰਣਬੀਰ ਸਿੰਘ ਨੇ ਉਕਤ ਰਾਸ਼ੀ ਐਮ.ਸੀ. ਲੁਧਿਆਣਾ ਦੇ ਖਾਤੇ ਵਿੱਚ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ 30.01.2024 ਤੋਂ 21.03.2024 ਤੱਕ ਦੋ ਮਹੀਨਿਆਂ ਵਿੱਚ 3,12,23,729 ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਉਕਤ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਵੱਲ ਆਰਜ਼ੀ ਪੇਸ਼ਗੀ ਦੇ 4,34,692 ਰੁਪਏ ਅਜੇ ਵੀ ਬਕਾਇਆ ਹਨ।
ਇਸ ਸਬੰਧੀ ਉਪਰੋਕਤ ਸਾਰੇ ਮੁਲਜ਼ਮਾਂ ਸੁਪਰਡੈਂਟ ਇੰਜੀਨੀਅਰ ਰਾਜਿੰਦਰ ਸਿੰਘ, ਐਕਸੀਅਨ ਰਣਬੀਰ ਸਿੰਘ, ਅਤੇ ਡੀ.ਸੀ.ਐਫ.ਏ. ਪੰਕਜ ਗਰਗ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ ਧਾਰਾ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466 467, 468, 471, 120-ਬੀ ਤਹਿਤ ਐਫ.ਆਈ.ਆਰ. ਨੰਬਰ 32 ਮਿਤੀ 14.10.2024 ਨੂੰ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੇਸ ਦੀ ਜਾਂਚ ਦੌਰਾਨ ਨਗਰ ਨਿਗਮ ਲੁਧਿਆਣੇ ਵਿਖੇ ਉਸ ਸਮੇਂ ਤਾਇਨਾਤ ਹੋਰ ਸ਼ੱਕੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਸ਼ੁੱਧ ਤੇ ਮਿਆਰੀ ਮਠਿਆਈਆਂ ਵੇਚਣ ਦੀਆਂ ਹਦਾਇਤਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ, : ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ ਖ਼ਾਸਕਰ ਹਲਵਾਈਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓਜ਼.) ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ। 


      ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਆਖਿਆ ਕਿ ਜੇ ਕੋਈ ਹਲਵਾਈ ਜਾਂ ਹੋਰ ਦੁਕਾਨਦਾਰ ਮਿਲਾਵਟੀ ਖਾਧ ਪਦਾਰਥ ਬਣਾਉਂਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ। ਉੁਨ੍ਹਾਂ ਇਹ ਵੀ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।

     ਡਾ. ਰੇਨੂੰ ਸਿੰਘ ਨੇ ਦਸਿਆ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਬ੍ਰਾਂਚ ਨੂੰ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿਚ ਜਾਂਚ ਤੇਜ਼ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦਿਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਜਾਂਚ ਦਾ ਮੰਤਵ ਕਿਸੇ ਦੁਕਾਨਦਾਰਾਂ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਖ਼ੁਰਾਕ ਸੁਰੱਖਿਆ ਕਾਨੂੰਨ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾ ਰਿਹਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ।

      ਸੀਨੀਅਰ ਸਿਹਤ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਜਾਂ ਫ਼ੂਡ ਸੇਫ਼ਟੀ ਵਿੰਗ ਦੇ ਕਿਸੇ ਵੀ ਅਧਿਕਾਰੀ ਦੇ ਨਾਮ ’ਤੇ ਕਿਸੇ ਕਿਸਮ ਦੀ ਰਿਸ਼ਵਤ ਜਾਂ ਪੈਸੇ ਮੰਗੇ ਜਾਣ ’ਤੇ ਤੁਰੰਤ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਵੇ ਤਾਕਿ ਅਜਿਹੇ ਮਾੜੇ ਅਨਸਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਕਿਸੇ ਵੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।


ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਡਾ. ਰੇਨੂੰ ਸਿੰਘ।

ਏ.ਡੀ.ਸੀ. ਵੱਲੋਂ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਫਰਮ ਦਾ ਲਾਇਸੰਸ ਰੱਦ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ  : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਫਰਮ ਪਲਾਟ ਨੰਬਰ ਈ.328, ਦੂਜੀ ਮੰਜ਼ਿਲ ਫੇਜ਼-8 ਏ, ਸੈਕਟਰ-75,ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਦੇ ਮਾਲਕ ਜਗਦੀਪ ਸਿੰਘ ਸੰਧੂ ਪੁੱਤਰ ਨਿਹਾਲ ਸਿੰਘ ਅਤੇ ਨਵਨੀਤ ਢਿੱਲੋਂ ਪਤਨੀ ਜਗਦੀਪ ਸਿੰਘ ਸੰਧੂ ਦੋਵੇਂ ਵਾਸੀ ਮਕਾਨ ਨੰ: 282, ਤਸਕਨ ਰੈਜੀਡੈਂਸੀ, ਟੀ.ਡੀ.ਆਈ ਸਿਟੀ, ਸੈਕਟਰ-111, ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 227/ਆਈ.ਸੀ, ਮਿਤੀ 31.10.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 30-10-2023 ਨੂੰ ਖਤਮ ਹੋ ਚੁੱਕੀ ਹੈ। 


