ਚੰਡੀਗੜ,ਗੁਰਨਾਮ ਸਾਗਰ 28 ਫਰਵਰੀ :ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਆਪਣੀ ਪਾਰਟੀ ਦੇ ਲਗਾਤਾਰ ਕਮਜ਼ੋਰ ਹੋਣ ਦੇ ਦਾਅਵੇ ਅਤੇ ਕਾਂਗਰਸ ਦੇ ਕੁੱਝ ਵਿਧਾਇਕਾਂ ਵੱਲੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਕਾਰਜ਼ ਪ੍ਰਣਾਲੀ ਉੱਤੇ ਸਵਾਲ ਚੁੱਕਣ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੌਜੂਦਾ ਹਾਲਤ ਨੇ ਕਾਂਗਰਸ ਦੀ ਅਸਲੀਅਤ ਨੂੰ ਜਨਤਾ ਦੇ ਦਰਬਾਰ ਵਿਚ ਜਨਤਕ ਕਰ ਦਿੱਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਸੱਤਾ ਲਈ ਹੀ ਲੜ ਰਹੀ ਹੈ ਅਤੇ ਕਾਂਗਰਸੀ ਆਗੂਆਂ ਨੂੰ ਲੋਕਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ। ਪੰਜਾਬ ਦੇ ਕਾਂਗਰਸੀ ਆਗੂਆਂ ਤੋਂ ਬਾਅਦ ਹੁਣ ਰਾਸ਼ਟਰੀ ਪੱਧਰ ਦੇ ਕਾਂਗਰਸੀ ਆਗੂਆਂ ਨੇ ਵੀ ਪਾਰਟੀ ਹਾਈਕਮਾਨ ਦੇ ਖ਼ਿਲਾਫ਼ ਵਿਰੋਧ ਜ਼ਾਹਿਰ ਕੀਤਾ ਹੈ, ਜਿਸ ਨਾਲ ਪਤਾ ਚੱਲਦਾ ਹੈ ਕਿ ਕਾਂਗਰਸ ਇੱਕ ਝੂਠੀ ਪਾਰਟੀ ਹੈ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਵਿੱਚ ਅਸਮਰਥ ਹੈ ।
ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਲਈ ਪਿਛਲੇ ਕਈ ਦਿਨਾਂ ਤੋਂ ਆਪਸ ਵਿੱਚ ਲੜ ਰਹੀ ਹੈ। ਇੱਕ ਪਾਸੇ ਕਾਂਗਰਸ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ 2022 ਦੇ ਚੋਣ ਵਿੱਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਵੇਗਾ। ਦੂਜੇ ਪਾਸੇ ਉਨਾਂ ਦੇ ਵਿਰੋਧੀ ਗੁਟ ਦੇ ਆਗੂ ਕਹਿ ਰਹੇ ਹਨ ਕਿ ਪਾਰਟੀ ਆਲਾਕਮਾਨ ਮੁੱਖ ਮੰਤਰੀ ਦਾ ਚਿਹਰਾ ਤੈਅ ਕਰੇਗੀ। ਕਾਂਗਰਸ ਪਾਰਟੀ ਆਪਸੀ ਲੜਾਈ ਵਿੱਚ ਉਲਝੀ ਹੋਈ ਹੈ। ਉਨਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ ਅਤੇ ਉਹ ਸਿਰਫ਼ ਸੱਤਾ ਲਈ ਹੀ ਲੜ ਰਹੇ ਹਨ। ਇਹ ਲੜਾਈ ਪੰਜਾਬ ਦੇ ਲੋਕਾਂ ਲਈ ਬਹੁਤ ਘਾਤਕ ਹੈ ।
ਉਨਾਂ ਨੇ ਕਿਹਾ ਕਿ ਕਾਂਗਰਸ ਜਿੰਨਾ ਸਮਾਂ ਆਪਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਲਈ ਲੜ ਰਹੀ ਹੈ, ਜੇਕਰ ਉਹ ਇਸ ਸਮੇਂ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਨ ਅਤੇ ਪੰਜਾਬ ਦੇ ਵਿਕਾਸ ਕਰਨ ਵਿਚ ਲਗਾਉਂਦੀ ਤਾਂ ਪੰਜਾਬ ਅੱਜ ਤਰੱਕੀ ਦੇ ਰਾਹ ‘ਤੇ ਹੁੰਦਾ। ਪਿਛਲੇ ਚਾਰ ਸਾਲਾਂ ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਕੈਪਟਨ ਅਤੇ ਉਨਾਂ ਦੇ ਕਾਂਗਰਸੀ ਆਗੂਆਂ ਨੇ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਕੀਤਾ ਹੈ, ਜਿਸ ਕਾਰਨ ਜਨਤਾ ਵਿੱਚ ਉਨਾਂ ਦੇ ਖ਼ਿਲਾਫ਼ ਕਾਫ਼ੀ ਗ਼ੁੱਸਾ ਹੈ ।
