ਚੰਡੀਗੜ੍ਹ, ਗੁਰਨਾਮ ਸਾਗਰ 23 ਫਰਵਰੀ :
ਦਿੱਲੀ, ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਲੋਕਾਂ ਦਾ ਸਮਰਥਨ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ। ਮੰਗਲਵਾਰ ਨੂੰ ਆਏ ਗੁਜਰਾਤ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 27 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਗੁਜਰਾਤ ਨੂੰ ਭਾਜਪਾ ਦਾ ਸਭ ਤੋਂ ਸੁਰੱਖਿਅਤ ਗੜ੍ਹ ਮੰਨਿਆ ਜਾਂਦਾ ਸੀ, ਪ੍ਰੰਤੂ ਆਮ ਆਦਮੀ ਪਾਰਟੀ ਦੀ ਦਾਖਲ ਹੋਣ ਨਾਲ ਭਾਜਪਾ ਉੱਤੇ ਹੁਣ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਸੂਰਤ ਨਗਰ ਨਿਗਮ ਵਿੱਚ ਤਾਂ ਪਾਰਟੀ ਦੂਜੇ ਸਥਾਨ ਉਤੇ ਰਹੀ। ਸੂਰਤ ਵਿੱਚ ਕਾਂਗਰਸ ਪਾਰਟੀ ਦਾ ਸੂਪੜਾ ਸਾਫ ਹੋ ਗਿਆ ਹੈ। ਕਾਂਗਰਸ ਸੂਰਤ ਵਿੱਚ ਇਕ ਵੀ ਸੀਟ ਨਾ ਜਿੱਤ ਸਕੀ।
ਚੋਣ ਨਤੀਜਿਆਂ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਲਈ ਗੁਜਰਾਤ ਦੇ ਲੋਕਾਂ ਦਾ ਦਿਲੋਂ ਧੰਨਵਾਦ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਵੋਟ ਦਿੱਤੀ। ਗੁਜਰਾਤ ਦੇ ਲੋਕ ਕਾਂਗਰਸ ਅਤੇ ਭਾਜਪਾ ਦੀ ਰਾਜਨੀਤੀ ਤੋਂ ਨਰਾਜ਼ ਸਨ। ਗੁਜਰਾਤ ਦੇ ਲੋਕਾਂ ਨੂੰ ਇਕ ਬਦਲਾਅ ਚਾਹੀਦਾ ਸੀ ਅਤੇ ਆਮ ਆਦਮੀ ਪਾਰਟੀ ਵਜੋਂ ਉਨ੍ਹਾਂ ਨੂੰ ਇਹ ਬਦਲਾਅ ਮਿਲਿਆ ਹੈ।
ਹੁਣ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਿਰਫ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਹੋਵੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਗੁਜਰਾਤ ਵਿਚ ਰਾਜਨੀਤੀ ਦਾ ਅੰਤ ਹੋ ਗਿਆ ਹੈ। ਹੁਣ ਸਿਰਫ ਜਨਤਾ ਦੇ ਮੁੱਦਿਆਂ ਦੀ ਰਾਜਨੀਤੀ ਚਲੇਗੀ। ਅਸੀਂ ਜਨਤਾ ਦੇ ਮੁੱਦਿਆਂ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਚੁੱਕਾਂਗੇ।
ਜ਼ਿਕਰਯੋਗ ਹੈ ਕਿ 'ਆਪ' ਦੀਆਂ ਜਨ ਸਭਾਵਾਂ ਅਤੇ ਰੈਲੀਆਂ ਵਿੱਚ ਲੋਕ ਵੱਡੀ ਗਿਣਤੀ ਵਿਚ ਆ ਰਹੇ ਸਨ। ਗੁਜਰਾਤ ਦੇ ਲੋਕ 'ਆਪ' ਉਮੀਦਵਾਰਾਂ ਦਾ ਕਾਫੀ ਸਮਰਥਨ ਕਰ ਰਹੇ ਸਨ। ਚੋਣਾਂ ਦੇ ਨਤੀਜੇ ਨੇ ਸਪੱਸ਼ਟ ਕਰ ਦਿੱਤਾ ਕਿ ਗੁਜਰਾਤ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ ਅਤੇ ਉਨ੍ਹਾਂ ਇਨ੍ਹਾਂ ਚੋਣਾਂ ਵਿੱਚ ਬਦਲਾਅ ਲਈ ਵੋਟ ਦਿੱਤੀ ਹੈ। ਗੁਜਰਾਤ ਦੇ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਤੋਂ ਬਦਲਾਅ ਦੀਆਂ ਉਮੀਦਾਂ ਹਨ।
ਗੁਜਰਾਤ ਨਗਰ ਨਿਗਮ ਚੋਣਾਂ ਦੇ ਨਤੀਜੇ ਸੂਬੇ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਲਾਭਕਾਰੀ ਸਾਬਤ ਹੋਣਗੀਆਂ। ਵੱਖ ਵੱਖ ਸੂਬਿਆਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਅਤੇ ਲੋਕਾਂ ਦਾ ਪਾਰਟੀ ਵੱਲ ਰੁਝਾਨਾਂ ਨੂੰ ਦੇਖਣ ਤੋਂ ਸਪੱਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਹੁਣ ਦੇਸ਼ ਦੇ ਲੋਕਾਂ ਦੀ ਨਜ਼ਰ ਵਿੱਚ ਇਕ ਭਰੋਸੇਵੰਦ ਬਦਲਾਅ ਵਜੋਂ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਵੀ ਪਾਰਟੀ ਨੇ 60 ਸੀਟਾਂ ਜਿੱਤੀਆਂ ਅਤੇ ਸ਼ਹਿਰ ਖੇਤਰ ਵਿੱਚ ਪਾਰਟੀ ਦਾ ਵੋਟ ਫੀਸਦੀ ਕਾਫੀ ਵਾਧਾ ਦੇਖਣ ਨੂੰ ਮਿਲਿਆ। ਪਾਰਟੀ ਦੇ ਬਿਆਨ ਵਿੱਚ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਉੱਤੇ ਇਕ ਮਜ਼ਬੂਤ ਸੰਗਠਨ ਤਿਆਰ ਕਰੇਗੀ ਅਤੇ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੇਗੀ।
No comments:
Post a Comment