ਚੰਡੀਗੜ੍ਹ, 13 ਜੂਨ : 199 ਵਾਂ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਜਾਰੀ ਕਿਸਾਨ-ਅੰਦੋਲਨ 'ਤੇ ਭਲਕੇ 200 ਦਿਨ ਪੂਰੇ ਕਰ ਲਵੇਗਾ। 26 ਨਵੰਬਰ, 2020 ਨੂੰ ਲੱਖਾਂ ਕਿਸਾਨਾਂ ਦੇ ਦਿੱਲੀ ਦੀਆਂ ਹੱਦਾਂ 'ਤੇ ਪਹੁੰਚਣ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿੱਚ ਕਈਂ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ। ਇਸ ਤਰ੍ਹਾਂ ਕਿਸਾਨ-ਸੰਘਰਸ਼ 200 ਦਿਨਾਂ ਤੋਂ ਵੀ ਲੰਬਾ ਹੈ। ਹਾਲਾਂਕਿ ਮੋਦੀ-ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਪੂਰੇ ਦੇਸ਼ 'ਚ ਖਾਸ ਕਰਕੇ ਪੇਂਡੂ ਖੇਤਰਾਂ 'ਚ ਕਿਸਾਨ-ਅੰਦੋਲਨ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੇ ਹੱਡੀ ਚੀਰਵੀਂ ਸਰਦੀ, ਤੂਫਾਨ, ਸਖ਼ਤ ਗਰਮੀ ਅਤੇ ਹੁਣ ਮੀਂਹ ਦੌਰਾਨ ਅਨੇਕਾਂ ਔਕੜਾਂ ਝੱਲੀਆਂ ਹਨ, ਪਰ ਇਸ ਸਭ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ ਅਤੇ ਉਹ ਆਪਣੀਆਂ ਮੰਗਾਂ ਲਈ ਡਟੇ ਹੋਏ ਹਨ। ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਬਾਵਜੂਦ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਮੋਰਚਿਆਂ 'ਤੇ ਆ ਰਹੇ ਹਨ। ਕਿਸਾਨਾਂ ਨੇ ਵਰ੍ਹਦੇ ਮੀਂਹ ਦੌਰਾਨ ਵੀ ਆਪਣੀਆਂ ਸਟੇਜਾਂ ਨੂੰ ਜਾਰੀ ਰੱਖਿਆ ਹੈ, ਜੋ ਕੇਂਦਰ-ਸਰਕਾਰ ਨੂੰ ਸੰਕੇਤ ਹੈ ਕਿ ਉਹ ਆਪਣੇ ਇਰਾਦਿਆਂ ਪ੍ਰਤੀ ਦ੍ਰਿੜ ਹਨ।
ਕਿਸਾਨ-ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। 26 ਜੂਨ ਨੂੰ "ਕਿਸਾਨ ਬਚਾਓ- ਲੋਕਤੰਤਰ ਬਚਾਓ" ਦਿਵਸ ਵਜੋਂ ਐਲਾਨਿਆ ਗਿਆ ਹੈ। ਇਸ ਦਿਨ ਸੰਘਰਸ਼ ਦੇ ਸੱਤ ਮਹੀਨੇ ਪੂਰੇ ਹੋਣੇ ਹਨ ਅਤੇ ਇਸੇ ਦਿਨ ਭਾਰਤ ਦੀ ਐਮਰਜੈਂਸੀ ਦਾ 46ਵੀਂ ਵਰ੍ਹੇਗੰਢ ਵੀ ਹੈ। ਹੁਣ ਭਾਜਪਾ ਦੀ ਅਣ-ਘੋਸ਼ਿਤ ਐਮਰਜੈਂਸੀ ਅਤੇ ਤਾਨਾਸ਼ਾਹੀ ਸ਼ਾਸਨ ਦੇ ਵਿਰੁੱਧ ਇਸ ਸੰਘਰਸ਼ਸ਼ੀਲ ਅੰਦੋਲਨ ਸਮੇਤ ਬਹੁਤ ਸਾਰੇ ਸੰਘਰਸ਼ ਹਨ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਰੀ ਹਨ।