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ, ਮੋਹਾਲੀ ਦੀ ਰਿਪੋਰਟ ਅਨੁਸਾਰ , ਦਫਤਰ ਬੰਦ ਹੋਣ ਕਰਕੇ, ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਨੂੰ ਜਾਰੀ ਲਾਇਸੰਸ ਨੰਬਰ 227/ਆਈ.ਸੀ. ਮਿਤੀ 31.20.2018  ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/

ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ  ਜਿੰਮੇਵਾਰ ਹੋਣਗੇ।

ਸ਼ੈਮਰਾਕ ਸਕੂਲ ਵੱਲੋਂ ਦੋ ਦਿਨਾਂ ਰਾਜ ਪੱਧਰ ਦੇ ਇੰਟਰ ਸਕੂਲ ਈਵੈਂਟ ਬਿਜ਼ਨਸ ਮੁਕਾਬਲੇ ਕਰਵਾਏ ਗਏ

ਉੱਤਰੀ ਭਾਰਤ ਦੇ ਵੱਖ-ਵੱਖ ਸਕੂਲਾਂ ਤੋਂ 410 ਵਿਦਿਆਰਥੀਆਂ ਨੇ ਭਾਗ ਲਿਆ

ਮੋਹਾਲੀ, 15 ਅਕਤੂਬਰ : ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਵਿਦਿਆਰਥੀਆਂ ਦੇ ਵਪਾਰਕ ਹੁਨਰ ਨੂੰ ਨਿਖਾਰਨ ਲਈ ਦੋ ਦਿਨਾਂ ਰਾਜ ਪੱਧਰ ਦੇ ਇੰਟਰ ਸਕੂਲ ਈਵੈਂਟ ਬਿਜ਼ਨਸ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ 410 ਵਿਦਿਆਰਥੀਆਂ ਨੇ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਦਾ ਮੁੱਖ ਮੰਤਵ ਭਵਿੱਖ ਦੇ ਉੱਦਮੀਆਂ ਨੂੰ ਐਕਸਪੋਜਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਉੱਜਵਲ ਅਤੇ ਸਫਲ ਭਵਿੱਖ ਲਈ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਲਈ ਕੀਤਾ ਗਿਆ ਸੀ। ਜਿਊਰੀ ਮੈਂਬਰਾਂ ਆਪੋ-ਆਪਣੇ ਖੇਤਰ ਵਿਚ ਪ੍ਰਸਿੱਧੀ ਅਤੇ ਮੁਹਾਰਤ ਵਾਲੇ ਪੇਸ਼ੇਵਾਰ ਅਤੇ ਸਿੱਖਿਅਕ ਸਨ।

ਇਸ ਈਵੈਂਟ ਨੇ ਭਵਿੱਖ ਦੇ ਉੱਦਮੀਆਂ ਨੂੰ ਐਕਸਪੋਜਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਇੱਕ ਉੱਜਵਲ ਅਤੇ ਸਫਲ ਭਵਿੱਖ ਲਈ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ। ਸਟੇਜ ਨੇ ਨੌਜਵਾਨ ਦਿਮਾਗਾਂ ਦੀ ਸਿਰਜਣਾਤਮਿਕ ਸੂਝ-ਬੂਝ ਨੂੰ ਇਕੱਠਾ ਕੀਤਾ ਜਿਨ੍ਹਾਂ ਨੇ ਆਪਣੀ ਨਵੀਨਤਾ ਕਾਰੀ, ਉੱਦਮੀ ਸਮਰੱਥਾ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਵਪਾਰਕ ਭਾਵਨਾ, ਰਚਨਾਤਮਿਕਤਾ, ਭਾਸ਼ਣ ਕਲਾ ਅਤੇ ਰਵੱਈਏ ਦੀ ਪਰਖ ਕੀਤੀ।
ਅਖੀਰ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਡਿਬੇਟ ਵਿਚ ਸ਼ਿਵਾਲਿਕ ਸਕੂਲ ਸੈਕਟਰ-41 ਦੀ ਆਸ਼ਿਮਾ ਕਪੂਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੈਕਰਡ ਹਾਰਟ ਸਕੂਲ ਦੀ ਦਿਵਸ਼ੀ ਅਤੇ ਜੰਨਤ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੁਆਡ ਸਪਟੈਟ ਮੁਕਾਬਲੇ ਵਿਚ ਸ਼ੈਮਰਾਕ ਸਕੂਲ ਦੀ ਰਵਾਸਵੀ ਸ਼ਰਮਾ ਪਹਿਲੇ ਸਥਾਨ 'ਤੇ ਰਹੀ। ਬੀ ਸੀ ਐਮ ਆਰੀਆ ਸਕੂਲ ਲੁਧਿਆਣਾ ਦੀ ਇਸ਼ਮੀਤ ਕੌਰ ਅਤੇ ਰੋਹਨ ਅਰੋੜਾ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸੇ ਤਰਾਂ ਟਰੇਡ ਜਿਮਮਿਕ ਮੁਕਾਬਲੇ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੇ ਗਿਮਿਕ ਨੇ ਪਹਿਲਾ ਸਥਾਨ ਹਾਸਲ ਕੀਤਾ।ਜਦ ਕਿ ਸੀ ਵੀ, ਜੀ ਡੀ ਅਤੇ ਕਾਰਪੋਰੇਟ ਇੰਟਰਵਿਊ ਵਿਚ ਸਿਮਰਜੋਤ ਪਹਿਲੇ ਸਥਾਨ 'ਤੇ ਰਹੀ। ਬਰਾਂਡ ਟੋਸਟਿੰਗ ਦ ਮਿਲੇਨੀਅਮ ਸਕੂਲ ਵਿਚ ਮੁਹਾਲੀ ਦੀ ਟੀਮ ਜੇਤੂ ਰਹੀ।
ਸਕੂਲ ਦੇ ਐਮ ਡੀ ਕਰਨ ਬਾਜਵਾ ਅਤੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ । ਅਖੀਰ ਵਿਚ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਬਾਜਵਾ ਨੇ ਜੱਜਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।

