SBP GROUP

SBP GROUP

Search This Blog

Total Pageviews

Thursday, January 16, 2025

ਜ਼ਿਲ੍ਹੇ ਵਿੱਚ 115492 ਲੋਕਾਂ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 72.43 ਕਰੋੜ ਰੁਪਏ ਦੇ ਕੈਸ਼ਲੈਸ ਇਲਾਜ ਦਾ ਲਿਆ ਲਾਭ

ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ : ਡਾ. ਪਰਵਿੰਦਰਪਾਲ ਕੌਰ

ਐੱਸ.ਏ.ਐੱਸ ਨਗਰ,  16 ਜਨਵਰੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਤੱਕ 115492 ਲੋਕਾਂ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 72,43,42,192  ਰੁਪਏ ਦੇ ਕੈਸ਼ਲੈਸ ਇਲਾਜ ਦਾ ਲਾਭ ਲਿਆ ਹੈ।

    ਇਹ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਜ਼ਿਲ੍ਹਾ ਨੋਡਲ ਅਫ਼ਸਰ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਤਹਿਤ 23117 ਮਰੀਜ਼ਾਂ ਨੂੰ 21,14,54,800 ਰੁਪਏ ਦੇ ਕੈਸ਼ਲੈਸ ਇਲਾਜ ਦੀ ਮਨਜੂਰੀ ਦਿੱਤੀ ਗਈ, ਜਿਸ ਵਿਚੋਂ 17,99,91,181 ਰੁਪਏ ਦੇ ਕਲੇਮ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।


    ਇਸੇ ਤਰ੍ਹਾਂ ਇਸ ਸਕੀਮ ਤਹਿਤ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਲਈ 92375 ਮਰੀਜ਼ਾਂ ਨੂੰ 58,54,69,294 ਰੁਪਏ ਦੇ ਕੈਸ਼ਲੈਸ ਇਲਾਜ ਦੀ ਮਨਜੂਰੀ ਦਿੱਤੀ ਗਈ। ਇਸ ਵਿੱਚੋਂ  51,28,87,392 ਰੁਪਏ ਦੇ ਕਲੇਮ ਦੀ  ਅਦਾਇਗੀ ਵੀ ਕੀਤੀ ਜਾ ਚੁੱਕੀ। 

    

    ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਦੇਖ ਰੇਖ ਹੇਠ ਜ਼ਿਲ੍ਹੇ ਵਿਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਲਾਭਪਾਤਰੀਆਂ ਦੇ ਈ. ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 6 ਤਰ੍ਹਾਂ ਦੇ ਲਾਭਪਾਤਰੀ ਪਰਿਵਾਰਾਂ ਦੇ ਕਾਰਡ ਬਣਾਏ ਜਾਂਦੇ ਹਨ, ਜਿਨ੍ਹਾਂ ਵਿਚ ਐਸ.ਈ.ਸੀ.ਸੀ. ਡਾਟਾ ਵਾਲੇ ਗ਼ਰੀਬ ਪਰਿਵਾਰ, ਰਾਸ਼ਨ ਕਾਰਡ ਧਾਰਕ, ਉਸਾਰੀ ਕਾਮੇ, ਛੋਟੇ ਟਰੇਡਰ, ਛੋਟੇ ਕਿਸਾਨ ਅਤੇ ਪੱਤਰਕਾਰ ਸ਼ਾਮਲ ਹਨ।

