ਐਸ ਏ ਐਸ ਨਗਰ,ਗੁਰਪ੍ਰੀਤ ਸਿੰਘ ਕਾਂਸਲ 18 ਅਪਰੈਲ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਨਿਰਵਿਘਨ ਖ਼ਰੀਦ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 66,047 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 65,237 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 19,097, ਪਨਸਪ ਨੇ 16,075, ਵੇਅਰ ਹਾਊਸ ਨੇ 8,238, ਮਾਰਕਫੈੱਡ ਨੇ 15,194 ਮੀਟ੍ਰਿਕ ਟਨ, ਐਫ. ਸੀ. ਆਈ. ਨੇ 6,433 ਅਤੇ ਵਪਾਰੀਆਂ ਨੇ 200 ਮੀਟ੍ਰਿਕ ਟਨ ਕਣਕ ਖਰੀਦ ਕੀਤੀ ਹੈ।
ਜ਼ਿਲ੍ਹੇ ਵਿਚਲੀਆਂ 25 ਮੰਡੀਆਂ ਵਿੱਚ 01 ਲੱਖ 23 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਆਮਦ ਦੀ ਆਸ ਹੈ। ਮੰਡੀਆਂ ਵਿੱਚ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦਾ ਉਚੇਚਾ ਪ੍ਰਬੰਧ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚਲੀਆਂ ਮੰਡੀਆਂ ਵਿੱਚ ਕੋਰੋਨਾ ਤੋਂ ਬਚਾਅ ਸਬੰਧੀ ਉਚੇਚੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਣਕ ਦੀ ਖ਼ਰੀਦ ਸਬੰਧੀ ਮੰਡੀਆਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਹਰ ਉਸ ਵਿਅਕਤੀ, ਜਿਸ ਨੇ ਮੰਡੀਆਂ ਵਿੱਚ ਆਉਣਾ ਹੈ ਜਾਂ ਖ਼ਰੀਦ ਨਾਲ ਸਬੰਧਤ ਹੈ, ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ ਤਾਂ ਜੋ ਉਨ੍ਹਾਂ ਦਾ ਖੁਦ ਦਾ ਵੀ ਕੋਰੋਨਾ ਤੋਂ ਬਚਾਅ ਹੋ ਸਕੇ ਤੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਣਕ ਦੀ ਖ਼ਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।
No comments:
Post a Comment