ਵਿਦਿਆਰਥੀਆਂ ਲਈ ਕੌਮਾਂਤਰੀ ਸਿੱਖਿਆਂ ਲਈ ਅਕੈਡਮਿਕ,ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿਚ ਸਮਝੌਤਾ

ਝੰਜੇੜੀ ਕੈਂਪਸ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਅਕਾਦਮਿਕ ਉੱਤਮਤਾ ਲਈ ਕਰਾਰ

ਮੋਹਾਲੀ, 15 ਅਕਤੂਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੇ ਅਮਰੀਕਾ ਦੀ ਸੈਨ ਜੋਸ ਸਟੇਟ ਯੂਨੀਵਰਸਿਟੀ ਨਾਲ ਇੱਕ ਨਵੀਂ ਸਥਾਪਿਤ ਭਾਈਵਾਲੀ ਰਾਹੀਂ ਗਲੋਬਲ ਅਕਾਦਮਿਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਹ ਸਹਿਯੋਗ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਲਈ ਉੱਚ-ਗੁਣਵੱਤਾ ਵਾਲੀ ਸਿੱਖਿਆ ਹਾਸਿਲ ਕਰਦੇ ਹੋਏ ਕੌਮਾਂਤਰੀ ਐਕਸਪੋਜਰ ਹਾਸਲ ਕਰਨ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ।ਆਪਣੀ ਸੰਯੁਕਤ ਰਾਜ ਫੇਰੀ ਦੌਰਾਨ, ਸੀ ਜੀ ਸੀ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਸੈਨ ਜੋਸ ਸਟੇਟ ਯੂਨੀਵਰਸਿਟੀ ਦੇ ਵਾਈਸ ਪ੍ਰੋਵੋਸਟ ਰੋਨਾਲਡ ਰੋਜਰਸ ਦੇ ਨਾਲ ਇਸ ਐਮ ਓ ਯੂ 'ਤੇ ਹਸਤਾਖ਼ਰ ਕੀਤੇ।ਇਹ ਸਾਂਝੀਦਾਰੀ ਗਲੋਬਲ ਐਕਸਚੇਂਜ ਪ੍ਰੋਗਰਾਮਾਂ ਸਮੇਤ ਵਿਦਿਆਰਥੀਆਂ ਲਈ ਕੌਮਾਂਤਰੀ ਸਿੱਖਿਆਂ ਲਈ ਅਕੈਡਮਿਕ,ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿਚ ਨਵੇਂ ਰਸਤੇ ਪ੍ਰਦਾਨ ਕਰੇਗੀ।


ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਭਾਰਤ ਅਤੇ ਅਮਰੀਕਾ ਦੇ ਬਿਹਤਰੀਨ ਸੰਬੰਧਾਂ ਦੇ ਚੱਲਦਿਆਂ ਅੱਜ ਭਾਰਤੀ ਵਿਦਿਆਰਥੀਆਂ ਲਈ ਕੌਮਾਂਤਰੀ ਸਿੱਖਿਆਂ ਦੇ ਨਵੇਂ ਦਰਵਾਜੇ ਖੁਲੇ ਹਨ। ਉਨ੍ਹਾਂ ਦੱਸਿਆਂ ਕਿ ਇਸ ਸਮਝੌਤੇ ਰਾਹੀ  ਦੋਹਰੀ ਡਿਗਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਡਿਗਰੀਆਂ ਨਾਲ ਗ੍ਰੈਜੂਏਟ ਕਰਨ ਦੇ ਯੋਗ ਬਣਾ ਕੇ ਉਨ੍ਹਾਂ ਦੇ ਕੌਮਾਂਤਰੀ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ।ਅਰਸ਼ ਧਾਲੀਵਾਲ ਨੇ ਇਸ ਗੱਠਜੋੜ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਲਈ ਪ੍ਰਮੁੱਖ ਯੂਐਸ ਕੰਪਨੀਆਂ ਦੇ ਨਾਲ ਉਦਯੋਗਿਕ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਦਾ ਹੈ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਐਮ ੳ ਯੂ ਤੇ ਖ਼ੁਸ਼ੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਐਮ ਡੀ ਅਰਸ਼ ਧਾਲੀਵਾਲ ਦੀ ਅਗਵਾਈ ਵਿਚ ਝੰਜੇੜੀ ਕੈਂਪਸ ਨੇ ਥੋੜੇ ਜਿਹੇ ਸਮੇਂ ਵਿਚ ਹੀ ਨਵੀਆਂ ਉਚਾਈਆਂ  ਨੂੰ ਛੂਹਿਆਂ ਹੈ।ਉਨ੍ਹਾਂ ਦੱਸਿਆਂ ਕਿ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਦਾ ਉਪਰਾਲਾ ਭਾਰਤੀ ਨੌਜਵਾਨਾਂ ਨੂੰ ਕੌਮਾਂਤਰੀ ਸਿੱਖਿਆਂ ਝੰਜੇੜੀ ਕੈਂਪਸ ਵਿਚ ਹੀ ਮੁਹਾਈਆਂ  ਕਰਾਉਂਦੇ ਹੋਏ ਉਨ੍ਹਾਂ ਲਈ ਕੌਮਾਂਤਰੀ ਨੌਕਰੀਆਂ ਦੇ ਕਾਬਿਲ ਬਣਾਉਣਾ ਹੈ। ਇਸ ਉਪਰਾਲੇ ਲਈ ਝੰਜੇੜੀ ਕੈਂਪਸ ਲਗਾਤਾਰ ਕੌਮਾਂਤਰੀ ਯੂਨੀਵਰਸਿਟੀਆਂ ਅਤੇ ਕੌਮਾਂਤਰੀ ਕੰਪਨੀਆਂ ਨਾਲ ਸਮਝੌਤੇ ਸਹਿ ਬੰਦ ਕਰ ਰਿਹਾ ਹੈ।

