ਗੁਰਦੁਆਰਾ ਸਾਹਿਬਾਨ ਰਾਹੀਂ ਲੋਕਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਅਪੀਲਾਂ ਕਰਵਾਈਆਂ
ਐੱਸ ਏ ਐੱਸ ਨਗਰ, 06 ਅਕਤੁਬਰ : ਮੋਹਾਲੀ ਦੇ ਪਿੰਡਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਸਬ ਡਵੀਜ਼ਨ ਪੱਧਰ ਤੇ ਐੱਸ ਡੀ ਐਮਜ਼ ਨਾਲ ਤਾਇਨਾਤ ਕੀਤੀਆਂ ਨੋਡਲ ਟੀਮਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਸੰਪਰਕ ਕਰਕੇ ਪਰਾਲੀ ਨੂੰ ਅੱਗ ਲਾਏ ਬਿਨਾਂ ਮਸ਼ੀਨਰੀ ਦੀ ਮਦਦ ਨਾਲ ਸੰਭਾਲਣ ਲਈ ਪ੍ਰੇਰਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਣਤੇਜ ਸ਼ਰਮਾ ਜਿਨ੍ਹਾਂ ਨੂੰ ਖੇਤੀਬਾੜੀ ਅਫਸਰ ਡਾ ਗੁਰਦਿਆਲ ਕੁਮਾਰ ਸਮੇਤ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਦੀ ਨਿਗਰਾਨੀ ਚ ਮੋਹਾਲੀ ਦਾ ਨੋਡਲ ਅਫਸਰ ਲਾਇਆ ਗਿਆ ਹੈ, ਨੇ ਅੱਜ ਮੋਹਾਲੀ ਦੇ ਪਿੰਡ ਦਾਉ, ਚਾਓ ਮਾਜਰਾ, ਬੜੀ ਤੇ ਬਾਕਰਪੁਰ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਬੜੀ ਤੇ ਬਾਕਰਪੁਰ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਰਾਹੀਂ ਜ਼ਿਮੀਂਦਾਰਾਂ ਨੂੰ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਵੀ ਕਰਵਾਈਆਂ। ਸਹਿਕਾਰੀ ਸਭਾਵਾਂ ਦੀ ਇੰਸਪੈਕਟਰ ਜਸ਼ਨਬੀਰ ਕੌਰ ਨੇ ਦਾਉ ਪਿੰਡ ਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਮਸ਼ੀਨਰੀ ਰਾਹੀਂ ਸੰਭਾਲਣ ਲਈ ਪ੍ਰੇਰਤ ਕੀਤਾ।
ਇਹ ਵੀ ਦੱਸਿਆ ਗਿਆ ਕਿ ਉਹ ਪਿੰਡ ਪੱਧਰ ਤੇ ਲਾਏ ਨੋਡਲ ਅਫ਼ਸਰ ਰਾਹੀਂ ਪਰਾਲੀ ਪ੍ਰਬੰਧਨ ਲਈ ਐਕਸ-ਸੀਟੂ ਅਤੇ ਇਨ-ਸੀਟੂ ਮਸ਼ੀਨਰੀ ਹਾਸਲ ਕਰ ਸਕਦੇ ਹਨ ਜੋ ਕਿ ਕਸਟਮ ਹਾਇਰਿੰਗ ਸੈਂਟਰਾਂ, ਸਹਿਕਾਰੀ ਸਭਾਵਾਂ, ਕਿਸਾਨ ਉਤਪਾਦਕ ਸੰਸਥਾਵਾਂ, ਪੰਚਾਇਤਾਂ ਅਤੇ ਵਿਅਕਤੀਗਤ ਕਿਸਾਨਾਂ ਕੋਲ ਉਪਲਬਧ ਹਨ।
ਉਹਨਾਂ ਨੂੰ ਕਿਹਾ ਗਿਆ ਕਿ ਇਸ ਮੰਤਵ ਲਈ ਕ੍ਰਮਵਾਰ ਖੇਤੀਬਾੜੀ ਵਿਭਾਗ ਅਤੇ ਸਹਿਕਾਰਤਾ ਵਿਭਾਗ ਦੁਆਰਾ ਵਿਕਸਤ ਮੋਬਾਈਲ ਐਪਲੀਕੇਸ਼ਨ ਉੱਨਤ ਕਿਸਾਨ ਅਤੇ ਵੈੱਬਸਾਈਟ cs.posible.in ਵਰਗੇ ਆਈਟੀ ਟੂਲਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪਿੰਡ ਚਾਓ ਮਾਜਰਾ ਅਤੇ ਬਾਕਰਪੁਰ ਵਿਖੇ ਕਿਸਾਨਾਂ ਨੂੰ ਉੱਨਤ ਕਿਸਾਨ ਐਪ ਵੀ ਉਨ੍ਹਾਂ ਦੇ ਮੋਬਾਈਲ ਫੋਨਾਂ ਤੇ ਡਾਊਨਲੋਡ ਕਰਵਾਈ ਗਈ। ਸ਼ਹੀਦ ਭਗਤ ਸਿੰਘ ਕਸਟਮ ਹਾਇਰਿੰਗ ਸੈਂਟਰ ਚਾਓ ਮਾਜਰਾ ਤੋਂ ਲੋਕਾਂ ਨੂੰ ਪਰਾਲੀ ਸੰਭਾਲ ਮਸ਼ੀਨਰੀ ਵੀ ਦਿਵਾਈ ਗਈ।
No comments:
Post a Comment