ਮੋਹਾਲੀ, 31 ਜੁਲਾਈ () : ਪੁੱਡਾ ਦੇ ਸਾਬਕਾ ਏ.ਸੀ.ਏ. ਹਰਦੇਵ ਸਿੰਘ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ ਖ਼ਿਲਾਫ਼ ਇਕ ਕਰੋੜ ਰੁਪਏ ਹਰਜਾਨੇ ਦਾ ਲੀਗਲ ਨੋਟਿਸ ਦਿੰਦਿਆਂ ਦੋਸ਼ ਲਾਇਆ ਹੈ ਕਿ ਕੇ.ਬੀ.ਐਸ. ਸਿੱਧੂ, ਜੋ ਉਸ ਸਮੇਂ ਸਕੱਤਰ ਹਾਊਸਿੰਗ ਪੰਜਾਬ ਤੇ ਪੁੱਡਾ ਦੇ ਵਾਇਸ ਚੇਅਰਮੈਨ ਸਨ, ਨੇ ਉਹਨਾਂ ਦੀ ਏ.ਸੀ.ਏ. ਵਜੋਂ ਹੋਣ ਵਾਲੀ ਤਰੱਕੀ ਨੂੰ ਪੱਖਪਾਤੀ ਢੰਗ ਨਾਲ ਰੋਕ ਕੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਅਤੇ ਮੈਨੂੰ ਡਿਊਟੀ ਦੌਰਾਨ ਕਾਨੂੰਨੀ ਢੰਗ ਨਾਲ ਕੰਮ ਕਰਨ ਤੋਂ ਰੋਕ ਕੇ ਗ਼ੈਰਕਾਨੂੰਨੀ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਕਰਕੇ ਆਪਣੀ 2009 ਦੀ ਸੇਵਾਮੁਕਤੀ ਤੋਂ ਇਕ ਮਹੀਨਾ ਪਹਿਲਾਂ ਉਹ ਆਪਣੇ ਹੱਕ ਲੈਣ ਵਾਸਤੇ ਅਦਾਲਤ ਵਿਚ ਗਏ ਅਤੇ 11 ਸਾਲ ਦੀ ਕਾਨੂੰਨੀ ਲੜਾਈ ਉਪਰੰਤ ਇਹ ਕੇਸ ਜਿੱਤਿਆ ਅਤੇ 2019 ਵਿਚ ਅਦਾਲਤ ਵਲੋਂ ਏ.ਸੀ.ਏ. ਵਜੋਂ ਤਰੱਕੀ ਦੇ ਹੁਕਮ ਦੇ ਦਿੱਤੇ ਗਏ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਹਰਦੇਵ ਸਿੰਘ ਨੇ ਕਿਹਾ ਕਿ ਸਾਲ 2000 ਵਿਚ ਪਿੰਡ ਕਰੋਰਾਂ ਜ਼ਿਲ੍ਹਾ ਰੋਪੜ ਵਿਚ ਬੀ.ਐਸ. ਸੰਧੂ ਨੇ ਫਾਰੈਸਟ ਹਿੱਲ ਰਿਜ਼ਾਰਟ ਬਨਾਉਣ ਲਈ ਦਸਮੇਸ਼ ਐਜੂਕੇਸ਼ਨਲ ਸੋਸਾਇਟੀ ਵਲੋਂ ਪੁੱਡਾ ਨੂੰ ਅਰਜ਼ੀ ਦਿੱਤੀ ਸੀ, ਜੋ ਪੀ.ਐਲ.ਪੀ.ਏ. ਕਾਨੂੰਨ ਅਨੁਸਾਰ ਗ਼ੈਰਕਾਨੂੰਨੀ ਸੀ ਕਿਉਕਿ ਉਸ ਇਲਾਕੇ ਵਿਚ ਕੋਈ ਵੀ ਇਮਾਰਤ ਬਣਾਉਣ ਵਾਸਤੇ ਕੇਂਦਰ ਸਰਕਾਰ ਵਲੋਂ ਸੀ.ਐਲ.ਯੂ. ਲੈਂਡ ਦੀ ਜ਼ਰੂਰਤ ਸੀ।
ਉਨ੍ਹਾਂ ਦਸਿਆ ਕਿ ਉਹ ੳਸ ਸਮੇਂ ਜੀ.ਐਮ. ਰੈਗੂਲੇਟਰੀ ਦੇ ਅਹੁਦੇ ’ਤੇ ਸਨ ਅਤੇ ਇਸ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਜਾਂਦੇ ਸਨ ਪਰ ਕੇ.ਬੀ.ਐਸ. ਸਿੱਧੂ ਹੇਠਲੇ ਅਧਿਕਾਰੀਆਂ ਨੂੰ ਇਹ ਨਜਾਇਜ਼ ਉਸਾਰੀ ਢਾਹੁਣ ’ਤੇ ਰੋਕਦੇ ਸਨ। ਉਨ੍ਹਾਂ ਦਸਿਆ ਕਿ 2004 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਕ ਸੋ-ਮੋਟੋ ਨੋਟਿਸ ਲੈ ਕੇ ਖ਼ਬਰ ਨੂੰ ਪੀ.