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਸਾਲਾਨਾ ਗੁਰਮਤਿ ਸਮਾਗਮ ਮਿੱਠੀਆਂ ਯਾਦਾਂ ਨਾਲ ਸਮਾਪਤ ਹੋਇਆ

ਮੋਹਾਲੀ, 15 ਅਕਤੂਬਰ : ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਗ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ  ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ  ਸੰਗਤਾਂ ਨੇ ਜੁੜਦੇ ਹੋਏ ਸ਼ਾਮ ਪੰਜੇ ਵਜੇ ਸ਼ੁਰੂ ਹੋ ਕੇ ਰਾਤ ਗਿਆਰਾਂ ਵਜੇ ਤਕ ਗੁਰਬਾਣੀ ਦਾ ਸਰਵਣ ਕੀਤਾ। ਇਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ। 


 ਇਸ ਦੌਰਾਨ ਤਿੰਨੇ ਦਿਨ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਹੋਏ ੇ ਭੈਣ ਰਵਿੰਦਰ ਕੌਰ ਵੱਲੋਂ ਗੁਰ ਕੀ ਗੁਰਬਾਣੀ ਦਾ ਸਿਮਰਨ ਕੀਤਾ। ਜਦ ਕਿ ਅਖੀਰੀ ਦਿਨ ਦੇ ਦੀਵਾਨ ਵਿਚ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਖੰਨਾ ਵਾਲੇ, ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪ੍ਰਦੀਪ ਸਿੰਘ, ਭਾਈ ਸਰਬਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ।  ਇਸ ਦੇ  ਨਾਲ ਹੀ ਇਨ੍ਹਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਫਤਿਹ ਟੀ ਵੀ ਚੈਨਲ, ਸੰਗਤ ਟੀ ਵੀ ਅਤੇ ਯੂ ਟਿਊਬ ਤੇ ਬਾਣੀ ਡੋਟ ਨੈੱਟ ਤੇ ਕੀਤਾ  ਗਿਆ।  ਜਿਸ ਨਾਲ ਦੇਸ਼ ਵਿਦੇਸ਼ ਦੂਰ ਥਾਵਾਂ ਤੇ ਸੰਗਤ ਨੇ ਵੀ  ਗੁਰੁ ਕੀ ਇਲਾਹੀ ਬਾਣੀ ਦਾ ਅਨੰਦ ਮਾਣਿਆ।  
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ' ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਭਾਈ ਜਸਬੀਰ ਸਿੰਘ ਖ਼ਾਲਸਾ ਜੀ ਦੀ ਯਾਦ ਵਿਚ ਲੋੜਵੰਦਾਂ ਲਈ ਫ਼ਰੀ ਮੈਮੋਗਰਾਫੀ ਅਤੇ ਖ਼ੂਨਦਾਨ ਕੈਂਪ ਵੀ ਲਗਾਇਆਂ ਗਿਆ। ਇਸ ਸਮਾਗਮ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚਲਾਇਆਂ ਗਿਆ।

ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਜਪਾ ਦੀ ਸੋਚੀ ਸਮਝੀ ਚਾਲ ਹੈ ਗੋਦਾਮਾਂ ਦਾ ਖਾਲੀ ਨਾ ਹੋਣਾ - ਟੀਨੂੰ

ਚੰਡੀਗੜ੍ਹ, 14 ਅਕਤੂਬਰ : ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ।  ‘ਆਪ’ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੇਂਦਰ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਗੁਦਾਮ ਖਾਲੀ ਨਹੀਂ ਕਰਵਾਏ।


