ਐਸ.ਏ.ਐਸ ਨਗਰ, 05 ਦਸੰਬਰ : ਵੇਰਕਾ ਮਿਲਕ ਪਲਾਂਟ ਦੇ ਉਤਪਾਦਨਾਂ ਦੀ ਗੁਣਵੱਤਾ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ । ਪਰ ਇਸ ਦੀ ਮਾਰਕੀਟਿੰਗ ਦਾ ਦਾਇਰਾ ਘੱਟ ਹੋਣ ਕਰਕੇ ਇਸ ਦੀ ਪਹੁੰਚ ਆਮ ਲੋਕਾਂ ਤੱਕ ਵੱਡੀ ਮਿਕਦਾਰ ਵਿੱਚ ਨਹੀਂ ਹੋ ਰਹੀ ਜਿਸ ਨੂੰ ਵਧਾਉਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੇਰਕਾ ਮੋਹਾਲੀ ਡੇਅਰੀ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਦੁਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਮੁਨਾਫਾ ਵੰਡਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ।
ਸ. ਸਿੱਧੂ ਨੇ ਕਿਹਾ ਕਿ ਵੇਰਕਾ ਡੇਅਰੀ ਦੇ ਉਤਪਾਦਨਾਂ ਦੀ ਮਾਰਕੀਟਿੰਗ ਵਿੱਚ ਵਾਧਾ ਕਰਨ ਲਈ ਮਾਰਕੀਟਿੰਗ ਕੰਪਨੀਆਂ ਦਾ ਸਹਿਯੋਗ ਲਿਆ ਜਾਵੇ ਅਤੇ ਇਸ ਦੇ ਪਰੋਡੈਕਟ ਦੇਸ਼ ਦੀ ਰਾਜਧਾਨੀ ਸਮੇਤ ਵੱਡੇ ਸ਼ਹਿਰਾਂ ਤੱਕ ਪੁੱਜਦੇ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਖੇਤੀਬਾੜੀ ਦੇ ਨਾਲ ਮਿਲਦੇ ਜੁਲਦੇ ਇਸ ਸਹਾਇਕ ਧੰਦੇ ਦਾ ਕਿਸਾਨਾਂ ਨੂੰ ਹੋਰ ਵੱਧ ਲਾਭ ਮਿਲ ਸਕੇ । ਉਨ੍ਹਾਂ ਕਿਹਾ ਕਿ ਇਸ ਧੰਦੇ ਨਾਲ ਪੰਜਾਬ ਦੀ ਆਰਥਿਕਤਾ ਦੀ ਸਥਿਤੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ. ਸਿੱਧੂ ਨੇ ਪੰਜਾਬੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਉੱਦਮੀ, ਇਮਾਨਦਾਰ ਅਤੇ ਦਲੇਰ ਹਨ ਅਤੇ ਪੰਜਾਬ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ। ਉਨ੍ਹਾਂ ਨੇ ਸਹਿਕਾਰਤਾ ਲਹਿਰ ਵਿਚ ਸਭ ਤੋਂ ਵੱਡਾ ਯੋਗਦਾਨ ਮੈਨੇਜਮੈਂਟ ਦਾ ਦੱਸਿਆ, ਜੋ ਕਿ ਸਹੀ ਦਿਸ਼ਾ ਅਤੇ ਉਸਾਰੂ ਯੋਗ ਅਗਵਾਈ ਨਾਲ ਸਹਿਕਾਰਤਾ ਨੂੰ ਸਿਖਰਾਂ ਤੇ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਨੂੰ ਸਹਿਕਾਰਤਾ ਲਹਿਰ ਵਿੱਚ ਨੇਕਨੀਤੀ ਅਤੇ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਕਾਰਵਾਈ ਹੇਠ ਜੋ ਸਹਿਕਾਰਤਾ ਲਹਿਰ ਚਲਾ ਰਹੀ ਹੈ, ਉਸ ਵਿੱਚ ਗਰਲੈਂਡ, ਮਾਰਕਫ਼ੈਡ, ਸਹਿਕਾਰੀ ਬੈਂਕ ਅਤੇ ਸਹਿਕਾਰੀ ਦੁੱਧ ਉਤਪਾਦਕ ਅਦਾਰਿਆਂ ਦਾ ਪੰਜਾਬ ਦੀ ਆਰਥਿਕਤਾ ਵਿੱਚ ਪ੍ਰਮੁੱਖ ਯੋਗਦਾਨ ਹੈ।
