ਚੰਡੀਗੜ੍ਹ, 18 ਦਸੰਬਰ, : ਰਾਜਪੁਰਾ ਵਿੱਚ ਪਿਛਲੇ ਸਮੇਂ ਵਿੱਚ ਨਕਲੀ ਸ਼ਰਾਬ ਬਣਾਉਣ ਦੀਆਂ ਅਨੇਕਾਂ ਫ਼ੈਕਟਰੀਆਂ ਫੜੇ ਜਾਣ ਅਤੇ ਕੱਲ੍ਹ ਉੱਥੇ ਹੀ ਨਕਲੀ ਸੈਨੀਟਾਈਜ਼ਰ ਬਣਾਉਣ ਦੀ ਫ਼ੈਕਟਰੀ ਪੁਲਿਸ ਵੱਲੋਂ ਜਬਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਹਿ ਉੱਤੇ ਹੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਇਸ ਖੇਤਰ ਵਿਚ ਨਕਲੀ ਸ਼ਰਾਬ ਦੇ ਮਾਫ਼ੀਆ ਨੂੰ ਚਲਾ ਰਹੇ ਹਨ।
ਚੀਮਾ ਨੇ ਕਿਹਾ ਕਿ ਨਕਲੀ ਸ਼ਰਾਬ ਮਾਫ਼ੀਆ ਦੇ ਖ਼ੁਲਾਸਿਆਂ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਹੈ ਕਿ ਇਸ ਕਾਰਜ ਵਿਚ ਕੈਪਟਨ ਦੇ ਕਰੀਬੀ ਵਿਧਾਇਕਾਂ ਦਾ ਪੂਰਾ ਹੱਥ ਹੈ ਕਿਉਂ ਜੋ ਉਨ੍ਹਾਂ ਦੇ ਘਰ ਤੋਂ ਕੁੱਝ ਮੀਟਰ ਦੀ ਦੂਰੀ ਤੇ ਹੀ ਅਜਿਹਾ ਕਾਰਜ ਹੋਣਾ ਉਨ੍ਹਾਂ ਦੀ ਸ਼ਮੂਲੀਅਤ ਨੂੰ ਸਿੱਧ ਕਰਦਾ ਹੈ। ਚੋਣਾਂ ਤੋਂ ਪਹਿਲਾਂ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ ਵਿੱਚ ਚਾਰ ਹਫ਼ਤਿਆਂ ਵਿਚ ਨਸ਼ਾ ਬੰਦ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਤੇ ਕਬਜਾ ਕਰਨ ਤੋਂ ਬਾਅਦ ਖ਼ੁਦ ਇਸ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਕੇ ਆਪਣੇ ਵਿਧਾਇਕਾਂ ਰਾਹੀਂ ਪੰਜਾਬ ਵਿਚ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਅੰਜਾਮ ਦੇ ਰਹੇ ਹਨ।
ਸ਼ਰਾਬ ਮਾਫ਼ੀਆ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਸਰਕਾਰ ਦੇ ਚਾਰ ਸਾਲਾਂ ਦੌਰਾਨ ਪਟਿਆਲਾ ਤੇ ਰਾਜਪੁਰਾ ਖੇਤਰ ਵਿੱਚ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਆਇਆ ਪ੍ਰੰਤੂ ਇਹ ਨਕਲੀ ਸ਼ਰਾਬ ਦਾ ਮੁੱਖ ਕੇਂਦਰ ਜ਼ਰੂਰ ਬਣ ਗਿਆ ਹੈ। ਇਹ ਸਾਰੀਆਂ ਨਕਲੀ ਫ਼ੈਕਟਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਧਾਇਕਾਂ ਦੀ ਛਤਰ ਛਾਇਆ ਹੇਠ ਹੀ ਵਧ ਫੁੱਲ ਰਹੀਆਂ ਹਨ। ਇਹ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਐੱਮ ਐੱਲ ਏ ਹਰਦਿਆਲ ਕੰਬੋਜ ਅਤੇ ਮਦਨ ਲਾਲ ਖਲਿਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਚੀਮਾ ਨੇ ਕਿਹਾ ਕਿ ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਸ਼ਰਾਬ ਮਾਫ਼ੀਆ ਚਲਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤੇ ਜਾਣ ਦੇ ਵਿਰੁੱਧ ਸ਼ਿਕਾਇਤ ਕਰੇਗੀ।
ਪਹਿਲਾਂ ਰਾਜਪੁਰਾ ਅਤੇ ਸ਼ੰਭੂ ਵਿੱਚ ਨਾਜਾਇਜ਼ ਸ਼ਰਾਬ ਦੀਆਂ ਫ਼ੈਕਟਰੀਆਂ ਵਿੱਚ ਨਾਮ ਆਉਣ ਤੋਂ ਬਾਅਦ ਹੁਣ ਨਕਲੀ ਸੈਨੀਟਾਈਜ਼ਰ ਬਣਾਉਣ ਦੇ ਪ੍ਰੋਜੈਕਟ ਵਿੱਚ ਵੀ ਵਿਧਾਇਕ ਕੰਬੋਜ ਦੀ ਸਿੱਧੀ ਸ਼ਮੂਲੀਅਤ ਦਾ ਜ਼ਿਕਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਉਹ ਆਪਣੀ ਚੁੱਪੀ ਤੋੜਦਿਆਂ ਇਹ ਦੱਸਣ ਕਿ ਉਨ੍ਹਾਂ ਨੂੰ ਇਸ 'ਰਾਜਪੁਰਾ ਗੈਂਗ' ਨੂੰ ਬਚਾਉਣ ਲਈ ਕੀ ਕੁੱਝ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਇਹ ਵੀ ਦੱਸਣ ਕਿ ਉਨ੍ਹਾਂ ਦੇ ਕਰੀਬੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਹੀ ਨਾਂ ਹਰ ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਦੇ ਕੇਸ ਵਿਚ ਕਿਉਂ ਆਉਂਦਾ ਹੈ।
No comments:
Post a Comment