ਪਵਨ ਟੀਨੂੰ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸਵਾਲ ਕੀਤਾ ਕਿ ਇਸ ਵਾਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਵਾਰ ਤਾਂ ਅਨਾਜ ਨਹੀਂ ਆਇਆ, ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਜਗ੍ਹਾ ਖਾਲੀ ਕਿਉਂ ਨਹੀਂ ਕਰਵਾਈ?  ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਹਫੜਾ-ਦਫੜੀ ਮਚਾ ਕੇ ਅਤੇ ਮਾਹੌਲ ਖਰਾਬ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ।  ਇਸ ਦੇ ਲਈ ਪੰਜਾਬ ਸਰਕਾਰ ਐਫਸੀਆਈ ਅਤੇ ਕੇਂਦਰ ਸਰਕਾਰ ਨੂੰ ਲਗਾਤਾਰ ਪੱਤਰ ਲਿਖ ਰਹੀ ਸੀ।  ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਪਰ ਜਾਣਬੁੱਝ ਕੇ ਦੇਰੀ ਕੀਤੀ ਗਈ

ਟੀਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਹੈ ਅਤੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਹੈ। ਪੰਜਾਬ ਦੇ ਕਿਸਾਨਾਂ ਕਾਰਨ ਦੇਸ਼ ਵਿੱਚ ਲਗਭਗ ਛੇ ਦਹਾਕਿਆਂ ਤੋਂ ਅਨਾਜ ਦੀ ਕੋਈ ਕਮੀ ਨਹੀਂ ਹੋਈ।  ਇਸ ਦੇ ਲਈ ਸਾਡੇ ਕਿਸਾਨਾਂ ਨੇ ਆਪਣਾ ਪਾਣੀ ਖਤਮ ਕਰ ਦਿੱਤਾ।  ਫਿਰ ਵੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।  ਇਹ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਦਾ ਮਤਲਬ ਇੱਥੋਂ ਦੀ ਸਮੁੱਚੀ ਆਰਥਿਕਤਾ ਦਾ ਹਿੱਲਣਾ ਹੈ। ਇੱਥੋਂ ਦਾ ਸਿਸਟਮ ਖੇਤੀ 'ਤੇ ਨਿਰਭਰ ਹੈ। ਇਹ ਜਾਣਦੇ ਹੋਏ ਕੇਂਦਰ ਸਰਕਾਰ ਅਜਿਹਾ ਕੰਮ ਕਰ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਜਾਣਬੁੱਝ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਐਫਸੀਆਈ ਦੇ ਗੁਦਾਮਾਂ ਵਿੱਚੋਂ ਅਨਾਜ ਖਾਲੀ ਨਹੀਂ ਕਰਾਇਆ।  ਉਹ ਦਿੱਲੀ ਅਤੇ ਪੰਜਾਬ ਦੀ 'ਆਪ' ਸਰਕਾਰ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ

ਭਾਜਪਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਮਿਲਣ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। ਝੋਨੇ ਦੀ ਖਰੀਦ ਵਿੱਚ ਦੇਰੀ ਵੀ ਜਾਣਬੁੱਝ ਕੇ ਇਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।

ਟੀਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ 31 ਮਾਰਚ, 2025 ਤੱਕ 120 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ ਸਪੇਸ ਉਪਲਬਧ ਕਰਵਾਈ ਜਾਵੇਗੀ ਅਤੇ ਕੇਂਦਰ  ਆਵਾਜਾਈ ਦਾ ਖਰਚਾ ਚੁੱਕਣ ਲਈ ਵੀ ਤਿਆਰ ਹੈ।  ਜਿਹੜਾ ਝੋਨਾ ਸੁਖ ਜਾਂਦਾ ਹੈ ਅਤੇ ਜਿਸ ਨੂੰ ਬਿਨਾਂ ਕਿਸੇ ਮੀਟਿੰਗ ਅਤੇ ਸਲਾਹ-ਮਸ਼ਵਰੇ ਦੇ 1 ਫੀਸਦੀ ਤੋਂ ਘਟਾ ਕੇ ਅੱਧਾ ਫੀਸਦੀ ਕਰ ਦਿੱਤਾ ਗਿਆ ਸੀ ਤੇ ਵੀ ਕੇਂਦਰ ਸਰਕਾਰ ਵਿਚਾਰ ਕਰੇਗੀ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਕਿਹਾ ਕਿ ਅਸੀਂ ਇੱਕ ਹੋਰ ਫਸਲ ਉਗਾਉਣ ਲਈ ਤਿਆਰ ਹਾਂ ਪਰ ਕੇਂਦਰ ਸਰਕਾਰ ਇਸ ਦੀ ਖਰੀਦ ਦੀ ਗਰੰਟੀ ਲਵੇ।

ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ

ਚੰਡੀਗੜ੍ਹ, 14 ਅਕਤੂਬਰ :  ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ।


 ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਹਾਈਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ "ਮਾਨਯੋਗ ਹਾਈ ਕੋਰਟ ਦਾ ਧੰਨਵਾਦ... ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ ਹੋ ਚੁੱਕਿਆ ਹੈ.. ਕੱਲ੍ਹ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ, ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕੱਲ੍ਹ 15 ਅਕਤੂਬਰ ਨੂੰ ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਵੋਟਾਂ ਪਾਓ ਤੇ ਆਪਣੇ ਆਪਣੇ ਪਿੰਡਾਂ ਦੇ ਚੰਗੇ ਨੁਮਾਇੰਦੇ ਚੁਣੋ ਜੋ ਪਿੰਡਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ...ਪੰਚਾਇਤੀ ਚੋਣਾਂ ਵਾਸਤੇ ਜਿੰਨੇ ਵੀ ਉਮੀਦਵਾਰ ਮੈਂਬਰ ਜਾਂ ਸਰਪੰਚ ਚੋਣਾਂ ਲੜ ਰਹੇ ਨੇ ਸਭ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ"।

