ਐਸ.ਏ.ਐਸ. ਨਗਰ(ਗੁਰਪ੍ਰੀਤ ਸਿੰਘ ਕਾਂਸਲ)19 ਫਰਵਰੀ :ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ (ਮੋਹਾਲੀ) ਨੇ ‘ਬੇਕਿੰਗ ਪ੍ਰਣਾਲੀ ਰਾਹੀਂ ਮੁੱਲ ਵਰਧਕ ਉਤਪਾਦ ਬਣਾਉਣ’ ਵਿਸ਼ੇ ਤੇ ਮਿਤੀ 11-02-2021 ਤੋਂ 17-02-2021 ਤੱਕ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ 10 ਕਿਸਾਨ ਔਰਤਾਂ ਨੇ ਹਿੱਸਾ ਲਿਆ।
ਡਾ. ਪਾਰੁਲ
ਗੁਪਤਾ, ਕੋਰਸ ਕੋਆਰਡੀਨੇਟਰ ਕਮ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੇਕਿੰਗ
ਤਕਨੀਕਾਂ, ਬੇਕਿੰਗ ਲਈ ਲੋੜੀਂਦੇ ਔਜਾਰ, ਬੇਕਿੰਗ ਲਈ ਸਮੱਗਰੀ, ਘਰੇਲੂ ਮਾਪ ਤੋਲ, ਬੇਕਿੰਗ
ਲਈ ਆਮ ਹਦਾਇਤਾਂ, ਕੇਕ, ਕੁਕੀਜ਼, ਬਿਸਕੁਟ ਆਦਿ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ।
ਉਹਨਾਂ ਨੇ ਇਹ ਵੀ ਦੱਸਿਆ ਕਿ ਬੇਕਿੰਗ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਓਵਨ, ਗਰਮ ਰੇਤ
ਜਾਂ ਗਰਮ ਪੱਥਰਾਂ ਦੀ ਵਰਤੋਂ ਕਰਕੇ ਮੁੱਲ ਵਰਧਨ ਉਤਪਾਦ ਬਣਾਏ ਜਾ ਸਕਦੇ ਹਨ।
ਇਸ
ਕੋਰਸ ਵਿੱਚ ਮੋਹਾਲੀ ਤੋਂ ਉੱਦਮੀ ਮਹਿਲਾ ਸ਼੍ਰੀਮਤੀ ਜਨਮੀਤ ਕੌਰ ਨੇ ਮਫਿਨ, ਕੁਕੀਜ਼ ਆਦਿ
ਬਣਾਉਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਬੇਕਿੰਗ ਵਿੱਚ ਵਰਤੇ
ਜਾਣ ਵਾਲੇ ਪਦਾਰਥਾਂ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ।
ਡਾ. ਪਿਵਰਜੀਤ
ਕੌਰ ਢਿੱਲੋਂ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਤਰਨਤਾਰਨ
ਨੇ ਪੌਸ਼ਟਿਕ ਬੇਕਰੀ ਉਤਪਾਦਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ। ਉਹਨਾਂ ਨੇ ਸੋਇਆਬੀਨ ਦੇ
ਆਟੇ ਨਾਲ ਬਣੇ ਨਿਉਟਰਾਸੂਟੀਕਲ ਮਫਿਨ ਅਤੇ ਕੁਕੀਜ਼ ਬਣਾਉਣ ਬਾਰੇ ਦੱਸਿਆ ਅਤੇ ਪ੍ਰੈਕਟੀਕਲ
ਜਾਣਕਾਰੀ ਵੀ ਦਿੱਤੀ।
ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ
(ਟ੍ਰੇਨਿੰਗ) ਨੇ ਸੁਆਣੀਆਂ ਨੂੰ ਇਸ ਨੂੰ ਸ਼ੌਕ ਤੋਂ ਇਲਾਵਾ ਵਪਾਰਕ ਪੱਧਰ ਤੇ ਅਪਣਾਉਣ ਲਈ
ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਲਈ ਜ਼ਰੂਰੀ ਨਿਯਮਾਂ ਨੂੰ ਪਾਲਣ ਕਰਨ ਦੀ ਹਦਾਇਤ ਦਿੱਤੀ
ਜਿਸ ਵਿੱਚ ਐਫ.ਐਸ.ਐਸ.ਏ.ਆਈ (FSSAI), ਮਿਉਂਸੀਪਲ ਕੋਰਪੋਰੇਸ਼ਨ (MC), ਪੁਲਿਸ ਕਲੀਅਰੈਂਸ
ਅਤੇ ਜੀ.ਐਸ.ਟੀ (Police Clearance & GST) ਸ਼ਾਮਲ ਹਨ। ਉਨ੍ਹਾਂ ਦੱਸਿਆ ਬੇਕਰੀ ਦਾ
ਕਿੱਤਾ ਲਗਭਗ 7% ਦੇ ਹਿਸਾਬ ਨਾਲ ਵਧ ਰਿਹਾ ਹੈ; ਸਵਾਣੀਆਂ ਦਾ ਨੌਕਰੀ ਪੇਸ਼ੇ ਵਲ ਰੁਝਾਨ
ਵੀ ਵਧ ਰਿਹਾ ਹੈ ਜਿਸ ਸਦਕਾ ਫਾਸਟ ਫੂਡ ਤੇ ਬੇਕਰੀ ਦੀ ਲਾਗਤ ਹੋਰ ਵੀ ਵਧੇਗੀ।
ਸਿਖਲਾਈ ਪ੍ਰੋਗਰਾਮ ਦੇ ਅਖੀਰਲੇ ਦਿਨ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।



No comments:
Post a Comment