ਐਸ.ਏ.ਐਸ ਨਗਰ, 23 ਜੂਨ : ਨਿਊ ਸਵਰਾਜ ਨਗਰ ਦਾ ਵਫਦ ਕੰਵਲਜੀਤ ਸਿੰਘ ਢਿੱਲੋਂ ਪ੍ਰਧਾਨ ਵਾਰਡ ਨੰਬਰ 8 ਖਰੜ ਦੀ ਅਗਵਾਈ ਵਿੱਚ ਪਾਵਰਕੌਮ ਦੇ ਐਕਸੀਅਨ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਏਰੀਆ ਵਿੱਚ ਵਸੋਂ ਬਹੁਤ ਵੱਧ ਚੁੱਕੀ ਹੈ ਜਿਸ ਕਾਰਨ ਅਕਸਰ ਟਰਾਂਸਫਾਰਮਰ ਦਾ ਫਿਊਜ ਉਡਦਾ ਰਹਿੰਦਾ ਹੈ। ਰਾਤ ਦੇ ਸਮੇਂ ਵੋਲਟੇਜ਼ ਵਧਦੀ ਘਟਦੀ ਰਹਿੰਦੀ ਹੈ ਜਿਸ ਕਰਕੇ ਕਈ ਘਰਾਂ ਦੇ ਬਿਜਲੀ ਉਪਕਰਣ ਨੁਕਸਾਨੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੇਰੇ ਆਪਣੇ ਘਰ ਦੇ ਪੱਖੇ ਵੀ ਦੋ ਵਾਰ ਸੜ ਚੁੱਕੇ ਹਨ ਅਤੇ ਸੀ ਸੀ ਟੀਵੀ ਕੈਮਰਿਆਂ ਦੀ ਡੀ ਵੀ ਆਰ ਵੀ ਸੜ ਗਈ ਸੀ।
ਪਿੱਛਲੇ ਸਾਲ ਗਰਮੀਆਂ ਵਿੱਚ ਵੀ ਮੁਹੱਲਾ ਨਿਵਾਸੀਆਂ ਨੇ ਐਕਸੀਅਨ ਸਾਹਿਬ ਨੂੰ ਟਰਾਂਸਫਾਰਮਰ ਲਗਵਾਉਣ ਲਈ ਮੰਗ ਪੱਤਰ ਦਿੱਤਾ ਸੀ ਜਿਸਦੇ ਸਬੰਧ ਵਿੱਚ ਟਰਾਂਸਫਾਰਮਰ ਪਾਸ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਜੇਈ ਵੱਲੋਂ ਟਰਾਸਫਾਰਮਰ ਲਗਾਉਣ ਵਾਲੀ ਜਗ੍ਹਾ ਦਾ ਜਾਇਜ਼ਾ ਵੀ ਲਿਆ ਗਿਆ ਸੀ ਪਰ ਉਨ੍ਹਾਂ ਇਤਰਾਜ਼ ਜਤਾਇਆ ਸੀ ਕਿ ਉਪਰੋਕਤ ਜਗ੍ਹਾ ਤੇ ਪਹਿਲਾਂ ਤੋਂ ਹੀ ਦੋ ਟਰਾਂਸਫਾਰਮਰ ਲੱਗੇ ਹੋਏ ਹਨ ਇਸ ਲਈ ਉਸ ਜਗ੍ਹਾ ਤੀਸਰਾ ਟਰਾਂਸਫਾਰਮਰ ਨਹੀਂ ਲੱਗ ਸਕਦਾ। ਮੰਗ ਪੱਤਰ ਵਿੱਚ ਮਹੁੱਲਾ ਨਿਵਾਸੀਆਂ ਨੇ ਲਿਖਿਆ ਕਿ ਸਾਡੇ ਕੋਲ ਹੋਰ ਜਗ੍ਹਾ ਮੌਜੂਦ ਹੈ। ਉਸ ਜਗ੍ਹਾ ਦਾ ਦੌਰਾ ਕਰਕੇ ਦੇਖਿਆ ਜਾਵੇ ਅਤੇ ਜਲਦੀ ਤੋਂ ਜਲਦੀ ਨਵਾਂ ਟਰਾਂਸਫਾਰਮਰ ਲਗਾਇਆ ਜਾਵੇ।
ਲੋਕਾਂ ਦਾ ਕਹਿਣਾ ਸੀ ਕਿ ਇਹ ਸਰਕਾਰੀ ਕੰਮ ਹੈ। ਜੇਕਰ ਕੋਈ ਵੀ ਵਸਨੀਕ ਸਰਕਾਰੀ ਕੰਮ ਵਿੱਚ ਵਿਘਨ ਪਾਵੇਗਾ ਤਾਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਉਪਰ ਕਨੂੰਨੀ ਕਾਰਵਾਈ ਕਰਨ ਅਤੇ ਹਰ ਰੋਜ਼ ਆਉਂਦੀ ਸਮੱਸਿਆ ਤੋਂ ਨਿਜ਼ਾਤ ਦਵਾਉਣ। ਇੱਥੇ ਹੀ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਦਸ ਪੰਦਰਾਂ ਦਿਨ ਪਹਿਲਾਂ ਟਰਾਂਸਫਾਰਮਰ ਦਾ ਫਿਊਜ ਉਡ ਗਿਆ ਸੀ ਜਿਸਨੂੰ ਠੀਕ ਕਰਨ ਆਏ ਸਰਕਾਰੀ ਮੁਲਾਜ਼ਮਾਂ ਕੋਲੋਂ ਟਰਾਂਸਫਾਰਮਰ ਦੀ ਬਿਜਲੀ ਕੱਟਣ ਵਾਲਾ ਹੈਂਡਲ ਖੁਲ੍ਹ ਗਿਆ ਜਿਸਨੂੰ ਉਹ ਜਮੀਨ ਉਪਰ ਹੀ ਰੱਖਕੇ ਚਲੇ ਗਏ ਅਤੇ ਲੱਕੜ ਦਾ ਟੁਕੜਾ ਫਸਾਕੇ ਉਸ ਉਪਰ ਇੱਟ ਰੱਖਕੇ ਕੰਮ ਚਲਾਊ ਫਿਊਜ ਜੋੜਕੇ ਚੱਲਦੇ ਬਣੇ। ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਐਸ ਡੀ ਓ ਸਵਰਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਜੇਈ ਵੱਲੋਂ ਮੌਕਾ ਦੇਖਿਆ ਜਾਵੇਗਾ ਅਤੇ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ।
ਮੰਗ ਪੱਤਰ ਮਨਜੀਤ ਸਿੰਘ ਇੰਸਪੈਕਟਰ,ਕਪੂਰ ਚੰਦ,ਸੁਭਾਸ਼ ਕੁਮਾਰ,ਸੋਨੂੰ ਕੁਮਾਰ,ਮਨੀਸ਼ ਸ਼ਰਮਾ,ਦੀਪਕ ਕੁਮਾਰ,ਸੰਦੀਪ ਕੁਮਾਰ,ਪਰਮਜੀਤ ਸਿੰਘ,ਸੰਤੋਖ ਸਿੰਘ, ਰਾਜਦੀਪ,ਸੰਜੀਵ,ਵਿਪਨ ਕੁਮਾਰ ਆਦਿ ਨੇ ਦਸਤਖਤ ਕੀਤੇ ਹੋਏ ਸਨ।
No comments:
Post a Comment