ਆਪ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ 'ਤੇ ਕਰਾਰੀ ਚਪੇੜ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਰਤਾਂਤ ਫੈਲਾ ਰਹੇ ਹਨ ਅਤੇ ਸਾਡੇ 'ਤੇ ਝੂਠੇ ਦੋਸ਼ ਲਗਾ ਰਹੇ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ‘ਦਬਾਅ ਦੀ ਰਾਜਨੀਤੀ’ ਖੇਡ ਰਹੀ ਸੀ, ਪਰ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ।  ਹੁਣ ਪੰਜਾਬ ਦੇ ਲੋਕ ਕਾਂਗਰਸ ਨੂੰ ਵੀ ਨਕਾਰ ਦੇਣਗੇ।

 ਗਰਗ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਸਿਆਸਤ ਤੋਂ ਪ੍ਰੇਰਿਤ ਸਨ ਅਤੇ ਇਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਅਤੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਸੀ ਪਰ ਹਾਈ ਕੋਰਟ ਨੇ ਇਨ੍ਹਾਂ ਨੂੰ ਸਬਕ ਸਿਖਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਹੱਕ ਵਿੱਚ ਰਹੀ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਨਾਲ ਸਰਕਾਰ ਅਤੇ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਚੋਣ ਪ੍ਰਕਿਰਿਆ ਵਿਚ ਕੋਈ ਦਖਲਅੰਦਾਜ਼ੀ ਹੈ।

ਨੀਲ ਗਰਗ ਨੇ ਮਨਪ੍ਰੀਤ ਬਾਦਲ ਅਤੇ ਰਾਜਾ ਵਡਿੰਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਾਂਗਰਸ ਵਾਲੇ ਸਾਡੇ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੇ ਹਨ ਜਦਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਰਾਜਾ ਵਡਿੰਗ ਨੇ ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਦੇ ਕਰੀਬੀ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਪੁੱਤ ਅਤੇ ਪਤਨੀ ਨੂੰ ਨਾਮਜ਼ਦਗੀ ਰੱਦ ਕਰਨ ਲਈ ਮਜਬੂਰ ਕੀਤਾ।

ਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ - ਮਲਵਿੰਦਰ ਕੰਗ

ਚੰਡੀਗੜ੍ਹ, 14 ਅਕਤੂਬਰ : ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪੰਚਾਇਤੀ ਚੋਣਾਂ ਰੱਦ ਕਰਨ ਦੇ ਬਿਆਨ ’ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।  ‘ਆਪ’ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦੇ ਡਰੋਂ ਚੋਣਾਂ ਰੱਦ ਕਰਨ ਦੀ ਗੱਲ ਕਰ ਰਹੇ ਹਨ।


 ਕੰਗ ਨੇ ਕਿਹਾ ਕਿ ਕਾਂਗਰਸ ਬੌਖਲਾਈ ਹੋਈ ਹੈ।  ਇਹ ਲੋਕ ਸਾਡੇ ਨੇਤਾਵਾਂ ਅਤੇ ਉਮੀਦਵਾਰਾਂ 'ਤੇ ਗੋਲੀਆਂ ਚਲਾ ਰਹੇ ਹਨ ਅਤੇ ਸਾਡੇ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਰਹੇ ਹਨ।  ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਵੱਲੋਂ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ।

ਉਨ੍ਹਾਂ ਕਿਹਾ ਕਿ ਕਾਂਗਰਸ ਇਸ ਚੋਣ ਵਿੱਚ ਕਾਫੀ ਪਿੱਛੇ ਹੈ।  ਪਿੰਡਾਂ ਦੇ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਪੁਛ ਨਹੀਂ  ਰਹੇ ਕਿਉਂਕਿ ਉਹ ਇਨ੍ਹਾਂ ਲੋਕਾਂ ਦੀ ਹਰਕਤਾਂ ਦੇਖ ਚੁੱਕੇ ਹਨ।  ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਸਰਪੰਚ ਬਣਾਉਣ ਦਾ ਫੈਸਲਾ ਕੀਤਾ ਹੈ।  ਲੋਕ ਮਾਨ ਸਰਕਾਰ ਦਾ ਸਾਥ ਦੇ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਜਿਸ ਕਾਰਨ ਅਕਾਲੀ ਦਲ ਅਤੇ ਕਾਂਗਰਸੀ ਆਗੂ ਘਬਰਾਏ ਹੋਏ ਹਨ

 ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਪੰਚਾਇਤਾਂ ਵੇਚੀਆਂ ਜਾਂਦੀਆਂ ਸੀ ਅਤੇ ਚੋਣਾਂ ਵਿੱਚ ਵੱਡੇ ਪੱਧਰ ’ਤੇ ਗੁੰਡਾਗਰਦੀ ਹੰਦੀ ਸੀ।  ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕਲਚਰ ਨੂੰ ਖਤਮ ਕਰਕੇ ਚੋਣਾਂ ਨੂੰ ਹੋਰ ਪਾਰਦਰਸ਼ੀ ਬਣਾਇਆ ਹੈ।  ਇਸ ਲਈ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਸਰਪੰਚ ਪਿੰਡ ਦਾ ਹੀ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਦਾ।  ਇਸ ਗੱਲ ਤੋਂ ਕਾਂਗਰਸੀ ਅਤੇ ਅਕਾਲੀ ਆਗੂ ਖਿੱਝੇ ਹੋਏ ਹਨ ਅਤੇ ਪ੍ਰਤਾਪ ਬਾਜਵਾ ਨੇ ਇਹ ਸਾਬਤ ਕਰ ਦਿੱਤਾ ਹੈ।