ਸ. ਸਿੱਧੂ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਤਬਾਹ ਹੋ ਜਾਵੇਗੀ ਉਥੇ ਆਮ ਲੋਕਾਂ ਦਾ ਜਿਊਣਾ ਵੀ ਮੁਸ਼ਕਲ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਇਸ ਔਖੀ ਘੜੀ ਵਿੱਚ ਕਿਸਾਨਾਂ ਦੇ ਨਾਲ ਹੈ । ਉਨਾਂ ਚਿਤਾਵਨੀ ਦਿੰਦਿਆਂ ਕਿਹਾ, ‘‘ਆਉਣ ਵਾਲੇ ਸਮਿਆਂ ਦੌਰਾਨ ਭਾਰਤ ਸਰਕਾਰ ਵੱਲੋਂ ਇਨਾਂ ਕਾਲੇ ਕਾਨੂੰਨਾਂ ਤੋਂ ਬਾਅਦ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਤੇ ਐਫ.ਸੀ.ਆਈ. ਦਾ ਖਾਤਮਾ ਕੀਤਾ ਜਾਵੇਗਾ ਜਿਸ ਨਾਲ ਪਿਛਲੇ ਕਾਫੀ ਸਮੇਂ ਤੋਂ ਚੱਲੀ ਆ ਰਹੀ ਅਤੇ ਲਾਹੇਵੰਦ ਸਾਬਤ ਹੋਈ ਖਰੀਦ ਅਤੇ ਮੰਡੀਕਰਨ ਪ੍ਰਣਾਲੀ ਦਾ ਅੰਤ ਹੋ ਜਾਵੇਗਾ । ਐਮ.ਐਸ.ਪੀ. ਦੇ ਅੰਤ ਨਾਲ ਕਣਕ ਵੀ ਮੱਕੀ ਵਾਂਗ ਹੀ ਵਿਕੇਗੀ, ਭਾਵ ਇਸ ਦੀਆਂ ਕੀਮਤਾਂ ਐਮ.ਐਸ.ਪੀ. ਤੋਂ ਕਾਫੀ ਘੱਟ ਹੋਣਗੀਆਂ । ਇਸ ਮੌਕੇ ਸ. ਸਿੱਧੂ ਨੇ ਵੇਰਕਾ ਮੋਹਾਲੀ ਡੇਅਰੀ ਵੱਲੋਂ ਮੋਹਾਲੀ ਡੇਅਰੀ ਦੇ 12 ਜ਼ੋਨਾਂ ਵਿੱਚ ਹਰੇਕ ਜ਼ੋਨ ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਧੀਆ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਕੀਮਤੀ ਅੰਤਰ ਦੇ ਚੈੱਕ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ।
ਇਸ ਮੌਕੇ ਮਿਲਕ ਯੂਨੀਅਨ ਰੋਪੜ ਦੇ ਚੇਅਰਮੈਨ ਸ੍ਰੀ ਮੋਹਣ ਸਿੰਘ ਡੂੰਮੇਵਾਲ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਸਹਿਕਾਰਤਾ ਅਧੀਨ ਦੁੱਧ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ ਵੱਖ-ਵੱਖ ਸਭਾਵਾਂ ਨਾਲ ਜੁੜੇ ਮੈਂਬਰਾਂ ਦੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਵੇਰਕਾ ਮੋਹਾਲੀ ਡੇਅਰੀ ਨਾਲ ਜੁੜੀਆਂ ਲਗਭੱਗ 1293 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਮੁਨਾਫੇ ਵਿੱਚ ਚਲ ਰਹੀਆਂ ਹਨ ਅਤੇ ਹਰ ਸਾਲ ਮੈਂਬਰਾਂ ਨੂੰ ਮੁਨਾਫਾ ਵੰਡ ਰਹੀਆਂ ਹਨ। ਵੇਰਕਾ ਮੋਹਾਲੀ ਡੇਅਰੀ ਵੱਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਭਾਅ ਤੋਂ ਇਲਾਵਾ ਹਰ ਸਾਲ ਕੀਮਤ-ਅੰਤਰ, ਬੋਨਸ ਅਤੇ ਡਿਵੀਡੈਂਡ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਦਾ ਉਤਪਾਦਨ ਵਧਾਉਣ ਲਈ ਪਸ਼ੂਆਂ ਦੀ ਨਸਲ ਸੁਧਾਰ ਵਾਸਤੇ ਬਨਾਵਟੀ ਗਰਭਦਾਨ ਦੇ ਟੀਕੇ, ਹਰੇ ਚਾਰੇ ਦੇ ਬੀਜ਼, ਕੈਟਲਫੀਡ ਅਤੇ ਮਿਨਰਲ ਮਿਕਸਰ, ਮਿਲਕਿੰਗ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸ ਮੌਕੇ ਵਾਇਸ ਚੇਅਰਮੈਨ ਮਿਲਕ ਯੂਨੀਅਨ ਰੋਪੜ ਸ੍ਰੀਮਤੀ ਪਰਮਜੀਤ ਕੌਰ ਚੱਕਲ, ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਡਿਪਟੀ ਰਜਿਸਟਰਾਰ ਸੁਚਰੀਤ ਕੌਰ ਚੀਮਾ, ਬੋਰਡ ਆਫ ਡਾਇਰੈਕਟਰਜ਼ ਸੁਰਿੰਦਰ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਜਸਪਾਲ ਸਿੰਘ, ਹਰਕੀਤ ਸਿੰਘ, ਵੇਰਕਾ ਮਿਲਕ ਡੇਅਰੀ ਦੇ ਅਧਿਕਾਰੀ ਅਤੇ ਦੁੱਧ ਸਹਿਕਾਰੀ ਸਭਾਵਾਂ ਦੇ ਆਹੁਦੇਦਾਰ ਮੌਜੂਦ ਸਨ ।
No comments:
Post a Comment