ਚੰਡੀਗੜ੍ਹ, 11 ਜਨਵਰੀ : ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਆਪ’ ਖਿਲਾਫ ਕੀਤੀ ਬਿਆਨਬਾਜ਼ੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ ਕਿ ਕਿਸਾਨਾਂ ਨਾਲ ਡੱਟਕੇ ਖੜ੍ਹੀ ‘ਆਪ’ ਖਿਲਾਫ ਉਹ ਮੰਤਰੀ ਦੂਸ਼ਣਬਾਜ਼ੀ ਕਰ ਰਿਹਾ ਹੈ ਜੋ ਬੇਰੁਜ਼ਾਗਰ ਅਧਿਆਪਕਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ’ਤੇ ਅੱਤਿਆਚਾਰ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਆਪਣੇ ਮੁੱਖ ਮੰਤਰੀ ਦੇ ਵਾਂਗ ਹੀ ਮੋਦੀ-ਸ਼ਾਹ ਦੀ ਗਾਈਡਲਾਈਨ ਮੁਤਾਬਕ ਉਸੇ ਚਸਮੇ ਨਾਲ ਹੀ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕੜਾਕੇ ਦੀ ਠੰਢ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਉੱਤੇ ਕੇਂਦਰ ਦੀ ਮੋਦੀ ਸਰਕਾਰ ਕਹਿਰ ਢਾਹ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕੜਾਕੇ ਦੀ ਠੰਢ ਵਿੱਚ ਉਨ੍ਹਾਂ ਦੇ ਘਰ ਬਾਹਰ ਬੈਠੇ ਬੇਰੁਜ਼ਗਾਰ ਅਧਿਆਪਕ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਆਮ ਆਦਮੀ ਪਾਰਟੀ ਖਿਲਾਫ ਦੂਸ਼ਣਬਾਜ਼ੀ ਕਰਨ ਦੀ ਬਜਾਏ ਉਨ੍ਹਾਂ ਦੀ ਦਿੱਲੀ ਦੀ ਸਰਕਾਰ ਤੋਂ ਸਿੱਖਣ ਕਿ ਅਧਿਆਪਕਾਂ ਦੀ ਕਿਵੇਂ ਕਦਰ ਕੀਤੀ ਜਾਂਦੀ ਹੈ।
ਉਨ੍ਹਾਂ ਸਿੱਖਿਆ ਮੰਤਰੀ ਨੂੰ ਕਿਹਾ ਕਿ ਕਿਸੇ ਖਿਲਾਫ ਬੋਲਣ ਤੋਂ ਪਹਿਲਾਂ ਉਹ ਆਪਣੇ ਘਰ ਦੇ ਬਾਹਰ ਪਿਛਲੇ 12 ਦਿਨਾਂ ਤੋਂ ਧਰਨਾ ਮਾਰ ਕੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ, ਨਾ ਕਿ ਜਿਵੇਂ ਮੋਦੀ ਕਿਸਾਨਾਂ, ਕਿਰਤੀਆਂ ਉੱਤੇ ਜ਼ੁਲਮ ਢਾਹ ਰਿਹਾ ਹੈ, ਉਹ ਕਿਸਾਨਾਂ, ਕਿਰਤੀਆਂ ਦੇ ਬੇਰੁਜ਼ਗਾਰ ਪੁੱਤ-ਧੀਆਂ ਉੱਤੇ ਅੱਤਿਆਚਾਰ ਕਰਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਨਿਰਮਾਤਾ ਅਧਿਆਪਕ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ, ਜੋ ਅਧਿਆਪਕਾਂ ਪ੍ਰਤੀ ਇੰਤਰਾਜਯੋਗ ਸ਼ਬਦ ਵਰਤਦਾ ਹੋਇਆ ਮਾੜੀ ਭਾਸ਼ਾ ਬੋਲਣ ਦਾ ਮਾਹਿਰ ਹੈ, ਉਹ ਹੁਣ ਗਿਆਨ ਵੰਡਣ ਦਾ ਕੰਮ ਕਰ ਰਿਹਾ ਹੈ। ਅਜਿਹਾ ਗਿਆਨ ਜੇਕਰ ਉਹ ਆਪਣੇ ਕੋਲ ਹੀ ਰੱਖਣ ਤਾਂ ਚੰਗਾ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ਉੱਤੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸਦੇ ਮੰਤਰੀ ਕੇਂਦਰ ਸਰਕਾਰ ਦੇ ਬਚਾਅ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੱਸਣਗੇ ਕਿ ਡਰਾਮੇਬਾਜ਼ੀ ਕਰਨ ਤੋਂ ਬਿਨਾਂ ਹਕੀਕਤ ਵਿੱਚ ਕਿਸਾਨਾਂ ਲਈ ਕੁਝ ਕੀਤਾ ਵੀ ਹੈ? ਉਨ੍ਹਾਂ ਕਿਹਾ ਕਿ ਕੀ ਮੰਤਰੀ ਸਿੰਗਲਾ ਇਹ ਦੱਸਣਗੇ ਕਿ ਕੈਪਟਨ ਨੇ ਅੱਜ ਤੱਕ ਕਿਸਾਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਕਿਉਂ ਨਹੀਂ ਮੰਗਿਆ? ਕੀ ਸਿੰਗਲਾ ਇਹ ਵੀ ਦੱਸਣਗੇ ਕਿ ਜਦੋਂ ਕੈਪਟਨ ਅਮਰਿੰਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤਾਂ ਕਿਸਾਨਾਂ ਦੀ ਮੰਗ ਸਬੰਧੀ ਕੋਈ ਸ਼ਬਦ ਕਿਉਂ ਨਹੀਂ ਬੋਲੇ? ਕੈਪਟਨ ਦੀ ਅਮਿਤ ਸ਼ਾਹ ਨਾਲ ਕੀ ਡੀਲ ਹੋਈ ਜਿਨ੍ਹਾਂ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਵਿੱਚ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ, ਲਾਠੀਚਾਰਜ ਕਰਨ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ?
ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਸਿੰਗਲਾ ਨੂੰ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਲਈ ਕੀਤਾ ਜਾਂਦਾ ਕੰਮ ਗੁਨਾਹ ਲੱਗਦਾ ਹੈ ਤਾਂ ‘ਆਪ’ ਅਜਿਹੇ ਗੁਨਾਹ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ ਮੁਸੀਬਤ ਸਮੇਂ ਉਨ੍ਹਾਂ ਨਾਲ ਖੜ੍ਹਨਾ ਸਾਡਾ ਫਰਜ ਹੈ।
ਉਨ੍ਹਾਂ ਕਿਹਾ ਕਿ ‘ਕਿਸਾਨਾਂ ਦੇ ਮਸੀਹਾਂ’ ਬਣਕੇ ਉਨ੍ਹਾਂ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਵਿਚੋਂ ਕੋਈ ਵੀ ਹੁਣ ਤੱਕ ਇਕ ਵਾਰ ਵੀ ਕਿਸਾਨ ਅੰਦੋਲਨ ਵਿੱਚ ਕਿਉਂ ਨਹੀਂ ਗਿਆ? ਕੈਪਟਨ ਅਮਰਿੰਦਰ ਤੇ ਉਸਦੇ ਮੰਤਰੀ ਡਰਾਮੇਬਾਜ਼ੀ ਕਰਦੇ ਹੋਏ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੇ ਹਨ, ਕੈਪਟਨ ਸਰਕਾਰ ਵੀ ਕਾਲੇ ਕਾਨੂੰਨ ਜਿੰਨਾਂ ਨੂੰ ਕਿਸਾਨ ਆਪਣੇ ਲਈ ਮੌਤ ਦੇ ਵਾਰੰਟ ਦੱਸਦੇ ਹਨ, ਲਈ ਉਨੀਂ ਹੀ ਜ਼ਿੰਮੇਵਾਰ ਹੈ ਜਿੰਨੀ ਕੇਂਦਰ ਦੀ ਮੋਦੀ ਸਰਕਾਰ, ਬਾਦਲ ਦਲ ਹੈ। ਕੈਪਟਨ ਨੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਖਰੜੇ ਉੱਤੇ ਦਸਤਖਤ ਕਰਕੇ ਕਿਸਾਨ ਦੀ ਮੌਤ ਦੇ ਵਾਰੰਟਾਂ ਉੱਤੇ ਸਹਿਮਤੀ ਭਰੀ ਸੀ।
No comments:
Post a Comment