ਭਗਵੰਤ ਮਾਨ ਸਰਕਾਰ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ: ਅਨਮੋਲ ਗਗਨ ਮਾਨ

ਐਸ.ਏ.ਐਸ.ਨਗਰ, 14 ਅਕਤੂਬਰ, : ਖਰੜ ਵਾਸੀਆਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਵਿੱਚ ਇੱਕ ਹੋਰ ਪੁਲਾਂਘ ਪੁੱਟਦੇ ਹੋਏ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ।




      ਸੰਨੀ ਐਨਕਲੇਵ ਵਿਖੇ 66 ਕੇ.ਵੀ. ਦੇ ਵਧੀ ਹੋਈ ਸਮਰਥਾ ਵਾਲੇ ਗਰਿੱਡ ਦਾ ਉਦਘਾਟਨ ਕਰਦੇ ਹੋਏ, ਜਿਸ ਦੇ 40 ਐਮ.ਵੀ.ਏ. ਦੇ ਟਰਾਂਸਫਾਰਮਰਾਂ ਨੂੰ 63 ਐਮ.ਵੀ.ਏ. ਦੀ ਸਮਰੱਥਾ ਨਾਲ ਬਦਲਿਆ ਗਿਆ ਹੈ, ਵਿਧਾਇਕ ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਖਰੜ ਸ਼ਹਿਰ ਨਿਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ 30 ਕਰੋੜ ਰੁਪਏ ਦੇ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ੁਰੂ ਕੀਤੇ ਹਨ। ਇਹ ਗ੍ਰਿਡ ਪ੍ਰੋਜੈਕਟ 7.6 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਵਧੀ ਹੋਈ ਸਮਰੱਥਾ ਖਪਤਕਾਰਾਂ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਸਪਲਾਈ ਦੀ ਵਧਦੀ ਮੰਗ ਨੂੰ ਪੂਰਾ ਕਰੇਗੀ। 

      ਇਸ ਤੋਂ ਇਲਾਵਾ, ਮੌਜੂਦਾ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਹਰ ਕਲੋਨੀ ਵਿੱਚ 2-3 ਵਾਧੂ ਟ੍ਰਾਂਸਫਾਰਮਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 20 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖਰੜ ਵਿੱਚ ਵੱਧ ਰਹੇ ਸ਼ਹਿਰੀਕਰਨ ਨੇ ਬਿਜਲੀ ਦੀ ਖਪਤ ਵਿੱਚ ਵਾਧਾ ਕੀਤਾ ਹੈ ਅਤੇ ਇਸ ਲਈ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਲੋੜ ਹੈ। 

     ਵਿਧਾਇਕ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਛੱਜੂ ਮਾਜਰਾ ਖੇਤਰ ਵਿੱਚ 66 ਕੇਵੀ ਦਾ ਨਵਾਂ ਗਰਿੱਡ ਬਣਾਉਣ ਦੀ ਤਜਵੀਜ਼ ਹੈ ਜੋ ਅਗਲੇ ਕੁਝ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ। ਇਸੇ ਤਰ੍ਹਾਂ ਮੋਹਾਲੀ ਤੋਂ 66 ਕੇਵੀ ਸੰਨੀ ਐਨਕਲੇਵ ਤੱਕ 66 ਕੇਵੀ ਲਾਈਨ ਨੂੰ ਵੀ ਵਧੀ ਹੋਈ ਸਮਰੱਥਾ ਨਾਲ ਬਦਲਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗਰਿੱਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ 220 ਕੇਵੀ ਗਰਿੱਡ ਖਰੜ ਵਿਖੇ ਦੋ ਨਵੇਂ ਟਰਾਂਸਫਾਰਮਰ ਵੀ ਲਗਾਏ ਗਏ ਹਨ। ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਹ ਕੰਮ 4 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

       ਉਨ੍ਹਾਂ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਖਰੜ ਸ਼ਹਿਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਲਗਭਗ 30 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਵਸਨੀਕਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ 30-40 ਕਰੋੜ ਰੁਪਏ ਹੋਰ ਖਰਚਣ ਦੀ ਤਜਵੀਜ਼ ਹੈ, ਜਿਸ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾਜਾਵੇਗਾ ​​ਅਤੇ ਸੁਧਾਰਿਆ ਜਾਵੇਗਾ।