26 ਜੂਨ ਪ੍ਰਸਿੱਧ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦੀ ਵੀ ਬਰਸੀ ਹੈ। 26 ਜੂਨ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਵਿਚ ਪੂਰੇ ਭਾਰਤ ਵਿਚ ਜ਼ਿਲ੍ਹਾ /ਤਹਿਸੀਲ ਪੱਧਰੀ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿਚ ਰਾਜ ਭਵਨਾਂ ਸਾਹਮਣੇ ਧਰਨੇ ਹੋਣਗੇ। ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਦੇ ਸਾਰੇ ਅਗਾਂਹਵਧੂ ਲੋਕਾਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ, ਵਪਾਰੀ ਐਸੋਸੀਏਸ਼ਨਾਂ, ਔਰਤਾਂ ਦੀਆਂ ਜਥੇਬੰਦੀਆਂ, ਮਜ਼ਦੂਰਾਂ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਡਟਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਬੀਕੇਯੂ-ਏਕਤਾ ਉਗਰਾਹਾਂ ਦੇ ਟਵਿੱਟਰ ਅਕਾਊਂਟ 'ਤੇ ਲਾਈ "ਅਸਥਾਈ ਪਾਬੰਦੀ" ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖ਼ਿਲਾਫ਼ ਦੱਸਿਆ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਆਵਾਜ਼ਾਂ ਨੂੰ ਦਬਾਇਆ ਨਹੀਂ ਜਾ ਸਕੇਗਾ।
ਜਦੋਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ, ਕਾਰਪੋਰੇਟ ਪੱਖੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਹਨ, ਉਦੋਂ ਤੋਂ ਹੀ ਕਿਸਾਨ ਵੱਖ-ਵੱਖ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮਾਲ, ਤੇਲ-ਪੰਪਾਂ, ਟੌਲ-ਪਲਾਜ਼ਿਆਂ ਅਤੇ ਹੋਰ ਥਾਵਾਂ 'ਤੇ ਲਗਾਤਾਰ ਧਰਨੇ ਲਗਾ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਸਮੇਤ ਵੱਖ-ਵੱਖ ਥਾਵਾਂ 'ਤੇ ਅਜਿਹੇ ਪ੍ਰਦਰਸ਼ਨ ਜਾਰੀ ਹਨ। ਪੰਜਾਬ 'ਚ ਅਡਾਨੀਆਂ ਦੀ ਖੁਸ਼ਕ-ਬੰਦਰਗਾਹ 'ਤੇ ਵੀ ਲਗਾਤਾਰ ਧਰਨਾ ਜਾਰੀ ਹੈ। ਕਿਸਾਨਾਂ ਨੇ ਕੇਂਦਰ-ਸਰਕਾਰ ਦੇ ਕਾਨੂੰਨਾਂ ਦੇ ਰੱਦ ਹੋਣ ਤੱਕ ਇਹ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਪ੍ਰਸ਼ਾਸਨ ਨੂੰ ਜੀਂਦ ਦੇ ਪਿੰਡ ਕੰਡੇਲਾ ਤੋਂ ਲਾਪਤਾ ਹੋਏ ਕਿਸਾਨ ਬਿਜੇਂਦਰ ਸਿੰਘ ਨੂੰ ਲੱਭਣ ਦੀ ਮੰਗ ਕੀਤੀ ਹੈ, 26 ਜਨਵਰੀ ਨੂੰ ਲਾਪਤਾ ਹੋ ਗਿਆ ਸੀ। ਬਿਜੇਂਦਰ ਦੀ ਵਿਧਵਾ ਮਾਂ ਆਪਣੇ ਬੇਟੇ ਦੀ ਤਲਾਸ਼ ਵਿੱਚ ਪ੍ਰੇਸ਼ਾਨ ਹੈ। ਮੋਰਚੇ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਾਪਤਾ ਕਿਸਾਨ ਨੂੰ ਲੱਭਣ ਲਈ ਪ੍ਰਸ਼ਾਸਨ ਸੰਭਵ ਮੱਦਦ ਕਰੇ।
ਪੱਛਮੀ ਬੰਗਾਲ ਅਤੇ ਬਿਹਾਰ ਤੋਂ ਆਏ ਆਲ ਇੰਡੀਆ ਖੇਤ ਮਜ਼ਦੂਰ ਸੰਗਠਨ ਦੇ ਕਾਫ਼ਲਿਆਂ ਨੇ ਗਾਜੀਪੁਰ ਬਾਰਡਰ ਮੋਰਚੇ 'ਚ ਸ਼ਮੂਲੀਅਤ ਕੀਤੀ।
No comments:
Post a Comment