ਐਸ.ਏ.ਐਸ. ਨਗਰ , ਗੁਰਪ੍ਰੀਤ ਸਿੰਘ ਕਾਂਸਲ 12 ਮਾਰਚ : ਸਿਹਤ ਅਤੇ ਪਰਿਵਾਰ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਥਾਨਕ ਸ਼ਹਿਰ ਦੇ ਫ਼ੇਜ਼ 3ਬੀ1 ਵਿਚ ਬਣ ਰਹੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦਸਿਆ ਕਿ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਸ਼ਾਨਦਾਰ ਕਮਿਊਨਿਟੀ ਹੈਲਥ ਸੈਂਟਰ ਦਾ ਨਿਰਮਾਣ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਇਹ ਇਸ ਸਾਲ ਅਗੱਸਤ ਮਹੀਨੇ ਤਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਦੀ ਪੁਰਾਣੀ ਮੰਗ ਸੀ ਕਿ ਫ਼ੇਜ਼ 3ਬੀ1 ਦੀ ਡਿਸਪੈਂਸਰੀ ਦਾ ਦਰਜਾ ਵਧਾ ਕੇ ਇਸ ਨੂੰ ਸੀ.ਐਚ.ਸੀ. ਬਣਾਇਆ ਜਾਵੇ ਤੇ ਇਹ ਮੰਗ ਬਹੁਤ ਜਲਦ ਪੂਰੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਸੀ.ਐਚ.ਸੀ. ਸਥਾਨਕ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ
ਕਿਉਂਕਿ ਇਸ ਵਿਚ ਮਿਆਰੀ ਅਤੇ ਸੁਚੱਜੀਆਂ ਸਿਹਤ ਸਹੂਲਤਾਂ ਉਪਲਲਭਧ ਹੋਣਗੀਆਂ। ਸ. ਸਿੱਧੂ ਨੇ ਦਸਿਆ ਕਿ ਸੀ.ਐਚ.ਸੀ. ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਮਾਡਿਊਲਰ ਆਪਰੇਸ਼ਨ ਥੀਏਟਰ ਬਣਾਇਆ ਜਾ ਰਿਹਾ ਹੈ ਜਿਹੜਾ ਸੂਬੇ ਦੇ ਹੋਰ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਨ੍ਹਾਂ ਦੀਆਂ ਬਹੁਤੀਆਂ ਤਕਲੀਫ਼ਾਂ ਦਾ ਇਲਾਜ ਇਸੇ ਹਸਪਤਾਲ ਵਿਚ ਹੋ ਜਾਵੇਗਾ।
ਸਿਹਤ ਮੰਤਰੀ ਨੇ ਆਖਿਆ ਕਿ ਇਮਾਰਤ ਦੇ ਨਿਰਮਾਣ ਲਈ ਉੱਚ ਪਾਏ ਦੀ ਸਮੱਗਰੀ ਵਰਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਪਹਿਲਾਂ ਹੀ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਸਮੱਗਰੀ ਪੱਖੋਂ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਚੌਤਰਫ਼ਾ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਥਾਨਕ ਵਾਸੀਆਂ ਨੂੰ ਸਿਹਤ ਅਤੇ ਸਿੱਖਿਆ ਪੱਖੋਂ ਬਿਹਤਰ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਵੱਖ-ਵੱਖ ਵਿਕਾਸ ਜਾਂ ਤਾਂ ਮੁਕੰਮਲ ਹੋ ਚੁਕੇ ਹਨ ਜਾਂ ਮੁਕੰਮਲ ਹੋਣ ਕੰਢੇ ਹਨ ਜਿਨ੍ਹਾਂ ਵਾਸਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਹੀ ਦਿਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਸਥਾਨਕ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਿਹਤ ਮੰਤਰੀ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਅਤਿ-ਆਧੁਨਿਕ ਸੀ.ਐਚ.ਸੀ. ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਸਥਾਨਕ ਵਾਸੀਆਂ ਦੀ ਪੁਰਾਣੀ ਮੰਗ ਪੂਰੀ ਕੀਤੀ ਹੈ ਜਿਸ ਲਈ ਸਥਾਨਕ ਵਾਸੀ ਉਨ੍ਹਾਂ ਦੇ ਬੇਹੱਦ ਸ਼ੁਕਰਗੁਜ਼ਾਰ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਥਾਨਕ ਕੌਂਸਲਰ ਕੁਲਜੀਤ ਸਿੰਘ ਬੇੇਦੀ, ਮਿਊਂਸੀਪਲ ਕੌਂਸਲਰ ਜਸਪ੍ਰੀਤ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਹੈਪੀ, ਰਾਮ ਸਰੂਪ ਜੋਸ਼ੀ, ਜਤਿੰਦਰ ਆਨੰਦ, ਦਲਬੀਰ ਸਿੰਘ ਸੇਵਾਮੁਕਤ ਕਾਨੂੰਨਗੋ, ਜੀ.ਪੀ.ਐਸ. ਗਿੱਲ, ਐਸ.ਈ. ਕਰਨਦੀਪ ਸਿੰਘ ਚਹਿਲ, ਰਾਜਿੰਦਰ ਸਿੰਘ ਐਕਸੀਅਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਤਿਲਕ ਰਾਜ ਸ਼ਰਮਾ, ਨਰਿੰਦਰ ਮੋਦੀ, ਅਨਮੋਲ ਰਤਨ ਭਾਟੀ ਤੋਂ ਇਲਾਵਾ ਇਲਾਕਾ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।
No comments:
Post a Comment