ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 12 ਮਾਰਚ : ਬਾਲ ਮਿੱਤਰ ਪੁਲੀਸ ਸਟੇਸ਼ਨ ਬਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੋਂ ਪੁਲੀਸ ਲਈ ਝਿਜਕ ਨੂੰ ਦੂਰ ਕਰ ਕੇ ਇਕ ਸੁਖਾਵੇਂ ਮਾਹੌਲ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਤੇ ਅਜਿਹੇ ਪੁਲੀਸ ਸਟੇਸ਼ਨ ਬੱਚਿਆਂ ਸਬੰਧੀ ਮੁਸ਼ਕਲਾਂ ਦੇ ਹੱਲ ਵਿੱਚ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏ.ਡੀ.ਜੀ.ਪੀ. (ਸੀ.ਏ.ਡੀ. ਅਤੇ ਔਰਤਾਂ ਤੇ ਬੱਚਿਆਂ ਸਬੰਧੀ ਮਾਮਲੇ) ਪੰਜਾਬ ਗੁਰਪ੍ਰੀਤ ਦਿਓ ਨੇ ਪੁਲੀਸ ਥਾਣਾ, ਸੋਹਾਣਾ ਵਿਖੇ ਸਥਾਪਤ ਕੀਤਾ ਬਾਲ ਮਿੱਤਰ ਪੁਲੀਸ ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚਾ ਆਪਣੇ ਨਾਲ ਹੋਈ ਵਧੀਕੀ ਜਾਂ ਦੁੱਖ ਤਕਲੀਫ ਬਿਨਾਂ ਕਿਸੇ ਸਹਿਮ ਤੋਂ ਦੱਸ ਸਕੇ ਤੇ ਇਥੇ ਬੱਚਿਆਂ ਸਬੰਧੀ ਮੁਸ਼ਕਲਾਂ ਦਾ ਪੂਰਨ ਹੱਲ ਕੀਤਾ ਜਾਵੇਗਾ।
ਏ.ਡੀ.ਜੀ.ਪੀ.ਗੁਰਪ੍ਰੀਤ ਦਿਓ ਨੇ ਦੱਸਿਆ ਕਿ ਬਚਪਨ ਬਚਾਓ ਅੰਦੋਲਨ ਤਹਿਤ ਇਹ ਪੁਲੀਸ ਸਟੇਸ਼ਨ ਤਿਆਰ ਕੀਤੇ ਜਾ ਰਹੇ ਹਨ। ਤਿਆਰ ਕੀਤੇ ਬਾਲ ਮਿੱਤਰ ਪੁਲੀਸ ਸਟੇਸ਼ਨ ਵਿਖੇ ਕੰਧਾਂ ਨੂੰ ਉਚੇਚੇ ਤੌਰ 'ਤੇ ਸਜਾਇਆ ਗਿਆ ਹੈ ਤੇ ਇਥੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਨਾਲ ਬੱਚਿਆਂ ਲਈ ਖਿਡੌਣਿਆਂ, ਕਿਤਾਬਾਂ ਅਤੇ ਹੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਪੁਲੀਸ ਸਟੇਸ਼ਨ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਤੈਅ ਸਮੇਂ ਢੁੱਕਵਾਂ ਇਨਸਾਫ ਮਿਲੇ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਸਬੰਧੀ ਦੋ ਕੈਟਾਗਿਰੀਜ਼, ਚਿਲਡਰਨ ਕਨਫਲਿਕਟ ਵਿਦ ਲਾਅ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ, ਦੇ ਆਧਾਰ ਉਤੇ ਜੁਵੇਨਾਇਲ ਜਸਟਿਸ ਕਮੇਟੀ (ਜੇ ਜੇ ਸੀ) ਅਤੇ ਬਾਲ ਭਲਾਈ ਕਮੇਟੀ ( ਸੀ ਡਬਲਿਊ ਸੀ) ਦੇ ਨਾਲ ਤਾਲਮੇਲ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।ਚਿਲਡਰਨ ਕਨਫਲਿਕਟ ਵਿਦ ਲਾਅ ਵਿੱਚ ਅਪਰਾਧਾਂ ਨਾਲ ਸਬੰਧਤ ਬੱਚੇ ਸ਼ਾਮਲ ਹੋਣਗੇ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ ਵਿੱਚ ਬਾਲ ਮਜ਼ਦੂਰੀ, ਬਾਲ ਵਿਆਹ, ਬੱਚਿਆਂ ਨਾਲ ਹਿੰਸਾ ਆਦਿ ਸਬੰਧੀ ਬੱਚੇ ਸ਼ਾਮਲ ਹੋਣਗੇ। ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਦੇ ਬਿਆਨ ਦਰਜ ਕਰਵਾਉਣ ਸਬੰਧੀ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਲ ਮਿੱਤਰ ਪੁਲੀਸ ਸਟੇਸ਼ਨ ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਸਦਕਾ ਬੱਚਿਆਂ ਨੂੰ ਸੁਖਾਵੇਂ ਮਾਹੌਲ ਵਿੱਚ ਢੁੱਕਵਾਂ ਤੇ ਸਮਾਂਬੱਧ ਇਨਸਾਫ਼ ਦਿਵਾਉਣ ਵਿੱਚ ਮਦਦ ਮਿਲੇਗੀ ।
No comments:
Post a Comment