     ਡੀ.ਐਮ.ਸੀ. ਨੇ ਦਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਵਿਚ 1 ਲੱਖ 21 ਹਜ਼ਾਰ 286 ਪਰਿਵਾਰ ਯੋਗ ਲਾਭਪਾਤਰੀ ਹਨ ਜਿਨ੍ਹਾਂ ਵਿਚੋਂ 99 ਹਜ਼ਾਰ 260 ਪਰਿਵਾਰਾਂ ਦੇ ਕਾਰਡ ਬਣ ਚੁੱਕੇ ਹਨ ਅਤੇ ਜ਼ਿਲ੍ਹੇ ਵਿਚ ਹੁਣ ਤਕ ਪ੍ਰਤੀ ਲਾਭਪਾਤਰੀ ਕੁਲ 2 ਲੱਖ 50 ਹਜ਼ਾਰ 13 ਲੋਕਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ। ਇਸ ਹਿਸਾਬ ਨਾਲ ਬਾਕੀ ਰਹਿੰਦੇ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਡਾ. ਪਰਵਿੰਦਰਪਾਲ ਕੌਰ ਮੁਤਾਬਕ ਆਯੂਸ਼ਮਾਨ ਕਾਰਡ ਵੱਖ-ਵੱਖ ਥਾਈਂ ਖੁਲ੍ਹੇ ਹੋਏ ਕਾਮਨ ਸਰਵਿਸ ਸੈਂਟਰਾਂ ਵਿਚ ਬਣਾਏ ਜਾ ਰਹੇ ਹਨ ਜਦਕਿ ਹਸਪਤਾਲਾਂ ਵਿਚ ਸਿਰਫ਼ ਮਰੀਜ਼ਾਂ ਦੇ ਕਾਰਡ ਬਣਦੇ ਹਨ। ਕਾਮਨ ਸਰਵਿਸ ਸੈਂਟਰ ਵਲੋਂ 30 ਰੁਪਏ ਫ਼ੀਸ ਲੈ ਕੇ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਾਰਡ ਬਣਾਉਣ ਲਈ ਵੱਖ-ਵੱਖ ਥਾਈਂ ਕੈਂਪ ਵੀ ਲਗਾਏ ਜਾਂਦੇ ਹਨ।

        ਜ਼ਿਕਰਯੋਗ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਲੋੜਵੰਦ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਦਿਤੀ ਜਾਂਦੀ ਹੈ। ਇਹ ਸਹੂਲਤ ਕਈ ਗੰਭੀਰ ਬੀਮਾਰੀਆਂ ਜਿਵੇਂ ਦਿਲ ਦੀਆਂ ਬੀਮਾਰੀਆਂ, ਗੋਡਿਆਂ ਦਾ ਬਦਲਾਅ, ਅੱਖਾਂ ਦੇ ਆਪਰੇਸ਼ਨ, ਜਣੇਪਾ, ਕੈਂਸਰ ਆਦਿ ਦੇ ਇਲਾਜ ਲਈ ਵੀ ਦਿਤੀ ਜਾਂਦੀ ਹੈ। ਜ਼ਿਲ੍ਹੇ ਵਿਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ 30 ਨਿੱਜੀ ਸੂਚੀਬੱਧ ਹਸਪਤਾਲਾਂ ਵਿਚ ਵੀ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਡੀ.ਐਮ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਵਾਉਣ  ਲਈ ਆਪਣੇ ਇਲਾਕੇ ਦੇ ਮਿਊਂਸਪਲ ਕੌਂਸਲਰ, ਸਰਪੰਚ ਜਾਂ ਆਸ਼ਾ ਵਰਕਰ ਨਾਲ ਤਾਲਮੇਲ ਕਰ ਸਕਦੇ ਹਨ।

                 ਲੋਕ ਸਰਕਾਰੀ ਵੈੱਬਸਾਈਟ www.shapunjab.in ’ਤੇ ਆਪਣੀ ਪਾਤਰਤਾ (ਯੋਗਤਾ) ਚੈੱਕ ਕਰ ਸਕਦੇ ਹਨ। 104 ਹੈਲਪਲਾਈਨ ਲੋਕਾਂ ਨੂੰ 24 ਘੰਟੇ ਸਰਬੱਤ ਸਿਹਤ ਬੀਮਾ ਯੋਜਨਾ ਬਾਬਤ ਪੂਰੀ ਜਾਣਕਾਰੀ ਪ੍ਰਦਾਨ ਕਰਵਾ ਰਹੀ ਹੈ। ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਅਰੋਗਿਆ ਮਿੱਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਅਪਣੀ ਯੋਗਤਾ ਮੁਤਾਬਕ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਆਦਿ ਜਿਹੇ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈ ਕੇ ਜਾਣ।

   ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ ਸਮੇਂ ਵਿੱਚ ਇਸ ਯੋਜਨਾ ਤਹਿਤ 7 ਸਰਕਾਰੀ ਅਤੇ 30 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਹੋਏ ਹਨ, ਜਿਨ੍ਹਾਂ ਦੀ ਸੂਚੀ ਉਕਤ ਵੈੱਬਸਾਈਟ ਤੇ ਉਪਲਬਧ ਹੈ।

No comments:


Wikipedia

Search results

Powered By Blogger