ਚੰਡੀਗੜ੍ਹ, 26 ਨਵੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਖਾਸ ਕਰਕੇ ਖੇਤੀ ਸੈਕਟਰ 'ਤੇ ਲਗਾਏ ਜਾ ਰਹੇ ਅਣਐਲਾਨੇ ਬਿਜਲੀ ਕੱਟਾਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਜਾਣਬੁੱਝ ਕੇ ਤੜਫਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨਾਲੋਂ ਘੱਟ ਨਹੀਂ ਹਨ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕਿਸਾਨ ਵਿੰਗ ਦੇ ਪ੍ਰਧਾਨ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਮਹਿੰਦਰ ਸਿੰਘ ਸਿੱਧੂ ਅਤੇ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਅਣਐਲਾਨੇ ਬਿਜਲੀ ਕੱਟਾਂ ਦੀ ਮਾਰ 'ਚ ਹੈ ਜਿਸਦਾ ਸਭ ਤੋਂ ਵੱਧ ਖਮਿਆਜਾ ਸੂਬੇ ਦੇ ਉਨ੍ਹਾਂ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹੜੇ ਪਹਿਲਾਂ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਖੇਤੀ ਵਿਰੋਧੀ, ਕਿਸਾਨ ਵਿਰੋਧੀ ਨੀਤੀਆਂ ਅਤੇ ਪੰਜਾਬ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰ ਰਹੇ ਹਨ।ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਵਿਚ 1 ਤੋਂ 4 ਦਿਨਾਂ ਲਈ ਅਣ ਐਲਾਨੇ ਬਿਜਲੀ ਕੱਟ ਲਗਾ ਕੇ ਕੈਪਟਨ ਸਰਕਾਰ ਇਕ ਸਾਜਿਸ਼ ਤਹਿਤ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 15-20 ਸਾਲ ਤੋਂ ਸਿੰਚਾਈ ਵਿਭਾਗ 'ਚ ਫੈਲ੍ਹੇ ਭ੍ਰਿਸ਼ਟਾਚਾਰ, ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਦਰਿਆਈ ਪਾਣੀਆਂ ਦੀ ਕਮੀ ਕਾਰਨ ਸੂਬੇ ਦੇ ਸਭ ਤੋਂ ਉਤਮ ਸਿੰਚਾਈ ਸਾਧਨ ਸਿੰਚਾਈ ਵਿਭਾਗ ਦੀ ਸਮਰਥਾ ਬਹੁਤ ਘੱਟ ਗਈ। ਇਸ ਕਾਰਨ ਹੁਣ ਜ਼ਿਆਦਾਤਰ ਕਿਸਾਨ ਟਿਊਬਵੈਲਾ ਉਤੇ ਨਿਰਭਰ ਹਨ। ਇਸ ਲਈ ਬਿਜਲੀ ਕੱਟਾਂ ਦਾ ਸਿੱਧਾ ਅਸਰ ਕਿਸਾਨਾਂ ਉਤੇ ਪਵੇਗੇ, ਕਿਉਂਕਿ ਸਿੰਚਾਈ ਦਾ ਸੀਜਨ ਸ਼ੁਰੂ ਹੋ ਗਿਆ। ਸਿੰਚਾਈ ਹੋਵੇਗੀ ਤਾਂ ਹੀ ਖਾਦ ਪਵੇਗੀ, ਜੇ ਸਿੰਚਾਈ ਨਹੀਂ ਹੁੰਦੀ ਤਾਂ ਫਸਲ ਖਰਾਬ ਹੋਵੇਗੀ, ਠੰਡ ਦਾ ਫਸਲ ਉਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਖੇਤੀ ਸੈਕਟਰ ਤੋਂ ਇਲਾਵਾ ਘਰੇਲੂ ਖੇਤਰ ਲਈ ਵੀ ਅਣਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਦਾ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਸੰਘਰਸ਼ ਲਈ ਲਾਮਬੰਦ ਹੋ ਕੇ ਆਪਣੀ ਹੋਂਦ ਬਚਾਉਣ ਲਈ ਲੜ ਰਿਹਾ ਹੈ, ਉਸ ਸਮੇਂ ਕੈਪਟਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਉਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਮਾਲ ਰੇਲ ਗੱਡੀਆਂ ਚੱਲਣ ਤੋਂ ਬਾਅਦ ਬਿਜਲੀ ਥਰਮਲਾਂ ਵਿਚ ਕੋਲਾ ਪੁੱਜਣ ਨਾਲ ਮੁੜ ਪੂਰੀ ਬਿਜਲੀ ਸਪਲਾਈ ਸ਼ੁਰੂ ਹੋ ਗਈ, ਦੂਜੇ ਪਾਸੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ।
'ਆਪ' ਆਗੂਆਂ ਨੇ ਕਿਹਾ ਕਿ ਕੈਪਟਨ ਦੀ ਸੂਬਾ ਸਰਕਾਰ ਸਭ ਤੋਂ ਨਖਿੱਧ ਤੇ ਨਕਿੰਮੀ ਸਰਕਾਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਸਭ ਕੁਝ ਮੋਦੀ ਦੇ ਇਸ਼ਾਰੇ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਮਜ਼ੋਰੀਆਂ ਨਾਲ ਭਰਿਆ ਹੋਇਆ ਮੁੱਖ ਮੰਤਰੀ ਹੈ ਜਿਸ ਕਾਰਕੇ ਮੋਦੀ ਆਪਣੇ ਇਸ਼ਾਰਿਆਂ ਉਤੇ ਨਿਚਾਉਂਦਾ ਹੈ।
ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਅੱਗੇ ਗੋਡੀਆਂ ਟੈਕਣ ਕਾਰਨ ਹੀ ਅੱਜ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਸਮੇਤ ਹਰ ਤਬਕੇ ਦੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ।
No comments:
Post a Comment