ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 25 ਮਾਰਚ : ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਪਿੰਡ ਕੰਸਾਲਾ ਵਿਖੇ “ਸਬਜ਼ੀਆਂ ਦੀ ਵਿਗਿਆਨਕ ਘਰ ਬਗੀਚੀ ਅਤੇ ਪ੍ਰੋਸੈਸਿੰਗ” ਵਿਸ਼ੇ ਤੇ ਇੱਕ ਹਫ਼ਤੇ ਦਾ ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਕੋਰਸ ਦਾ ਆਯੋਜਨ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਡਾ. ਪਰਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਨਾਬਾਰਡ ਅਧੀਨ “ਘਰ ਬਗੀਚੀ ਨੂੰ ਉਤਸ਼ਾਹਤ ਕਰਨ” ਦੇ ਪ੍ਰਾਜੈਕਟ ਤਹਿਤ 19.03.2021 ਤੋਂ 25.03.2021 ਤੱਕ ਕੀਤਾ ਗਿਆ।
ਇਸ ਕੋਰਸ ਦਾ ਸੰਚਾਲਨ ਅਤੇ ਪ੍ਰਬੰਧਨ ਪ੍ਰਾਜੈਕਟ ਦੇ ਪ੍ਰਿੰਸੀਪਲ ਇਨਵੈਸਟੀਗੇਟਰ (ਪੀ.ਆਈ.), ਡਾ. ਮੁਨੀਸ਼ ਸ਼ਰਮਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਅਤੇ ਸਹਿ-ਪੀ ਆਈ, ਡਾ. ਪਾਰੁਲ ਗੁਪਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੀਤਾ। ਡਾ. ਮੁਨੀਸ਼ ਸ਼ਰਮਾ ਨੇ ਘਰ ਬਗੀਚੀ ਦੀ ਬਣਾਵਟ ਅਤੇ ਰੱਖ-ਰਖਾਵ, ਸਬਜ਼ੀਆਂ ਦੀ ਕਾਸ਼ਤ ਦੀ ਵਿਧੀ, ਨਰਸਰੀ ਉਗਾਉਣ ਦੀ ਤਕਨੀਕ ਅਤੇ ਜੈਵਿਕ ਖੇਤੀ ਬਾਰੇ ਲੈਕਚਰ ਦਿੱਤੇ।
ਡਾ. ਸ਼ਸ਼ੀਪਾਲ, ਸਹਾਇਕ ਪ੍ਰੋਫੈਸਰ (ਪਸ਼ੂਧਨ ਉਤਪਾਦਨ) ਨੇ ਰਸੋਈ ਦੀ ਬਾਗਬਾਨੀ ਵਿਚ ਗੰਡੋਆ ਖਾਦ ਤਿਆਰ ਕਰਨ, ਸਬਜ਼ੀਆਂ ਵਿੱਚ ਖਾਦ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਡਾ. ਹਰਮੀਤ ਕੌਰ, ਸਹਿ-ਪੀ.ਆਈ ਅਤੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਅਤੇ ਜੈਵਿਕ ਤਕਨੀਕਾਂ ਨਾਲ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।
ਐਸੋਸੀਏਟ ਡਾਇਰੈਕਟਰ (ਟੇਨਿੰਗ) ਡਾ. ਪਰਮਿੰਦਰ ਸਿੰਘ ਨੇ ਮਨੁੱਖੀ ਖੁਰਾਕ ਵਿਚ ਸਬਜ਼ੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਆਪਣੇ ਘਰ ਦੇ ਨੇੜੇ ਰਸੋਈ ਦੀ ਬਗੀਚੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਪਾਰੁਲ ਗੁਪਤਾ ਨੇ ਸਬਜ਼ੀਆਂ ਦੇ ਮੁੱਲ ਵਧਾਉਣ, ਪ੍ਰੋਸੈਸਿੰਗ ਅਤੇ ਕਟਾਈ ਉਪਰੰਤ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸਿਖਿਆਰਥੀਆਂ ਨੂੰ ਵੱਖ ਵੱਖ ਪਕਵਾਨਾਂ ਨੂੰ ਬਣਾਉਣ ਦੀ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ। ਸਿਖਲਾਈ ਕੋਰਸ ਦੌਰਾਨ ਪ੍ਰਾਜੈਕਟ ਅਧੀਨ ਚਲ ਰਹੀ ਘਰ ਬਗੀਚੀਆਂ ਦੇ ਪ੍ਰਦਰਸ਼ਨੀ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਇਸ ਸਿਖਲਾਈ ਦੌਰਾਨ ਸਾਹਿਤ ਵੀ ਵੰਡਿਆ ਗਿਆ।
No comments:
Post a Comment