ਚੰਡੀਗੜ, 10 ਅਗਸਤ : ਕਾਂਗਰਸ ਸਰਕਾਰ ਦੇ ਮਹਾਂਭ੍ਰਿਸ਼ਟ ਅਤੇ ਬਦਨਾਮ ਮੰਤਰੀਆਂ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕਰਦਿਆਂ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਮਾਨਯੋਗ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੇ ਇਸ ਵਫ਼ਦ 'ਚ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਸ਼ਾਮਲ ਸਨ।
'ਆਪ' ਦੇ ਵਫ਼ਦ ਵੱਲੋਂ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਨ ਆਸ਼ੂ ਉਤੇ ਬਹੁ ਕਰੋੜੀ ਘੁਟਾਲੇ- ਘਪਲੇ ਕਰਨ ਦਾ ਦੋਸ਼ ਲਾਉਂਦੇ ਹੋਏ ਇਨਾਂ ਨੂੰ ਮੰਤਰੀ ਮੰਡਲ 'ਚੋਂ ਤੁਰੰਤ ਬਰਖ਼ਾਸਤ ਕਰਕੇ ਇਨਾਂ ਉਪਰ ਫ਼ੌਜ਼ਦਾਰੀ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਗਈ ਹੈ।ਰਾਜਪਾਲ ਨੂੰ ਮਿਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਦੇ ਅੱਧਾ ਦਰਜਨ ਮੰਤਰੀ ਨਾ ਕੇਵਲ ਭ੍ਰਿਸ਼ਟਾਚਾਰ ਦੇ ਵੱਡੇ ਮਾਮਲਿਆਂ 'ਚ ਘਿਰੇ ਹੋਏ ਹਨ, ਸਗੋਂ ਬੱਚੇ- ਬੱਚੇ 'ਚ ਬਦਨਾਮ ਹੋ ਚੁੱਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਹਾਈਕਮਾਨ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜ਼ੁਬਾਨ ਇਨਾਂ ਵਿਰੁੱਧ ਨਹੀਂ ਖੁੱਲੀ, ਕਾਰਵਾਈ ਕਰਨਾ ਤਾਂ ਦੂਰ ਦੀ ਗੱਲ ਹੈ। ਉਨਾਂ ਕਿਹਾ ਕਿ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਇਨਾਂ ਭ੍ਰਿਸ਼ਟ ਮੰਤਰੀਆਂ ਨੂੰ ਬਰਖ਼ਾਸਤ ਕਰਨ ਲਈ ਅੱਜ ਮਾਨਯੋਗ ਰਾਜਪਾਲ ਨੂੰ ਬੇਨਤੀ ਕੀਤੀ ਹੈ।
ਚੀਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਰਲਸ਼ਿਪ ਦੇ ਫੰਡਾਂ ਵਿੱਚ ਕਰੋੜਾਂ ਦਾ ਘੋਟਾਲਾ ਕੀਤਾ ਹੈ, ਜਿਸ ਕਾਰਨ ਦੋ ਲੱਖ ਤੋਂ ਜ਼ਿਆਦਾ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਭਾਂਵੇਂ ਸੀ.ਬੀ.ਆਈ ਵੱਲੋਂ ਵਜ਼ੀਫ਼ਾ ਘੁਟਾਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਤਰੀ ਨੂੰ ਸਰਕਾਰੀ ਅਧਿਕਾਰੀਆਂ ਤੋਂ ਕਲੀਨ ਚਿੱਟ ਦਿਵਾ ਦਿੱਤੀ ਹੈ।
