ਚੰਡੀਗੜ੍ਹ, ਗੁਰਨਾਮ ਸਾਗਰ 19 ਮਾਰਚ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਖਤਮ ਕਰਨ ਦੀ ਨਹੀਂ ਲੱਕ ਤੋੜਨ ਵਾਲੇ ਦਿੱਤੇ ਬਿਆਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਨੇ ਆਪਣੇ ਹੀ ਨਸ਼ਾ ਖਤਮ ਕਰਨ ਵਾਲੇ ਕੀਤੇ ਵਾਅਦੇ ਤੋਂ ਮੁਕਰਦੇ ਹੋਏ ਸਿੱਧ ਕਰ ਦਿੱਤਾ ਹੈ ਕਿ ਉਹ ਨਸ਼ਾ ਖਤਮ ਕਰਨ ਦੀ ਸਮਰਥਾ ਨਹੀਂ ਰੱਖਦੇ ਅਤੇ ਫੇਲ੍ਹ ਮੁੱਖ ਮੰਤਰੀ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 2017 'ਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਜੀ ਨੂੰ ਹੱਥ ਵਿੱਚ ਫੜ੍ਹਕੇ ਸਹੁੰ ਚੁੱਕੀ ਸੀ ਕਿ ਉਹ 4 ਹਫਤਿਆਂ ਵਿੱਚ ਨਸ਼ਾ ਖਤਮ ਕਰ ਦੇਣਗੇ, ਪ੍ਰੰਤੂ ਹੁਣ ਉਹ ਉਸ ਸਹੁੰ ਤੋਂ ਮੁਕਰ ਰਹੇ ਹਨ ਜਿਸ ਨਾਲ ਉਨ੍ਹਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਨਸ਼ੇ ਦੀ ਹਨ੍ਹੇਰੀ ਲੋਕਾਂ ਦੇ ਘਰਾਂ ਦੇ ਚਰਾਗ ਬੁਝਾ ਰਹੀ ਹੈ, ਨਸ਼ੇ ਕਾਰਨ ਮਾਵਾਂ ਆਪਣੇ ਪੁੱਤ ਗੁਆ ਰਹੀਆਂ ਹਨ, ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਹੁਣ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਫੜ੍ਹੇ ਨਸ਼ਾ ਸਮਗਲਰਾਂ ਦੀਆਂ ਤਾਰਾਂ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜੀਆਂ ਸਨ, ਕੈਪਟਨ ਨੇ ਉਨ੍ਹਾਂ ਉਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦਾ ਬਚਾਅ ਕੀਤਾ। ਕੈਪਟਨ ਦੇ ਰਾਜ ਵਿੱਚ ਜਾਅਲੀ ਸ਼ਰਾਬ ਪੀਣ ਕਾਰਨ ਮਾਝੇ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਪ੍ਰੰਤੂ ਕੈਪਟਨ ਨੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਉਨ੍ਹਾਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਇਹ ਦੋਸ਼ ਲਗਾਉਂਦੀ ਆਈ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਮੰਤਰੀ ਦਾ ਕੰਮਕਾਜ ਹੈ ਉਹ ਉਨ੍ਹਾਂ ਨੂੰ ਸੁਰੱਖਿਆ ਦੇ ਰਹੇ ਹਨ। ਹੁਣ ਮੁੱਖ ਮੰਤਰੀ ਨੇ ਖੁਦ ਮੰਨ ਲਿਆ ਹੈ ਕਿ ਉਹ ਨਸ਼ਾ ਖਤਮ ਨਹੀਂ ਕਰ ਸਕਦੇ, ਇਸ ਤੋਂ ਸਿੱਧ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਮਾਫੀਆ ਨੂੰ ਚਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਸੀ, ਹੁਣ ਉਸ ਤੋਂ ਵੀ ਮੁਕਰ ਗਏ ਕਿ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ, ਜਿਸ ਤੋਂ ਸਿੱਧ ਹੁੰਦਾ ਕਿ ਕੈਪਟਨ ਅਮਰਿੰਦਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਜੇਕਰ ਨੌਜਵਾਨਾਂ ਕੋਲ ਰੁਜ਼ਗਰ ਨਹੀਂ ਹੋਵੇਗਾ ਤਾਂ ਉਹ ਨਸ਼ੇ ਦੀ ਦਲਦਲ ਵਿੱਚ ਫਸਣਗੇ ਅਤੇ ਨਸ਼ਾ ਸਮਾਗਲਰਾਂ ਦਾ ਧੰਦਾ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਕਰਨ, ਘਰ ਘਰ ਰੁਜ਼ਗਾਰ ਦੇਣ ਸਮੇਤ ਹਰ ਵਾਅਦੇ ਤੋਂ ਮੁਕਰਨ ਲਈ ਪੰਜਾਬ ਦੀ ਜਨਤਾ 2022 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਬਕ ਸਿਖਾਏਗੀ।
No comments:
Post a Comment