ਚੰਡੀਗੜ੍ਹ, ਗੁਰਨਾਮ ਸਾਗਰ 01 ਮਾਰਚ :ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੋਮਵਾਰ ਨੂੰ ਰਾਜਪਾਲ ਦੇ ਭਾਸ਼ਣ ਦੌਰਾਨ ਵਿਧਾਨ ਸਭਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। 'ਆਪ' ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਛਲੇ ਚਾਰ ਸਾਲ ਤੋਂ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਸ ਬਜਟ ਸੈਸ਼ਨ ਵਿੱਚ ਵੀ ਉਹ ਆਪਣੇ ਪਿਛਲੇ ਝੂਠ ਨੂੰ ਦੁਹਰਾ ਰਹੇ ਹਨ। ਲੋਕਾਂ ਦੇ ਪ੍ਰਤੀਨਿੱਧ ਹੋਣ ਦੇ ਨਾਤੇ ਅਸੀਂ ਉਨ੍ਹਾਂ ਦੇ ਝੂਠਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਰਾਜਪਾਲ ਦੇ ਸੰਬੋਧਨ ਦੇ ਵਿਰੋਧ ਦੇ ਸੰਕੇਤ ਵਜੋਂ 'ਆਪ' ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੀਆਂ ਕਾਪੀਆਂ ਸਾੜੀਆਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਸਾਲ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਲਈ ਭਾਸ਼ਣ ਲਿਖਵਾਉਂਦੇ ਹਨ ਅਤੇ ਰਾਜਪਾਲ ਵਿਧਾਨ ਸਭਾ ਵਿੱਚ ਉਸ ਨੂੰ ਪੜ੍ਹਕੇ ਕੈਪਟਨ ਸਰਕਾਰ ਦੇ ਝੂਠ ਦਾ ਪ੍ਰਚਾਰ ਕਰਦੇ ਹਨ। ਆਮ ਆਦਮੀ ਪਾਰਟੀ ਹਮੇਸ਼ਾਂ ਤੋਂ ਹੀ ਕਹਿੰਦੀ ਆਈ ਹੈ ਕਿ ਕੈਪਟਨ ਅਮਰਿੰਦਰ ਅਤੇ ਪੀਐਮ ਮੋਦੀ ਮਿਲੇ ਹੋਏ ਹਨ। ਅੱਜ ਦੇ ਰਾਜਪਾਲ ਦੇ ਸੰਬੋਧਨ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ। ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਗੱਲਾਂ ਹਟਾ ਦਿੱਤੀਆਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਪ੍ਰਧਾਨ ਮੰਤਰੀ ਮੋਦੀ ਦੀ ਕਠਪੁਤਲੀ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਜਪਾਲ ਦੇ ਭਾਸ਼ਣ ਰਾਹੀਂ ਵੀ ਕੈਪਟਨ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਪਾਲ ਦੇ ਭਾਸ਼ਣ ਵਿੱਚ ਸਿਰਫ ਕੈਪਟਨ ਸਰਕਾਰ ਦੇ ਝੂਠ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਝੂਠ ਨੂੰ ਲੋਕਾਂ ਤੱਕ ਹਮੇਸ਼ਾਂ ਪਹੁੰਚਾਉਂਦੇ ਰਹਾਂਗੇ। ਆਮ ਆਦਮੀ ਪਾਰਟੀ ਉਨ੍ਹਾਂ ਲੋਕਾਂ ਖਿਲਾਫ ਹਮੇਸ਼ਾ ਆਵਾਜ਼ ਚੁੱਕੀਦੀ ਰਹੇਗੀ ਜੋ ਤਰ੍ਹਾਂ ਤਰ੍ਹਾਂ ਦੇ ਝੂਠਾਂ ਰਾਹੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਨਤਾ ਦੇ ਪ੍ਰਤੀਨਿੱਧ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਝੂਠ ਦਾ ਪਰਦਾਫਾਸ ਕਰੀਏ।
No comments:
Post a Comment