ਮੋਹਾਲੀ, 11 ਜਨਵਰੀ : ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਮਨਜੀਤ ਸਿੰਘ ਨੇ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ. ਸੀ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਸਮੁੱਚੇ ਸਟਾਫÊਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਸੇਵਾਮੁਕਤੀ ਮਗਰੋਂ ਇਸ ਅਦਾਰੇ ਦੇ ਡਾਇਰੈਕਟਰ ਵਜੋਂ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਹੈ। ਸਥਾਨਕ ਫ਼ੇਜ਼ ਅੱਠ ਵਿਖੇ ਅਪਣੇ ਦਫਤਰ ਵਿਚ ਅਹੁਦਾ ਸੰਭਾਲਣ ਮਗਰੋਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਅਦਾਰੇ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਤਾਂ ਜੋ ਸੂੂਬੇ ਦੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਮਿਆਰੀ ਤੇ ਸੁਚੱਜੀਆਂ ਸੇਵਾਵਾਂ ਵਿਚ ਹੋਰ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਦਾਰੇ ਦੇ ਸਮੂਹ ਸਟਾਫ ਨੂੰ ਨਾਲ ਲੈ ਕੇ ਚੱਲਣਗੇ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਕੰਮ ਵਿਚ ਪੂਰਾ ਸਹਿਯੋਗ ਮਿਲੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ 15 ਅਗੱਸਤ ਨੂੰ ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਦੁਆਰਾ ‘ਕੋਵਿਡ-19’ ਵਿਰੁਧ ਜੰਗ ਵਿਚ ਨਿਭਾਈਆਂ ਜਾ ਰਹੀਆਂ ਲਾਮਿਸਾਲ ਤੇ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਇਸ ਮਹਾਂਮਾਰੀ ਵਿਰੁਧ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਵਿਚ ਮੋਹਰੀ ਅਤੇ ਡਟਵਾਂ ਰੋਲ ਅਦਾ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ। ਮੋਹਾਲੀ ਦੇ ਸਿਵਲ ਸਰਜਨ ਹੁੰਦਿਆਂ ਉਨ੍ਹਾਂ ਨੇ ‘ਕੋਰੋਨਾ ਵਾਇਰਸ’ ਮਹਾਂਮਾਰੀ ਵਿਰੁਧ ਜੰਗ ਵਿਚ ਜਿਥੇ ਅਪਣੀਆਂ ਟੀਮਾਂ ਦੀ ਖ਼ੁਦ ਮੈਦਾਨ ਵਿਚ ਡੱਟ ਕੇ ਅਗਵਾਨੀ ਕੀਤੀ, ਉਥੇ ਉਹ ਆਪ ਵੀ ਮਰੀਜ਼ਾਂ ਦੇ ਘਰਾਂ ਤਕ ਗਏੇ। ਡਾ. ਮਨਜੀਤ ਸਿੰਘ ਨੇ 36 ਸਾਲਾਂ ਤਕ ਸਿਹਤ ਵਿਭਾਗ ਵਿਚ ਬੇਦਾਗ਼, ਈਮਾਨਦਾਰਾਨਾ ਅਤੇ ਸਮਰਪਿਤ ਸੇਵਾਵਾਂ ਦਿਤੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪਰਵਾਰਕ ਜੀਅ, ਸਿਵਲ ਸਰਜਨ ਮੋਹਾਲੀ ਦੇ ਪੀ.ਏ. ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਲਬਾਗ਼ ਸਿੰਘ, ਭੁਪਿੰਦਰ ਸਿੰਘ ਆਦਿ ਵੀ ਮੌਜੂਦ ਸਨ।
No comments:
Post a Comment