ਚੰਡੀਗੜ੍ਹ, 18 ਨਵੰਬਰ : ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਟੇਜ ਤੋਂ ਬਾਦਲ ਦਲ ਦੀ ਕੀਤੀ ਵਡਿਆਈ 'ਤੇ ਸਵਾਲ ਖੜੇ ਕੀਤੇ।
ਆਪਣੇ ਪੱਤਰ ਵਿਚ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਵਜੋਂ ਸਤਿਕਾਰਿਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਣਮੱਤਾ ਇਤਿਹਾਸ ਰਿਹਾ ਹੈ ਅਤੇ ਸਥਾਪਤੀ ਤੋਂ ਹੀ ਸਿੱਖ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਆਪ ਜੀ ਦੇ ਜ਼ਿੰਮੇ ਇਸ ਸਰਬਉੱਚ ਸੰਸਥਾ ਦੀ ਅਗਵਾਈ ਕਰਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ''ਮੈਂ ਆਪ ਜੀ ਨੂੰ ਇਹ ਪੱਤਰ ਇੱਕ ਪੰਜਾਬੀ ਅਤੇ ਸਿੱਖ ਹੋਣ ਦੇ ਨਾਤੇ ਲਿਖ ਰਿਹਾ ਹਾਂ। ਆਪ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਸੰਪੂਰਨ ਹੋਣ ਉੱਤੇ ਹੋਏ ਸਮਾਗਮਾਂ ਦੌਰਾਨ ਇੱਕ ਵਿਸ਼ੇਸ਼ ਰਾਜਨੀਤਿਕ ਦਲ ਦੇ ਬੁਲਾਰੇ ਵਜੋਂ ਸਿੱਖ ਕੌਮ ਨੂੰ ਦਿੱਤੇ ਸੰਦੇਸ਼ ਨਾਲ ਮੈਂ ਇੱਕ ਸਿੱਖ ਅਤੇ ਪੰਜਾਬੀ ਹੋਣ ਦੇ ਨਾਤੇ ਸਹਿਮਤ ਨਹੀਂ ਹਾਂ। ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹਾਨ ਸੰਸਥਾ ਨੂੰ ਬਾਦਲ ਦਲ ਨਾਲ ਜੋੜ ਕੇ ਉਸ ਦਾ ਨਿਰਾਦਰ ਕਰਨ ਦਾ ਕਾਰਜ ਕੀਤਾ ਹੈ। ਬਾਦਲ ਦਲ ਉਹ ਦਲ ਹੈ ਜਿਸ ਦੇ ਕਾਰਜਕਾਲ ਦੌਰਾਨ ਸਿੱਖਾਂ ਦੇ ਸਰਬ ਉੱਚ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਗੁਰੂਆਂ ਪੀਰਾਂ ਦੀ ਇਸ ਧਰਤੀ ਉੱਤੇ ਨਸ਼ਿਆਂ ਦਾ ਜਾਲ ਵਿਛਿਆ। ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਇਨਸਾਫ਼ ਮੰਗ ਰਹੇ ਬੇਕਸੂਰ ਸਿੱਖਾਂ ਨੂੰ ਵੀ ਬਾਦਲ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ। ਸ਼ਾਂਤਮਈ ਸਿੱਖ ਸੰਗਤ 'ਤੇ ਅੱਤਿਆਚਾਰ ਕਰਵਾ ਕੇ ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਪੁਲਿਸ ਅਫ਼ਸਰਾਂ ਦੀ ਪੁਸ਼ਤਪਨਾਹੀ ਕਰਕੇ ਇਹ ਲੋਕ ਪੁੱਤ ਤੋਂ ਕਪੁੱਤ ਬਣ ਚੁੱਕੇ ਹਨ। ਅਜਿਹੇ ਸਿੱਖ ਵਿਰੋਧੀ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤ ਕਹਿਣਾ ਆਪ ਜੀ ਦੇ ਰੁਤਬੇ ਨੂੰ ਸ਼ੋਭਾ ਨਹੀਂ ਦਿੰਦਾ।
ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸੰਪੂਰਨ ਸਿੱਖ ਕੌਮ ਅਤੇ ਪੰਜਾਬੀ ਸੁਖਬੀਰ ਸਿੰਘ ਬਾਦਲ ਅਤੇ ਜੁੰਡਲੀ ਦੇ ਸਿੱਖ ਕੌਮ ਦੇ ਖ਼ਿਲਾਫ਼ ਕੀਤੇ ਕਾਰਜਾਂ ਲਈ ਉਨ੍ਹਾਂ ਨੂੰ ਸਿੱਖ ਧਰਮ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਆਪ ਜੀ ਵੱਲੋਂ ਉਨ੍ਹਾਂ ਦੀ ਵਡਿਆਈ ਕਰਨਾ ਅਤਿ ਹੈਰਾਨੀਜਨਕ ਅਤੇ ਮੰਦਭਾਗਾ ਹੈ। ਆਪ ਜੀ ਦੁਆਰਾ ਬਾਦਲ ਦਲ ਦੇ ਆਗੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਸਬੰਧੀ ਇਨਸਾਫ ਮੰਗ ਰਹੀ ਸਿੱਖ ਸੰਗਤ ਉੱਪਰ ਧਾਵਾ ਬੋਲਣ ਦਾ ਸੱਦਾ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਉੱਤੇ ਉਤਾਰੂ ਹੋਣ ਲਈ ਉਕਸਾਉਣ ਦਾ ਯਤਨ ਸਮਝਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਸਿਧਾਂਤਾਂ ਅਨੁਸਾਰ ''ਰੋਸ ਨ ਕੀਜੈ ਉਤਰੁ ਦੀਜੈ'' 'ਤੇ ਅਮਲ ਕਰਦੇ ਹੋਏ ਕੌਮ ਦੇ ਸਵਾਲਾਂ ਦਾ ਦਲੀਲ ਪੂਰਵਕ ਉਤਰ ਦੇਣ ਲਈ ਆਪ ਜੀ ਨਿਰਣਾ ਕਰੋ। ਮੇਰੀ ਆਪ ਜੀ ਪਾਸੋਂ ਇਹ ਗੁਜ਼ਾਰਿਸ਼ ਹੈ ਕਿ ਆਪ ਸਿੱਖ ਕੌਮ ਨੂੰ ਸੇਧ ਦਿੰਦਿਆਂ ਹੋਇਆ ਅਜਿਹੇ ਰਾਜਨੀਤਕ ਦਲਾਂ ਦੇ ਹੱਥਾਂ ਵਿੱਚ ਖੇਡਣ ਤੋਂ ਗੁਰੇਜ਼ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਮਾਣ ਨੂੰ ਬਹਾਲ ਕਰੋ।
ਜਥੇਦਾਰ ਸਾਹਿਬ ਜੀਉ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਡਿਆਈ ਤੋ ਸਮੁੱਚਾ ਸਿੱਖ ਜਗਤ ਜਾਣੂ ਹੈ ਕਿ ਕਿਸ ਪ੍ਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਖ਼ਤ ਉੱਤੇ ਤਲਬ ਕਰ ਲਿਆ ਸੀ ਇਸ ਲਈ ਮੇਰੀ ਆਪ ਜੀ ਪਾਸ ਗੁਜ਼ਾਰਿਸ਼ ਹੈ ਕਿ ਆਪ ਰਾਜਨੀਤਕ ਦਬਾਅ ਤੋਂ ਮੁਕਤ ਹੋ ਕੇ ਕਾਰਜ ਕਰਦਿਆਂ ਸਿੱਖ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਦੇ ਯਤਨ ਕਰੋ।
No comments:
Post a Comment