ਚੰਡੀਗਡ੍ਹ, 21 ਨਵੰਬਰ : ਸੂਬੇ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਕਾਰਨ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਯੂਰੀਆ ਖਾਦ ਦੀ ਪੂਰਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾ ਯੂਰੀਆ ਖਾਦ ਦੀ ਕਮੀ ਕਾਰਨ ਆਪਣੀਆਂ ਫਸਲਾਂ ਦੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਆਪਣੇ ਪੱਤਰ ਵਿੱਚ ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਕਰਕੇ ਸੰਘਰਸ਼ ਦੇ ਰਾਹ 'ਤੇ ਹਨ ਅਤੇ ਉਥੇ ਹੀ ਕੇਂਦਰ ਵੱਲੋਂ ਬੰਦ ਕੀਤੀਆਂ ਗਈਆਂ ਮਾਲ ਗੱਡੀਆਂ ਕਾਰਨ ਕਿਸਾਨਾਂ ਨੂੰ ਫਸਲ ਬਿਜਾਈ ਦੇ ਲਈ ਲੋੜੀਂਦੀ ਯੂਰੀਆ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਵੱਖ-ਵੱਖ ਥਾਵਾਂ ਉੱਤੇ ਜਾ ਕੇ ਦੇਖਿਆ ਹੈ ਕਿ ਸੂਬੇ ਦੇ ਕਿਸਾਨ ਯੂਰੀਆ ਪ੍ਰਾਪਤ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਕਿਸਾਨਾਂ ਨੂੰ ਖਾਦ ਪ੍ਰਾਪਤ ਕਰਨ ਲਈ ਲਗਭਗ ਚਾਰ ਦਿਨਾਂ ਤਕ ਇੰਤਜਾਰ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਿਨਾਂ ਖਾਦ ਪ੍ਰਾਪਤ ਕੀਤੇ ਹੀ ਖੱਜਲ਼ਖੁਆਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।
ਸੰਧਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਨੂੰ ਕਰੀਬ 8 ਤੋਂ 9 ਲੱਖ ਟਨ ਯੂਰੀਆ ਦੀ ਜਰੂਰਤ ਹੈ ਪਰੰਤੂ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਯੂਰੀਆ ਦੀ ਸਪਲਾਈ ਰੁੱਕ ਚੁੱਕੀ ਹੈ। ਹੁਣ ਤਕ ਪੰਜਾਬ ਵਿੱਚ ਯੂਰੀਆ ਦੀ ਕਰੀਬ 35 ਪ੍ਰਤੀਸ਼ਤ ਸਪਲਾਈ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਰੀਆ ਨਾ ਮਿਲਣ ਕਾਰਨ ਫਸਲ ਦੀ ਬਿਜਾਈ ਸਹੀ ਸਮੇਂ ਨਹੀਂ ਹੁੰਦੀ ਤਾਂ ਫਸਲ ਦੇ ਝਾੜ ਉੱਤੇ ਵੀ ਅਸਰ ਪਵੇਗਾ। ਇਕ ਅੰਦਾਜ਼ੇ ਮੁਤਾਬਕ ਯੂਰੀਆ ਦੀ ਕਮੀ ਕਾਰਨ ਕਣਕ ਦਾ 20% ਪ੍ਰਤੀਸ਼ਤ ਤੱਕ ਝਾੜ ਘਟ ਸਕਦਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਆਰਥਿਕ ਸਕੰਟ ਵਿਚੋਂ ਲੰਘਦੇ ਕਿਸਾਨ ਉਤੇ ਹੋਰ ਆਰਥਿਕ ਮੰਦੀ ਦੀ ਮਾਰ ਪਵੇਗੀ। ਪੰਜਾਬ ਦੇ ਲੋਕਾਂ ਨੂੰ ਬਤੌਰ ਮੁੱਖ ਮੰਤਰੀ ਹੁੰਦੇ ਹੋਏ ਤੁਹਾਡੇ ਤੋਂ ਬਹੁਤ ਉਮੀਦਾ ਹਨ ਕਿ ਕਿਸੇ ਤਰ੍ਹਾਂ ਦੀ ਆਈ ਸਮੱਸਿਆ ਸਮੇਂ ਤੁਸੀਂ ਉਨ੍ਹਾਂ ਦੀ ਬਾਂਹ ਫੜੋਗੇ।
ਸੂਬੇ ਦੇ ਕਿਸਾਨਾਂ ਦੇ ਸੰਘਰਸ਼ ਨੂੰ ਹੁਣ ਕਰੀਬ ਦੋ ਮਹੀਨੇ ਬੀਤਣ ਵਾਲੇ ਹਨ ਪ੍ਰੰਤੂ ਅਜੇ ਵੀ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੰਦੀ ਤਾਂ ਤੁਸੀਂ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਐਮਐਸਪੀ ਦੇਵੋ। ਆਪਣਾ ਤੁਸੀਂ ਫਰਜ਼ ਸਮਝਦੇ ਹੋਏ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਯੂਰੀਆ ਦੀ ਘਾਟ ਕਾਰਨ ਕਿਸਾਨਾਂ ਨੂੰ ਆ ਰਹੀ ਸਮੱਸਿਆ ਦਾ ਛੇਤੀ ਹੱਲ ਕੀਤੀ ਜਾਵੇ।
No comments:
Post a Comment