ਮੋਹਾਲੀ, 8 ਜੂਨ : ਰੋਮ ਜਲ ਰਿਹਾ ਸੀ ਅਤੇ ਨੀਰੋ ਬਾਂਸੁਰੀ ਵਜਾ ਰਿਹਾ ਸੀ’ ਵਾਲੀ ਕਹਾਵਤ ਹੁਣ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉਤੇ ਕੁਝ ਇਸ ਤਰ੍ਹਾਂ ਫਿੱਟ ਹੋ ਰਹੀ ਹੈ ਕਿ ‘ਪੰਜਾਬ ਕਰੋਨਾ ਦੀ ਅੱਗ ਵਿੱਚ ਸਡ਼ ਰਿਹਾ ਸੀ ਅਤੇ ਸਿਹਤ ਮੰਤਰੀ ਵੈਕਸੀਨ ਦੇ ਫ਼ਤਿਹ ਕਿੱਟਾਂ ਦੇ ਘੋਟਾਲੇ ਕਰ ਰਿਹਾ ਸੀ’। ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾਡ਼ ਕਰਨ ਵਾਲੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਕੈਪਟਨ ਸਰਕਾਰ ਦੇ ਇਨ੍ਹਾਂ ਘੋਟਾਲਿਆਂ ਦਾ ਪਰਦਾਫਾਸ਼ ਕਰਨ ਅਤੇ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਉਤੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਹਾਲੀ ਤੋਂ ਪ੍ਰਧਾਨ ਐਡਵੋਕੇਟ ਗੋਵਿੰਦਰ ਮਿੱਤਲ ਅਤੇ ਸਕੱਤਰ ਪ੍ਰਭਜੋਤ ਕੌਰ ਨੇ ਅੱਜ ਇੱਥੇ ਕੋਠੀ ਨੰਬਰ 384, ਫੇਜ਼ 4 ਸਥਿਤ ਮੋਹਾਲੀ ਪ੍ਰੈੱਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਇਸ ਤੋਂ ਵੱਧ ਸ਼ਰਮਿੰਦਗੀ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਖ਼ੁਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕਾਂਗਰਸੀ ਐਮ.ਐਲ.ਏ. ਸਰਕਾਰੀ ਹਸਪਤਾਲਾਂ ਵਿੱਚ ਜਾਣ ਦੀ ਬਜਾਇ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ‘ਫ਼ਤਿਹ ਕਿੱਟਾਂ’ ਖਰੀਦਣ ਵਿੱਚ ਵੱਡਾ ਕਰੋਡ਼ਾਂ ਰੁਪਇਆਂ ਦਾ ਘੋਟਾਲਾ ਕੀਤਾ ਜਿਸ ਦੇ ਚਲਦਿਆਂ 837 ਰੁਪਏ ਵਾਲੀ ‘ਫ਼ਤਿਹ ਕਿੱਟ’ 1338 ਰੁਪਏ ਦੇ ਮਹਿੰਗੇ ਮੁੱਲ ਵਿੱਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬ੍ਹ ਉਤੇ ਡਾਕਾ ਮਾਰਿਆ। ਇਸ ਤੋਂ ਇਲਾਵਾ ਕਰੋਨਾ ਵੈਕਸੀਨ ਵੀ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋਡ਼ਾਂ ਰੁਪਇਆਂ ਦਾ ਘੋਟਾਲਾ ਕੀਤਾ ਅਤੇ ਜਦੋਂ ਇਸ ਵੈਕਸੀਨ ਘੋਟਾਲੇ ਦਾ ਪਰਦਾਫਾਸ਼ ਹੋਇਆ ਤਾਂ ਤੁਰੰਤ ਉਸੇ ਦਿਨ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਬਦਨਾਮੀ ਦੇ ਡਰੋਂ ਪ੍ਰਾਈਵੇਟ ਹਸਪਤਾਲਾਂ ਤੋਂ ਦਵਾਈ ਵਾਪਿਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਵਪਾਰ ਜਾਂ ਘੋਟਾਲੇ ਕਰਨਾ ਨਹੀਂ ਹੁੰਦਾ ਬਲਕਿ ਸਰਕਾਰ ਦਾ ਕੰਮ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਫਰੰਟ ਉਤੇ ਫੇਲ੍ਹ ਸਾਬਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਮੰਤਰੀ ਪੰਜਾਬ ਭਰ ਵਿੱਚ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵੱਡੇ-ਵੱਡੇ ਇਕੱਠ ਕਰਦੇ ਹਨ ਤਾਂ ਕੋਵਿਡ ਦੇ ਨਿਯਮ ਛੁਪ ਜਾਂਦੇ ਹਨ ਅਤੇ ਜਦੋਂ ਆਮ ਆਦਮੀ ਪਾਰਟੀ ਨੇ ਉਕਤ ਵੱਡੇ ਘੋਟਾਲਿਆਂ ਦਾ ਪਰਦਾਫਾਸ਼ ਕਰਨ ਲਈ ਲੋਕਤੰਤਰਿਕ ਢੰਗ ਨਾਲ ਪ੍ਰਦਰਸ਼ਨ ਕੀਤੇ ਤਾਂ ਉਨ੍ਹਾਂ ਉਤੇ ਪੁਲਿਸ ਕੇਸ ਦਰਜ ਕਰ ਦਿੱਤੇ ਗਏ। ਸਰਕਾਰ ਦੀ ਅਜਿਹੀ ਕਾਰਵਾਈ ਸ਼ਰੇਆਮ ਗੁੰਡਾਗਰਦੀ ਅਤੇ ਤਾਨਾਸ਼ਾਹੀ ਦਾ ਸਬੂਤ ਦਿੰਦੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਮੇਸ਼ਾਂ ਲੋਕ ਹਿਤ ਵਿੱਚ ਖਡ਼੍ਹਦੇ ਰਹਿਣਗੇ ਅਤੇ ਸਰਕਾਰ ਦੇ ਘੋਟਾਲਿਆਂ ਅਤੇ ਧੱਕੇਸ਼ਾਹੀਆਂ ਖਿਲਾਫ਼ ਹਮੇਸ਼ਾ ਅਵਾਜ਼ ਬੁਲੰਦ ਕਰਦੇ ਰਹਿਣਗੇ।
No comments:
Post a Comment