ਰਾਣਾ ਗੁਰਮੀਤ ਸਿੰਘ ਸੋਢੀ ਬਾਰੇ ਚੀਮਾ ਨੇ ਦੱਸਿਆ ਕਿ ਸੋਢੀ ਨੇ ਆਪਣੀ ਐਕੁਆਇਰ ਹੋਈ ਜ਼ਮੀਨ ਦੇ ਬਦਲੇ ਦੋ ਵਾਰ ਰਕਮ ਪ੍ਰਾਪਤ ਕੀਤੀ ਹੈ ਅਤੇ ਤੀਸਰੀ ਵਾਰ ਰਕਮ ਹਾਸਲ ਕਰਨ ਦੇ ਯਤਨ ਕੀਤੇ ਹਨ, ਇਸ ਤਰਾਂ ਇੱਕ ਸੰਵਿਧਾਨਕ ਅਹੁੱਦੇ 'ਤੇ ਬੈਠੇ ਰਾਣਾ ਸੋਢੀ ਨੇ ਸਰਕਾਰੀ ਖ਼ਜ਼ਾਨੇ 'ਤੇ ਡਾਕਾ ਮਾਰਿਆ ਹੈ। ਇਸ ਖ਼ਿਲਾਫ਼ ਧੋਖ਼ਾਧੜੀ ਦਾ ਸਿੱਧਾ ਕੇਸ ਬਣਦਾ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਕੋਰੋਨਾ ਦੇ ਇਲਾਜ ਲਈ ਜ਼ਰੂਰੀ ਫਤਿਹ ਕਿੱਟ ਖ਼ਰੀਦਣ ਵਿੱਚ ਘੋਟਾਲਾ ਕਰਨ ਦੇ ਦੋਸ਼ ਲਾਉਂਦਿਆਂ ਚੀਮਾ ਨੇ ਦੱਸਿਆ ਕਿ ਮੰਤਰੀ ਸਿੱਧੂ ਨੇ ਗਊਸ਼ਾਲਾ ਦੇ ਨਾਂਅ 'ਤੇ ਮੋਹਾਲੀ ਨੇੜੇ 10 ਏਕੜ ਜ਼ਮੀਨ 'ਤੇ ਕਬਜਾ ਕੀਤਾ ਹੈ, ਜਿਸ ਦੀ ਕੀਮਤ 100 ਕਰੋੜ ਤੋਂ ਜ਼ਿਆਦਾ ਹੈ। ਜਦੋਂ ਕਿ ਭਾਰਤ ਭੂਸ਼ਣ ਆਸ਼ੂ ਪਹਿਲਾਂ ਹੀ ਕਈ ਤਰਾਂ ਦੇ ਵਿਵਾਦਾਂ ਵਿੱਚ ਘਿਰੇ ਹੋਏ ਹਨ, ਪਰ ਹੁਣ ਮੰਤਰੀ ਆਸ਼ੂ ਦੇ ਕਰੀਬੀ ਅਧਿਕਾਰੀ ਨੇ ਜੰਡਿਆਲਾ ਗੁਰੂ ਦੇ 8 ਗੋਦਾਮਾਂ ਵਿੱਚ 20 ਕਰੋੜ ਰੁਪਏ ਦੀ ਕਣਕ ਹੀ ਵੇਚ ਦਿੱਤੀ। ਇਸ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਵੱਡਾ ਘਾਟਾ ਪਿਆ ਹੈ।
ਚੀਮਾ ਨੇ ਦੱਸਿਆ ਕਿ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜਿੱਥੇ ਉਦਯੋਗਿਕ ਪਲਾਟ ਵੰਡਣ ਵਿੱਚ ਘੋਟਾਲਾ ਕੀਤਾ ਹੈ, ਉਥੇ ਹੀ ਜੇ.ਸੀ.ਟੀ. ਕੰਪਨੀ ਦੀ ਮੋਹਾਲੀ ਸਥਿਤ 31 ਏਕੜ ਜ਼ਮੀਨ ਨੂੰ ਕੌਡੀਆਂ ਦਾ ਵੇਚ ਦਿੱਤਾ। ਇਹ ਜ਼ਮੀਨ ਵੇਚਣ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਗਿਆ ਸੀ ਅਤੇ ਇਸ ਸੰਬੰਧੀ ਹੋਈ ਜਾਂਚ 'ਚ ਖੁਲਾਸਾ ਹੋਇਆ ਕਿ ਸਸਤੀ ਜ਼ਮੀਨ ਵੇਚਣ ਨਾਲ ਸਰਕਾਰੀ ਖ਼ਜ਼ਾਨੇ ਨੂੰ 125 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਪੀ.ਪੀ.ਸੀ.ਸੀ. ਪ੍ਰਧਾਨ ਸਮੇਤ ਕਾਂਗਰਸ ਹਾਈਕਮਾਨ ਇਨਾਂ ਭ੍ਰਿਸ਼ਟ ਮੰਤਰੀਆਂ ਨੂੰ ਬਚਾ ਰਹੀ ਹੈ, ਕਿਉਂਕਿ ਲੁੱਟ ਦਾ ਹਿੱਸਾ ਉਪਰ ਤੱਕ ਜਾਂਦਾ ਹੈ। ਇਸ ਕਰਕੇ ਹੀ ਇਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਹਲਾਂਕਿ ਇਨਾਂ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਨਵਜੋਤ ਸਿੱਧੂ ਵੱਲੋਂ ਖੇਡੀ ਜਾਂਦੀ ਟਵਿੱਟਰ ਜੰਗ ਬਾਰੇ ਚੀਮਾ ਨੇ ਕਿਹਾ, 'ਜੇ ਸਿੱਧੂ ਸੱਚਮੁੱਚ ਹੀ ਪੰਜਾਬ ਦਾ ਭਲਾ ਚਹੁੰਦੇ ਹਨ ਤਾਂ ਇਨਾਂ ਭ੍ਰਿਸ਼ਟ ਮੰਤਰੀਆਂ ਨੂੰ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਕਢਵਾਉਣ।'
No comments:
Post a Comment