ਖਰੜ ਜਸਬੀਰ ਸਿੰਘ 23 ਮਾਰਚ : ਰਿਆਤ-ਬਾਹਰਾ ਯੂਨੀਵਰਸਿਟੀ ਵੱਲੋਂ ਦੇਸ਼ ਦੇ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 90ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਹ ਖੂਨਦਾਨ ਕੈਂਪ ਰੈੱਡ ਕ੍ਰਾਸ ਯੂਨਿਟ, ਬਾਬਾ ਕੁੰਦਨ ਸਿੰਘ ਨਾਨਕਸਰ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਚੰਡੀਗੜ੍ਹ ਅਤੇ ਯੂਨੀਵਰਸਿਟੀ ਐਨ.ਐਸ.ਐਸ.ਵਿੰਗ ਦੇ ਸਹਿਯੋਗ ਨਾਲ ਰਾਸ਼ਟਰੀ ਏਕੀਕ੍ਰਿਤ ਫੋਰਮ ਆਫ਼ ਆਰਟਿਸਟਸ ਐਂਡ ਐਕਟੀਵਿਸਟਸ ਸੰਵੇਦਨਾ ਦੇ ਬੈਨਰ ਹੇਠ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ,ਪੰਜਾਬ ਸਰਕਾਰ, ਸਰਦਾਰ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਵੀ ਹਾਜਰ ਸਨ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸਰਕਾਰ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰ ਸਾਲ ਸਾਡੇ ਦੇਸ਼ ਨੂੰ 5 ਕਰੋੜ ਯੂਨਿਟ ਖੂਨ ਦੀ ਲੋੜ ਹੁੰਦੀ ਹੈ ,ਜਦਕਿ ਉਪਲਬਧਤਾ ਸਿਰਫ 2.5 ਕਰੋੜ ਯੂਨਿਟ ਹੈ। ਇਸ ਲਈ ਉਪਲਬਧਤਾ ਅਤੇ ਮੰਗ ਵਿਚਕਾਰ ਦੇ ਪਾੜੇ ਨੂੰ ਭਰਨ ਲਈ ਖ਼ੂਨ ਦਾਨ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਖੂਨਦਾਨ ਕਰਨ ਦੇ ਨਾਲ ਨਾ ਸਿਰਫ਼ ਸਰੀਰ ਨਿਰੋਗ ਰਹਿੰਦਾ ਹੈ ਬਲਕਿ ਜਰੂਰਤਮੰਦ ਲੋਕਾਂ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਹੈ। ਖੂਨਦਾਨ ਸਾਡੀ ਇਕ ਸਮਾਜਿਕ ਜਿੰਮੇਵਾਰੀ ਵੀ ਹੈ। ਇਸ ਲਈ ਹਰ ਇਨਸਾਨ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।
ਇਸ ਮੌਕੇ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਸ ਸਮੇਂ ਕਰੀਬ ਅੱਠ ਮੁੱਖ ਖੂਨ ਦੀਆਂ ਕਿਸਮਾਂ ਹਨ। ਇਹ ਸੰਕੇਤ ਕਰਦਾ ਹੈ ਕਿ ਸਹੀ ਕਿਸਮ ਦਾ ਖੂਨ ਸਹੀ ਸਮੇਂ ‘ਤੇ ਉਪਲਬਧ ਹੋਣਾ ਚਾਹੀਦਾ ਹੈ। ਇਸ ਲਈ ਲੋਕਾਂ ਦੀ ਜਾਨ ਬਚਾਉਣ ਲਈ ਖੂਨ ਦਾਨ ਕਰਨਾ ਕਿੰਨਾ ਮਹੱਤਵਪੂਰਨ ਹੈ, ਇਸ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨਾ ਪਵੇਗਾ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਇੱਕ ਖੂਨ ਦਾਨੀ ਨੂੰ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਇੱਕ ਬਾਰ ਖੂਨਦਾਨ ਕਰਨ ਅਤੇ ਦੂਜੇ ਦੇ ਵਿਚਕਾਰ 180 ਦਿਨ ਦਾ ਅੰਤਰਾਲ ਹੋਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਇਸ ਨੇਕ ਸਮਾਜਿਕ ਕੰਮ ਲਈ ਅੱਗੇ ਆਉਣ ਲਈ ਸ਼ਲਾਘਾ ਕੀਤੀ। ਡਾ: ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਕਿ ਖੂਨਦਾਨ ਕਰਕੇ ਦਾਨੀ ਕੁਝ ਵੀ ਨਹੀਂ ਗੁਆਉਂਦੇ ,ਪਰ ਇਸ ਨੇਕ ਕਾਰਜ ਸਦਕਾ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਸ ਖੂਨਦਾਨ ਕੈਂਪ ਵਿੱਚ ਯੂਨੀਵਰਸਿਟੀ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ 96 ਯੂਨਿਟ ਖੂਨ ਦਾਨ ਕੀਤਾ। ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ 6 ਫੇਜ਼, ਮੁਹਾਲੀ ਤੋਂ ਡਾ. ਨਵਨੀਤ ਦਿਉਲ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ ਖੂਨ ਇੱਕਤਰ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਪ੍ਰੋ ਬੀ.ਐਸ. ਸਤਿਆਲ , ਡੀਐਸਡਬਲਯੂ ਡਾ. ਨੀਨਾ ਮਹਿਤਾ ਅਤੇੇ ਡੈਂਟਲ ਕਾਲਜ ਐਂਡ ਹਸਪਤਾਲ ਦੇ ਡਾਇਰੈਕਟਰ ਜੈਦੇਵ ਢਿੱਲੋਂ ਆਦਿ ਹਾਜਰ ਸਨ।
No comments:
Post a Comment