ਆਈ.ਐਲ. ਬਣਾ ਲਿਆ ਤੇ ਸੀਬੀਆਈ ਦੀ ਜਾਂਚ ਕਰਨ ਦਾ ਹੁਕਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕੇ.ਬੀ.ਐਸ. ਸਿੱਧੂ ਹਰ ਹਾਲਤ ਵਿਚ ਇਸ ਗ਼ੈਰਕਾਨੂੰਨੀ ਫਾਰੈਸਟ ਹਿੱਲ ਰਿਜ਼ਾਰਟ ਨੂੰ ਬਨਾਉਣਾ ਚਾਹੁੰਦੇ ਸਨ ਪਰ ਮੈਂ ਇਸਦਾ ਸੀਬੀਆਈ ਜਾਂਚ ਵਿਚ ਵੀ ਪਰਦਾਫਾਸ਼ ਕਰ ਦਿੱਤਾ ਕਿ ਉੱਚ ਅਧਿਕਾਰੀ ਇਸ ਨਜਾਇਜ਼ ਉਸਾਰੀ ਨੂੰ ਢਾਹੁਣ ਤੋਂ ਰੋਕਦੇ ਆ ਰਹੇ ਸਨ, ਜਿਸ ਵਿਚ ਮੁੱਖ ਨਾਮ ਕੇ.ਬੀ.ਐਸ. ਸਿੱਧੂ ਦਾ ਸੀ। ਉਨ੍ਹਾਂ ਦਸਿਆ ਕਿ ਕੇ.ਬੀ.ਐਸ. ਸਿੱਧੂ ਨੇ ਮੇਰੀ ਇਸ ਰਿਪੋਰਟ ਤੋਂ ਖਿੱਝ ਕੇ ਉਸ ਸਮੇਂ ਉਨ੍ਹਾਂ ਦੀ ਜੀ.ਐਮ. ਪੁੱਡਾ ਤੋਂ ਏ.ਸੀ.ਏ. ਵਜੋਂ ਹੋਣ ਵਾਲੀ ਤਰੱਕੀ ਨੂੰ ਨਿਯਮਾਂ ਦੇ ਉਲਟ ਜਾ ਕੇ ਰੋਕ ਦਿੱਤਾ, ਜਿਸਦਾ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ।
ਸ. ਹਰਦੇਵ ਸਿੰਘ ਨੇ ਅੱਗੇ ਦਸਿਆ ਕਿ 2019 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਏ.ਸੀ.ਏ. ਵਜੋਂ ਰੋਕੀ ਤਰੱਕੀ ਦਾ ਕੇਸ ਉਨ੍ਹਾਂ ਦੇ ਹੱਕ ਵਿਚ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇ.ਬੀ.ਐਸ. ਸਿੱਧੂ ਵਲੋਂ ਜਿਥੇ ਪੀ.ਐਲ.ਪੀ.ਏ. ਦੀਆਂ ਧੱਜੀਆਂ ਉਡਾ ਕੇ ਫਾਰੈਸਟ ਹਿੱਲ ਰਿਜ਼ਾਰਟ ਨੂੰ ਬਨਾਉਣ ਦੀ ਪ੍ਰਵਾਨਗੀ ਦਿੱਤੀ, ਉਥੇ ਇਸੇ ਰੰਜ਼ਿਸ਼ ਵਿਚ ਉਹਨਾਂ ਮੇਰਾ ਨਿੱਜੀ ਨੁਕਸਾਨ ਵੀ ਕੀਤਾ। ਹਰਦੇਵ ਸਿੰਘ ਨੇ ਨੋਟਿਸ ਵਿਚ ਕਿਹਾ ਕਿ ਜੇਕਰ ਕੇ.ਬੀ.ਐਸ. ਸਿੱਧੂ ਨੇ ਮੇਰੇ ਨੁਕਸਾਨ ਦੀ ਪੂਰਤੀ ਨਾ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਨਿੱਜੀ ਤੌਰ ’ਤੇ ਅਦਾਲਤ ਵਿਚ ਕੇਸ ਪਾਇਆ ਜਾਵੇਗਾ।
ਇਸ ਸਬੰਧੀ ਜਦੋਂ ਪੰਜਾਬ ਕੇਡਰ ਦੇ ਸੀਨੀਅਰ ਆਈਏਐਸ ਅਫਸਰ, ਵਧੀਕ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ ਨਾਲ ਫੋਨ ’ਤੇ ਵਾਰ-ਵਾਰ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਮੋਬਾਇਲ ਫੋਨ ਨਹੀਂ ਚੁੱਕਿਆ।
No comments:
Post a Comment