ਐਸ.ਏ.ਐਸ.ਨਗਰ (ਗੁਰਪ੍ਰੀਤ ਸਿੰਘ) 24 ਫਰਵਰੀ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਨੇ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਈ-ਕਾਰਡ ਬਣਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਖ਼ਿਜ਼ਰਾਬਾਦ ਵਿਖੇ ਜਾਇਜ਼ਾ ਲਿਆ। ਡਾ. ਦਲਜੀਤ ਸਿੰਘ ਨੇ ਮੌਕੇ ’ਤੇ ਮੌਜੂਦ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਈ-ਕਾਰਡ ਬਣਾਉਣ ਦੇ ਕੰਮ ਦੀ ਪ੍ਰਗਤੀ ਬਾਰੇ ਜਾਣਿਆ। ਉਨ੍ਹਾਂ ਇਸ ਯੋਜਨਾ ਸਬੰਧੀ ਕੁਝ ਲੋਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਫ਼ਰਵਰੀ ਤੋਂ 28 ਫ਼ਰਵਰੀ ਤਕ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਥੇ ਪਿੰਡ ਪੱਧਰ ’ਤੇ ਵੱਧ ਤੋਂ ਵੱਧ ਲੋਕਾਂ ਦੇ ਈ-ਕਾਰਡ ਬਣਾਏ ਜਾਣੇ ਹਨ, ਉਥੇ ਲੋਕਾਂ ਨੂੰ ਇਸ ਯੋਜਨਾ ਦੇ ਲਾਭਾਂ ਬਾਰੇ ਜਾਗਰੂਕ ਵੀ ਕਰਨਾ ਹੈ। ਇਸ ਮਕਸਦ ਲਈ ਜਾਗਰੂਕਤਾ ਵੈਨ ਪਿੰਡ-ਪਿੰਡ ਘੁੰਮ ਰਹੀ ਹੈ। ਕਾਰਡ ਬਣਾਉਣ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਸ਼ਹਿਰੀ ਖੇਤਰ ਦੀਆਂ ਗਲੀਆਂ, ਮੁਹੱਲਿਆਂ ਅਤੇ ਪਿੰਡਾਂ ਵਿਚ ਕੈਂਪ ਲਾ ਕੇ ਕਾਰਡ ਬਣਾਏ ਜਾ ਰਹੇ ਹਨ।
ਡਾ. ਕੁਲਦੀਪ ਸਿੰਘ ਨੇ ਦਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਬੀਪੀਐਲ ਪਰਵਾਰਾਂ, ਸਮਾਰਟ ਰਾਸ਼ਨ ਕਾਰਡ ਧਾਰਕਾਂ, ਕਿਸਾਨਾਂ ਅਤੇ ਵਪਾਰੀਆਂ ਆਦਿ ਨੂੰ ਪੰਜ ਲੱਖ ਰੁਪਏ ਤਕ ਦੀਆਂ ਮੁਫ਼ਤ ਇਲਾਜ ਸੇਵਾਵਾਂ ਮੁਹਈਆ ਕਰਵਾ ਰਹੀ ਹੈ। ਉਨ੍ਹਾਂ ਦਸਿਆ ਕਿ ਈ-ਕਾਰਡ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਹੈ। ਇਹ ਕਾਰਡ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰ ਅਤੇ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਵਿਚ ਬਣ ਰਹੇ ਹਨ। ਉਨ੍ਹਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਈ-ਕਾਰਡ ਕੇਂਦਰ ਤਕ ਪਹੁੰਚ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਵਾਉਣ ਲਈ ਅਪਣੇ ਪਿੰਡ ਦੇ ਸਰਪੰਚ ਜਾਂ ਆਸ਼ਾ ਵਰਕਰ ਨਾਲ ਤਾਲਮੇਲ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਕਾਲ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਐਸ.ਆਈ. ਗੁਰਤੇਜ ਸਿੰਘ, ਜਗਤਾਰ ਸਿੰਘ, ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment