ਐਸ.ਏ.ਐੱਸ.ਨਗਰ, 1 ਦਸੰਬਰ : ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਾਨ ਨੇ ਜ਼ਿਲ੍ਹੇ ਵਿੱਚ 1.12.2020 ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਗਾਉਣ ਦੇ ਹੁਕਮ ਦਿੱਤੇ ਹਨ। ਨਵੀਂਆਂ ਪਾਬੰਦੀਆਂ ਦੇ ਨਾਲ, ਮਾਸਕ ਨਾ ਪਾਉਣ `ਤੇ ਜ਼ੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟੇ੍ਰਟ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ਹਿਰ ਅਤੇ ਸਾਰੇ ਕਸਬਿਆਂ ਦੀਆਂ ਮਿਉਂਸੀਪਲ ਹੱਦਾਂ ਅੰਦਰ ਰਾਤ 10:00 ਵਜੇ ਤੋਂ ਸਵੇਰੇ 5:00 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ `ਤੇ ਰੋਕ ਹੋਵੇਗੀ।
ਹਾਲਾਂਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਉਦਯੋਗ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਵੱਖ-ਵੱਖ ਸ਼ਿਫ਼ਟਾਂ ਆਦਿ, ਕੌਮੀ ਅਤੇ ਰਾਜ ਮਾਰਗਾਂ `ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਮਾਲ ਲਾਹੁਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ `ਚੋਂ ਉਤਰਨ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੀ ਮੰਜ਼ਿਲ `ਤੇ ਜਾਣ ਦੀ ਆਗਿਆ ਹੋਵੇਗੀ।
ਸਾਰੇ ਹੋਟਲ ਅਤੇ ਹੋਰ ਪਰਾਹੁਣਚਾਰੀ ਇਕਾਈਆਂ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਸਮੇਤ ਸ਼ਾਪਿੰਗ ਮਾਲਾਂ/ਮਲਟੀਪਲੈਕਸਾਂ ਅੰਦਰਲੇ ਰੈਸਟੋਰੈਂਟ/ਹੋਟਲ ਰਾਤ 9:30 ਤੱਕ ਬੰਦ ਹੋਣਗੇ।
ਸ਼੍ਰੀ ਦਿਆਲਨ ਨੇ ਅੱਗੇ ਕਿਹਾ ਕਿ ਐਸ.ਐਸ.ਪੀ, ਐਸ.ਡੀ.ਐਮ, ਸਿਵਲ ਸਰਜਨ, ਕਮਿਸ਼ਨਰ, ਐਮ.ਸੀ., ਸਾਰੇ ਈਓਜ਼ ਸਮਾਜਿਕ ਦੂਰੀ ਦੇ ਨਿਯਮਾਂ ਭਾਵ ਸਾਰੀਆਂ ਗਤੀਵਿਧੀਆਂ ਲਈ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣਗੇ।
ਉਕਤ ਅਧਿਕਾਰੀ ਜਨਤਕ ਅਤੇ ਕੰਮ ਵਾਲੀਆਂ ਥਾਵਾਂ ਆਦਿ `ਤੇ ਸਾਰੇ ਵਿਅਕਤੀਆਂ ਵੱਲੋਂ ਮਾਸਕ ਪਹਿਨਣ, ਨਾ ਥੁੱਕਣ ਅਤੇ ਵਾਰ-ਵਾਰ ਹੱਥ ਧੋਣ / ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣਗੇ।ਇਸ ਦੇ ਨਾਲ ਹੀ ਸਬੰਧਤ ਅਥਾਰਟੀਆਂ ਵੱਲੋਂ ਸਾਰੀਆਂ ਜਨਤਕ/ ਕੰਮ ਵਾਲੀਆਂ ਥਾਵਾਂ ਆਦਿ ਦੀ ਨਿਯਮਤ ਸਫ਼ਾਈ ਨੂੰ ਯਕੀਨੀ ਬਣਾਉਣਾ ਵੀ ਲਾਜ਼ਮੀ ਹੋਵੇਗਾ ਜਿਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ `ਤੇ ਥੁੱਕਣ ਸਬੰਧੀ ਜ਼ੁਰਮਾਨਾ 500 ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਉਲੰਘਣਾਵਾਂ ਲਈ ਆਫ਼ਤ ਪ੍ਰਬੰਧਨ ਐਕਟ,2005 ਅਤੇ ਇੰਡੀਅਨ ਪੀਨਲ ਕੋਡ, 1860 ਦੀਆਂ ਸਬੰਧਤ ਧਾਰਾਵਾਂ ਅਧੀਨ ਅਪਰਾਧਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
No comments:
Post a Comment