ਮੋਹਾਲੀ, 9 ਫ਼ਰਵਰੀ (ਗੁਰਪ੍ਰੀਤ ਸਿੰਘ) : ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਹਾਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਮਹਿਲਾ ਉਮੀਦਵਾਰ ਦੇ ਪੋਸਟਰ ਫਾਡ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਪੋਸਟਰ ਫਾਡ਼ਨ ਦੀ ਵੀਡੀਓ ਵਾਇਰਲ ਹੋਈ ਤਾਂ ਭਾਜਪਾ ਉਮੀਦਵਾਰ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਪੋਸਟਰ ਫਾਡ਼ਨ ਵਾਲੇ ਦੋ ਵਿਅਕਤੀਆਂ ਖਿਲਾਫ਼ ਪੁਲਿਸ ਸਟੇਸ਼ਨ ਸੋਹਾਣਾ ਵਿੱਚ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਾਲੀ ਦੇ ਵਾਰਡ ਨੰਬਰ 18 ਤੋਂ ਭਾਜਪਾ ਉਮੀਦਵਾਰ ਛਵੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਕਈ ਦਿਨਾ ਤੋਂ ਪੋਸਟਰ ਫਾਡ਼ੇ ਜਾ ਰਹੇ ਸਨ ਪ੍ਰੰਤੂ ਹੁਣ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਤਾ ਚੱਲਿਆ ਕਿ ਉਸ ਦੇ ਪੋਸਟਰ ਦੋ ਵਿਅਕਤੀਆਂ ਵੱਲੋਂ ਫਾਡ਼ੇ ਜਾ ਰਹੇ ਹਨ। ਇਸ ਉਪਰੰਤ ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਿਸ ਵਿੱਚ ਇੱਕ ਵਿਅਕਤੀ ਦਾ ਨਾਂ ਅਤੇ ਪਤਾ ਵੀ ਦੱਸਿਆ ਗਿਆ। ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰੂ ਗ੍ਰਿਫ਼ਤਾਰ ਕਰ ਲਿਆ ਹੈ।
ਭਾਜਪਾ ਉਮੀਦਵਾਰ ਦੇ ਪੋਸਟਰ ਫਾਡ਼ੇ ਜਾਣ ਸਬੰਧੀ ਸਾਬਕਾ ਮੰਤਰੀ ਅਤੇ ਮੋਹਾਲੀ ਨਗਰ ਨਿਗਮ ਚੋਣਾਂ ਦੇ ਭਾਜਪਾ ਇੰਚਾਰਜ ਕੇ.ਡੀ. ਭੰਡਾਰੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਐਸ.ਪੀ. ਮੋਹਾਲੀ ਹਰਵਿੰਦਰ ਸਿੰਘ ਵਿਰਕ ਅਤੇ ਡੀ.ਐਸ.ਪੀ. ਦੀਪਕਮਲ ਨਾਲ ਮੁਲਾਕਾਤ ਕੀਤੀ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤੀ ਵਰਤਣ ਲਈ ਮੰਗ ਕੀਤੀ।
ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਮੋਹਾਲੀ ਵਿੱਚ ਕਾਂਗਰਸ ਪਾਰਟੀ ਦੇ ਸਮਰਥਕਾਂ ਵੱਲੋਂ ਪੋਸਟਰ ਫਾਡ਼ੇ ਜਾ ਰਹੇ ਹਨ ਜੋ ਕਿ ਕਾਂਗਰਸ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਨੂੰ ਕਿਹਾ ਕਿ ਭਾਜਪਾ ਉਮੀਦਵਾਰਾਂ ਦੇ ਪੋਸਟਰ ਫਾਡ਼ਨ ਵਾਲੇ ਗੁੰਡਾ ਅਨਸਰਾਂ ਨੂੰ ਨਕੇਲ ਕਸੀ ਜਾਵੇ। ਉਨ੍ਹਾਂ ਹੋਰਨਾਂ ਸ਼ਰਾਰਤੀ ਅਨਸਰਾਂ ਨੂੰ ਵੀ ਤਾਡ਼ਨਾ ਕੀਤੀ ਕਿ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸੰਜੀਵ ਵਸ਼ਿਸ਼ਟ, ਰਮੇਸ਼ ਦੱਤ, ਸੋਹਣ ਸਿੰਘ ਵੀ ਹਾਜ਼ਰ ਸਨ।
No comments:
Post a Comment