ਐਸ.ਏ.ਐਸ ਨਗਰ, 06 ਦਸੰਬਰ : ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਦੇ ਪਿੰਡਾਂ ਦੀ ਕਾਇਆ ਕੱਲਪ ਕਰਨ ਲਈ ਵਿਕਾਸ ਕਾਰਜ਼ ਵੱਡੀ ਪੱਧਰ ਤੇ ਚਲ ਰਹੇ ਹਨ। ਇਸ ਯੋਜਨਾ ਤਹਿਤ ਹਲਕੇ ਦੇ ਪਿੰਡ ਕੁਰੜੀ ਦੀ ਨੁਹਾਰ ਬਦਲਣ ਲਈ ਪਿੰਡ ਚ ਚਲ ਰਹੇ ਅਤੇ ਸ਼ੁਰੂ ਕੀਤੇ ਜਾਣ ਵਾਲੇ ਵੱਖ- ਵੱਖ ਵਿਕਾਸ ਕਾਰਜ਼ਾਂ ਤੇ 01 ਕਰੋੜ 60 ਲੱਖ 60 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪਿੰਡ ਕੁਰੜੀ ਵਿਖੇ 45 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ " ਸਿਹਤ ਤੇ ਤੰਦਰੁਸਤੀ ਕੇਂਦਰ " ( ਹੈਲਥ ਐਂਡ ਵੈਲਨੈਸ ਸੈਂਟਰ) ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ।
ਸ. ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਸਿੱਖਿਆ ਖੇਤਰ ਦੇ ਬੁਨਿਆਦੀ ਢਾਂਚੇ ਚ ਕੀਤੇ ਜਾ ਰਹੇ ਸੁਧਾਰ ਨਰੋਏ ਪੰਜਾਬ ਦਾ ਸੁਪਨਾ ਸਕਾਰ ਕਰਨਗੇ । ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਨੂੰ ਹਰ ਪੱਖੋਂ ਮਜ਼ਬੂਤ ਕਰਨ ਸਬੰਧੀ ਸਿਹਤ ਤੇ ਤੰਦਰੁਸਤੀ ਕੇਂਦਰ ਵਿੱਚ ਸੀ.ਐਚ.ਓ (ਕਮਿਊਨਿਟੀ ਹੈਲਥ ਅਫ਼ਸਰ) ਅਤੇ ਸਟਾਫ ਤਾਇਨਾਤ ਕਰਨ ਦੇ ਨਾਲ-ਨਾਲ ਲੋੜੀਂਦਾ ਬੁਨਿਆਦੀ ਢਾਂਚਾ ਵੀ ਉਪਲਬੱਧ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਤੇ ਤੰਦਰੁਸਤੀ ਕੇਂਦਰ ਵਿੱਚ ਗਰਭਵਤੀ ਔਰਤਾਂ ਲਈ ਸਿਹਤ ਸਹੂਲਤਾਂ, ਜਣੇਪੇ ਦੌਰਾਨ ਉਨ੍ਹਾਂ ਦੀ ਦੇਖਭਾਲ, ਨਵਜੰਮੇ ਬੱਚਿਆਂ ਦੀ ਦੇਖਭਾਲ, ਐਮਰਜੈਂਸੀ ਸਿਹਤ ਸੇਵਾਵਾਂ, ਬਾਲ ਅਵਸਥਾ, ਕਿਸ਼ੋਰ ਅਵਸਥਾ, ਪਰਿਵਾਰ ਨਿਯੋਜਨ, ਤੋਂ ਇਲਾਵਾ ਟੀ.ਬੀ., ਡੇਂਗੂ, ਮਲੇਰੀਆ ਅਤੇ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਆਦਿ ਦੀ ਜਾਂਚ, ਬਚਾਅ ਅਤੇ ਰੋਕਥਾਮ ਲਈ ਵਿਸ਼ੇਸ਼ ਉਪਰਾਲਿਆਂ ਦਾ ਪ੍ਰਬੰਧ ਹੋਵੇਗਾ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਮਾਨਸਿਕ ਰੋਗ, ਯੋਗਾ, ਬਜ਼ੁਰਗਾਂ ਦੀ ਦੇਖਭਾਲ, ਟੈਲੀ ਮੈਡੀਸਨ, ਕੌਂਸਲਿੰਗ ਅਤੇ ਸਿਹਤ ਜਾਗਰੂਕਤਾ ਸਬੰਧੀ ਸਰਗਰਮੀਆਂ ਵੀ ਅਮਲ ਵਿੱਚ ਲਿਆਂਦੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਚੁੱਕੇ ਜਾ ਰਹੇ ਲਾਮਿਸਾਲ ਕਦਮਾਂ ਸਦਕਾ ਪੰਜਾਬ ਜਲਦ ਹੀ ਦੇਸ਼ ਅੰਦਰ ਸਿਹਤ ਅਤੇ ਸਿੱਖਿਆ ਦੇ ਨਕਸ਼ੇ ’ਤੇ ਨਵੀਂ ਪਛਾਣ ਬਣਾਏਗਾ।
