ਐਸ.ਏ.ਐਸ ਨਗਰ, 25 ਨਵੰਬਰ : ਖੂਨਦਾਨ ਕਰਨਾ ਤੰਦਰੁਸਤ ਵਿਅਕਤੀ ਦਾ ਇਨਸਾਨੀ ਅਤੇ ਨੈਤਿਕ ਫਰਜ਼ ਬਣਦਾ ਹੈ । ਕਿਸੇ ਲੋੜਵੰਦ ਮਰੀਜ਼ ਨੂੰ ਖੂਨ ਦੇਣ ਦਾ ਹੋਰ ਕੋਈ ਵਿਕਲਪ ਨਹੀਂ ਹੈ ਕੇਵਲ ਦਾਨ ਕਰਕੇ ਹੀ ਖੂਨ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ 551 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਮੌਕੇ ਖੂਨਦਾਨੀਆਂ ਦਾ ਹੌਸਲਾ ਅਫਜ਼ਾਈ ਕਰਦਿਆਂ ਕੀਤਾ ।
ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਭਰ ਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਚਲ ਰਿਹਾ ਹੈ । ਜਿਸ ਕਾਰਣ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਖੜੋਤ ਆ ਗਈ ਸੀ ਪਰ ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਜਿਥੇ ਰੋਜ਼ਮਰਾ ਦੇ ਕੰਮ-ਕਾਜ਼ ਸ਼ੁਰੂ ਕੀਤੇ ਗਏ ਹਨ ਉਥੇ ਅਜਿਹੇ ਖੂਨਦਾਨ ਕੈਂਪ ਵੀ ਲਗਾਉਣੇ ਜਰੂਰੀ ਹਨ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਖੂਨ ਦੀ ਘਾਟ ਮਹਿਸੂਸ ਨਾ ਹੋਵੇ । ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਆਕਤੀ ਨੂੰ ਖੂਨਦਾਨ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਸ਼ਮਾ ਰੋਸ਼ਨ ਕਰਕੇ ਖੂਨਦਾਨ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ । ਇਸ ਉਪਰੰਤ ਉਨ੍ਹਾਂ ਖੂਨਦਾਨੀਆਂ ਨੂੰ ਬੈਚ ਲਗਾਏ ਅਤੇ ਸਰਟੀਫਿਕੇਟ ਤੇ ਤੋਹਫੇ ਦੇਕੇ ਹੌਸਲਾ ਅਫਜ਼ਾਈ ਵੀ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਯਸ਼ਪਾਲ ਸ਼ਰਮਾ, ਐਸ.ਡੀ.ਐਮ ਮੋਹਾਲੀ ਸ਼੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ ਅ.ਸਿ.) ਸ਼੍ਰੀ ਦੀਪਾਂਕਰ ਗਰਗ , ਸਾਧਵੀ ਸ਼ਕਤੀ ਵਿਸ਼ਵਾਸ , ਸ਼ਿਸ਼ੁਪਾਲ ਪਠਾਨਿਆ, ਸੰਤੋਸ਼ ਪਠਾਨਿਆ, ਪੁਸ਼ਪਾ ਰਾਮਪਾਲ, ਓਮ ਪ੍ਰਕਾਸ਼ ਤੇਜੀ ਅਤੇ ਬਲਡ ਬੈਂਕ ਦੇ ਡਾਕਟਰ ਵੀ ਮੌਜੂਦ ਸਨ ।
ਇਸ ਮੌਕੇ ਵਿਸ਼ਵਾਸ ਫਾਉਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਪਰਮ ਪੂਜਯ ਗੁਰੁਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਅਸ਼ੀਰਵਾਦ ਨਾਲ ਵਿਸ਼ਵਾਸ ਫਾਂਉਡੇਸ਼ਨ ਅਤੇ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਕੈਂਪ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ - 32 ਚੰਡੀਗੜ ਦੀ ਟੀਮ ਵਲੋਂ ਡਾਕਟਰ ਦਯਾਪ੍ਰੀਤ ਦੀ ਨਿਗਰਾਨੀ ਵਿੱਚ ਖੂਨ ਦੇ ਯੂਨਿਟ ਇਕੱਠੇ ਕੀਤੇ ਗਏ । ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਕੈਂਪ ਵਿੱਚ ਸਾਮਾਜਕ ਦੂਰੀ , ਮਾਸਕ ਪਹਿਨਣ ਅਤੇ ਸੈਨਿਟਾਈਜ਼ੇਸ਼ਨ ਦਾ ਖਾਸ ਧਿਆਨ ਰੱਖਿਆ ਗਿਆ । ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕਮਲੇਸ਼ ਕੌਸ਼ਲ ਨੇ ਦੱਸਿਆ ਕਿ ਇਸ ਵਿਸ਼ਾਲ ਖੂਨਦਾਨ ਕੈਂਪ ਦੌਰਾਨ 85 ਯੂਨਿਟ ਖੂਨ ਇਕੱਤਰ ਕੀਤਾ ਗਿਆ ।ਜਦਕਿ 100 ਵਿਆਕਤੀਆਂ ਵੱਲੋਂ ਖੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਖੂਨਦਾਨੀਆਂ ਵਿੱਚ 22ਵੀਂ ਵਾਰ ਖੁਨਦਾਨ ਕਰਨ ਵਾਲਾ ਤੇਜਿੰਦਰ ਸਿੰਘ ਵੀ ਸ਼ਾਮਲ ਸੀ।ਉਨ੍ਹਾਂ ਕਿਹਾ ਖੂਨਦਾਨੀਆਂ ਵੱਲੋਂ ਦਿੱਤਾ ਖੂਨ ਲੋੜਵੰਦ ਮਰੀਜ਼ ਨੂੰ ਸਮੇ ਸਿਰ ਮਿਲਣ ਨਾਲ ਕੀਮਤੀ ਜਾਨਾਂ ਬਚ ਜਾਂਦੀਆਂ ਹਨ । ਖੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕਮੀ ਵੀ ਨਹੀਂ ਆਉਂਦੀ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਸ਼ਵਾਸ ਫਾਉਂਡੇਸ਼ਨ ਦੇ ਸਹਿਯੋਗ ਨਾਲ 30 ਨਵੰਬਰ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੂਰਵ ਦੇ ਮੌਕੇ ਉੱਤੇ ਗੁਰਦੁਆਰਾ ਸਾਹਿਬ ਸੰਨੀ ਇਨਕਲੇਵ ਖਰੜ ਵਿਖੇ ਆਜੋਜਿਤ ਕੀਤਾ ਜਾ ਰਿਹਾ ਹੈ ਜਿਥੇ ਵੱਡੀ ਗਿਣਤੀ ਵਿੱਚ ਪਹੁੰਚਕੇ ਖੂਨਦਾਨ ਕਰਨ ਦੀ ਖੇਚਲ ਕੀਤੀ ਜਾਵੇ ।
No comments:
Post a Comment