ਏ.ਡੀ.ਸੀ. ਵੱਲੋਂ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਲੋਬਲ ਕੰਸਲਟੈਂਟਸ ਫਰਮ ,ਐਸ.ਸੀ.ਓ. ਨੰਬਰ:63, ਦੂਜੀ ਮੰਜ਼ਿਲ ਸੈਕਟਰ 82, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀਮਤੀ ਪਵਨੀਤ ਕੌਰ ਪੁੱਤਰੀ ਤਰਲੋਚਨ ਸਿੰਘ ਪਤਨੀ ਚਰਨਪਾਲ ਸਿੰਘ ਵਾਸੀ ਮਕਾਨ ਨੰ:692, ਐਚ.ਜੇ. ਬਲਾਕ ਬੀਹਾਇੰਡ ਵੈਸਟਐਂਡ ਮਾਲ, ਬੀ.ਆਰ.ਐਸ. ਨਗਰ (Behind Westend Mall, B.R.S. Nagar) ਲੁਧਿਆਣਾ ਅਤੇ ਮਾਲਕ ਪਰਵਾਰ ਨਿਸ਼ਾਨ ਸਿੰਘ ਪੁੱਤਰ ਸ੍ਰੀ ਸਰਬਜੀਤ ਸਿੰਘ, ਵਾਸੀ ਮਕਾਨ ਨੰ. 3002-ਏ., ਸੈਕਟਰ-39-ਡੀ., ਚੰਡੀਗੜ੍ਹ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸੀਚਿਊਟ ਆਫ ਆਈਲੈਟਸ ਦੇ ਕੰਮ ਲਈ ਲਾਇਸੰਸ ਨੰ: 286/ਆਈ.ਸੀ, ਮਿਤੀ 25.03.2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 24-03-2024 ਨੂੰ ਖਤਮ ਹੋ ਚੁੱਕੀ ਹੈ। 


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ, ਮੋਹਾਲੀ ਦੀ ਰਿਪੋਰਟ ਅਨੁਸਾਰ ਇਸ ਪਤੇ ਤੇ ਕੋਈ ਵੀ ਦਫਤਰ ਅਤੇ ਇਸ ਨਾਮ ਦਾ ਪ੍ਰਾਰਥੀ ਨਾ ਹੋਣ ਕਰਕੇ, ਦਫਤਰ ਬੰਦ ਹੋਣ ਕਰਕੇ, ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਗਲੋਬਲ ਕੰਸਲਟੈਂਟਸ ਨੂੰ ਜਾਰੀ ਲਾਇਸੰਸ ਨੰਬਰ 286/ਆਈ.ਸੀ. ਮਿਤੀ 25.03.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/

ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਡੀਐਸਪੀ ਕਰਨੈਲ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਵਿਚਾਰ ਚਰਚਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐਸਏਐਸ ਨਗਰ ਆਈਪੀਐਸ ਦੀਪਕ ਪਾਰਿਕ ਦੇ ਦਿਸ਼ਾ- ਨਿਰਦੇਸ਼ਾਂ ਹੇਠ  ਪੁਲਿਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਟਰੈਫਿਕ ਕਰਨੈਲ ਸਿੰਘ ਦੀ ਅਗੁਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਦਰੀਨਰਾਇਣ ਮੰਦਿਰ ਫੇਸ-11, ਇਮਾਰ  ਹਿਲਸ ਮੋਹਾਲੀ ਸੈਕਟਰ 105 ਅਤੇ ਸੈਕਟਰ 80 ਦੇ ਵਸਨੀਕਾ , ਸੁਸਾਇਟੀਆਂ, ਨਗਰ ਵਾਸੀਆਂ ਤੇ ਸੈਕਟਰਾ ਵਿਚ ਜਾ ਕੇ ਜਨਤਕ ਮੀਟਿੰਗ ਕੀਤੀਆਂ ਗਈਆਂ।


 ਇਸ ਮੌਕੇ ਡੀਐਸਪੀ ਕਰਨੈਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਜਾਂ ਸਮੱਸਿਆ ਆਉਂਦੀ ਹੈ ਜਾਂ ਉਨ੍ਹਾਂ ਨੂੰ ਕੋਈ ਸ਼ਰਾਰਤੀ ਅਨਸਰ ਦਿਖਦਾ ਹੈ ਤਾਂ ਉਹ ਬਿਨਾਂ ਕਿਸੇ ਝਿੱਜਕ ਦੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਵੇ। ਪੁਲਿਸ ਵੱਲੋਂ ਜਨਤਾ ਦੀ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਮੀਟਿੰਗ ਦੌਰਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਪੁਰਜ਼ੋਰ ਸਮਰਥਨ ਪੁਲਿਸ ਨਾਲ ਹੈ। ਅਸੀਂ ਪੁਲਿਸ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਬਹੁਤ ਸ਼ੁਕਰਗੁਜਾਰ ਹਾਂ। ਅਜਿਹੇ ਉਪਰਾਲਿਆ ਨਾਲ ਅਪਰਾਧਿਕ ਗਤੀਵਿਧੀਆ ਤੇ ਨੱਥ ਪਵੇਗੀ ਤੇ ਆਉਣ ਵਾਲੇ ਸਮੇਂ ਵਿਚ ਅਣਸੁਖਾਵੀ ਘਟਨਾ ਵੀ ਨਹੀਂ ਵਾਪਰੇਗੀ। ਡੀਐਸਪੀ ਕਰਨੈਲ ਸਿੰਘ ਨੇ ਭਰੋਸਾ ਦਿੱਤਾ ਕਿ ਇਹ ਮੁਹਿੰਮ ਆਉਣ ਵਾਲੇ ਭਵਿੱਖ ਵਿਚ ਵੀ ਜਾਰੀ ਰਹੇਗੀ।


Wikipedia

Search results

Powered By Blogger