ਮਾਨ ਨੇ ਕਿਹਾ, ਕਾਂਗਰਸ ਆਗੂਆਂ ਅਤੇ ਉਨਾਂ ਦੇ ਵਿਧਾਇਕਾਂ ਦੀ ਆਪਸੀ ਲੜਾਈ ਕਾਂਗਰਸ ਪਾਰਟੀ ਦੀ ਚਾਰ ਸਾਲ ਦੇ ਸਮੇਂ ਦੌਰਾਨ ਹਰ ਫ਼ਰੰਟ ‘ਤੇ ਫ਼ੇਲ ਹੋਣ ਦਾ ਪ੍ਰਮਾਣ ਹੈ। ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਆਪਣੀ ਸਰਕਾਰ ਉੱਤੇ ਚੁੱਕੇ ਗਏ ਸਵਾਲ ਨੇ ਵੀ ਕੈਪਟਨ ਸਰਕਾਰ ਦੀ ਜਨਤਾ ਦੀਆਂ ਉਮੀਦਾਂ ਉੱਤੇ ਖਰਾ ਨਹੀਂ ਉੱਤਰਨ ਅਤੇ ਸੂਬੇ ਦੀ ਸੱਤਾ ਵਿੱਚ ਆਪਣੇ ਚਾਰ ਸਾਲ ਦੇ ਦੌਰਾਨ ਕੁੱਝ ਵੀ ਨਹੀਂ ਕਰਨ ਦੀ ਅਸਫਲਤਾ ਨੂੰ ਸਾਬਤ ਕੀਤਾ ਹੈ। ਅੱਜ ਪੰਜਾਬ ਦੇ ਹਰ ਵਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਕਾਫ਼ੀ ਤਕਲੀਫ਼ਾਂ ਵਿਚੋਂ ਦੀ ਗੁਜ਼ਰਨਾ ਪੈ ਰਿਹਾ ਹੈ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਮਾਫ਼ੀਆ ਰਾਜ ਨੂੰ ਖ਼ਤਮ ਕਰਨ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ, ਚਾਰ ਹਫ਼ਤੇ ਵਿੱਚ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਅਤੇ ਹੋਰ ਵੱਡੇ ਵਾਅਦੇ ਕੀਤੇ ਸਨ, ਪਰੰਤੂ ਅਫ਼ਸੋਸ ਜਿਵੇਂ ਹੀ ਕੈਪਟਨ ਸੱਤਾ ਵਿੱਚ ਆਏ, ਸਭ ਕੁੱਝ ਭੁੱਲ ਗਏ। ਉਨਾਂ ਨੇ ਲੋਕਾਂ ਨੂੰ ਧੋਖਾ ਦਿੱਤਾ। ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਚਾਰ ਸਾਲ ਵਿੱਚੋਂ ਇੱਕ ਦਿਨ ਵੀ ਪੰਜਾਬ ਦੀ ਜਨਤਾ ਵਿਚ ਨਹੀਂ ਗਏ। ਉਹ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਆਪਣੇ ਦੋਸਤਾਂ ਨਾਲ ਹੀ ਰੁੱਝੇ ਰਹੇ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਅਤੇ ਜਨਤਾ ਦੇ ਦਰਬਾਰ ਵਿੱਚ ਕੈਪਟਨ ਸਰਕਾਰ ਦੇ ਇਸ ਮਾੜੇ ਪ੍ਰਦਰਸ਼ਨ ਨੂੰ ਚੰਗੀ ਤਰਾਂ ਜਨਤਕ ਕਰੇਗੀ। ਉਨਾਂ ਨੇ ਕਿਹਾ ਕਿ ਜਿਸ ਤਰਾਂ ਦੇਸ਼ ਦੇ ਹੋਰ ਸੂਬਿਆਂ ਵਿੱਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਹੈ, ਉਸੀ ਤਰਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਵਿਚੋਂ ਵੀ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ।
No comments:
Post a Comment