ਸ. ਸਿੱਧੂ ਨੇ ਕੋਰੋਨਾ ਮਹਾਂਮਾਰੀ ਦੇ ਮੁੜ ਪੈਰ ਪਸਾਰਨ ਤੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਿਹਤ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਕੀਤੀ ਜਾਵੇ ਇਸ ਨਾਲ ਹੀ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ ਜੋ ਕਿ ਸਾਰਿਆਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਹੋਰਨਾਂ ਸਬੰਧਤ ਵਿਭਾਗਾਂ ਦਾ ਰਿਣੀ ਹੈ ਜਿਨ੍ਹਾਂ ਨੇ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਨੂੰ ਅਸਰਦਾਰ ਢੰਗ ਨਾਲ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਿਹਤ ਸੰਕਟ ਵਿੱਚ ਲੋਕ ਮਾਸਕ ਦੀ ਅਹਿਮੀਅਤ ਨੂੰ ਸਮਝਦਿਆਂ ਨਾ ਸਿਰਫ ਦੂਸਰਿਆਂ ਦੀ ਸਿਹਤ ਲਈ ਸਗੋਂ ਆਪਣੀ ਖੁਦ ਦੀ ਸਿਹਤ ਦੇ ਮੱਦੇਨਜ਼ਰ ਮਾਸਕ ਜ਼ਰੂਰ ਪਹਿਨਣ।
ਹਲਕੇ ਦਾ ਦੌਰਾ ਕਰਦੇ ਸਮੇਂ ਸ. ਸਿੱਧੂ ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੀਗੇ ਮਾਜਰਾ ਵਿਖੇ ਪਹੁੰਚੇ । ਜਿਥੇ ਸਕੂਲ ਦੀ ਬਣ ਰਹੀ ਇਮਾਰਤ ਦਾ ਜ਼ਾਇਜ਼ਾ ਲਿਆ । ਇਥੇ ਇਹ ਵੀ ਵਰਨਣ ਯੋਗ ਹੈ ਸਕੂਲ ਚ ਵਿਦਿਆਰਥੀਆਂ ਲਈ ਬਣੇ ਕਮਰਿਆਂ ਚ ਵਾਧਾ ਕਰਨ ਲਈ 50 ਲੱਖ ਰੁਪਏ ਦੀ ਲਾਗਤ ਨਾਲ ਕੰਮ ਚਲ ਰਿਹਾ ਹੈ ਪ੍ਰੰਤੂ ਇਸ ਰਕਮ ਨਾਲ ਕੰਮ ਪੂਰਾ ਨਾ ਹੋਣ ਕਰਕੇ ਸ. ਸਿੱਧੂ ਨੇ ਹੋਰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪ੍ਰਿੰਸੀਪਲ ਹਰਿੰਦਰ ਕੌਰ ਨੂੰ ਪਿੰਡ ਦੀ ਪੰਚਾਇਤ ਦੀ ਮੌਜ਼ੂਦਗੀ ਵਿੱਚ ਸੌਪਿਆ । ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸ. ਛੱਜਾ ਸਿੰਘ ਸਰਪੰਚ ਕੁਰੜੀ, ਮਨਜੀਤ ਸਿੰਘ ਕੁਰੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਗੁਰਚਰਨ ਸਿੰਘ ਗੀਗੇ ਮਾਜਰਾ, ਕੁਲਵੰਤ ਸਿੰਘ ਜੀ.ਓ.ਜੀ, ਹਰਵਿੰਦਰ ਸਿੰਘ ਪੰਚ, ਬਾਬਾ ਦਲਵਿੰਦਰ ਸਿੰਘ, ਸ਼ਿਆਮ ਲਾਲ, ਗੁਰਦੇਵ ਸਿੰਘ ਮਿੰਢੇਮਾਜਰਾ, ਗੁਰਮੇਲ ਸਿੰਘ ਮਿੰਢੇਮਾਜਰਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਸੁਪਰਟੈਡੰਟ ਇੰਜਨੀਅਰ ਸ. ਕਰਨਦੀਪ ਸਿੰਘ ਚਾਹਲ, ਐਕਸੀਅਨ ਸ. ਰਾਜਿੰਦਰ ਸਿੰਘ, ਬਲਾਕ ਘੰੜੂਆਂ ਪੀ.ਐਚ.ਸੀ ਦੀ ਐਸ.ਐਮ. ਓ ਡਾ. ਕੁਲਬੀਰ ਕੌਰ, ਜੀ.ਐਸ ਰਿਆੜ ਸਮੇਤ ਹੋਰ ਪਤਵੰਤੇ ਮੌਜੂਦ ਸਨ।
No comments:
Post a Comment