ਐਸ ਏ ਐਸ ਨਗਰ, 16 ਜੁਲਾਈ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਚੱਜੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਤਕਨੀਕੀ ਅਤੇ ਉਦਯੋਗਿਕ ਸਿਖਲਾਈ ਦੇ ਉਭਾਰ ਲਈ 22 ਨਵੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਖੋਲੀਆਂ ਗਈਆਂ ਹਨ ਤਾਂ ਜੋ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਲਈ ਰੋਜਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਣ। ਇਸੇ ਤਹਿਤ ਸਬ ਡਵੀਜ਼ਨ ਖਰੜ ਦੇ ਪਿੰਡ ਤ੍ਰਿਪੜੀ ਵਿੱਚ ਨਵੀਂ ਖੋਲੀ ਗਈ ਸੰਸਥਾ ਦੀ ਉਸਾਰੀ ਦਾ ਕੰਮ ਤੇਜੀ ਨਾਲ ਨਿਰੰਤਰ ਜਾਰੀ ਹੈ ਤੇ ਇਸ ਸੰਸਥਾ ਵਿੱਚ ਸ਼ੁਰੂਆਤੀ ਦੌਰ ਵਿੱਚ 2 ਕੋਰਸ ਡਰਾਫਟਸਮੈਨ ਸਿਵਲ ਅਤੇ ਸਿਲਾਈ ਕਟਾਈ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸੈਸ਼ਨ 2021-22 ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ।
ਇਹ ਪ੍ਰਗਟਾਵਾ ਸਰਕਾਰੀ ਆਈ.ਟੀ.ਆਈ (ਲੜਕੀਆਂ) ਮੁਹਾਲੀ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫਸਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਦੀ ਸੁਚੱਜੀ ਅਤੇ ਯੋਗ ਅਗਵਾਈ ਵਿੱਚ ਇਮਾਰਤ ਦੀ ਉਸਾਰੀ ਦਾ ਕੰਮ ਅਕਤੂਬਰ 2021 ਵਿੱਚ ਪੂਰਾ ਕਰ ਲੈਣ ਦਾ ਟੀਚਾ ਮਿਥਿਆ ਗਿਆ ਹੈ। ਇਮਾਰਤ ਦੀ ਮੁਕੰਮਲਤਾ ਤੀਕ ਉਕਤ ਦੋਵੇ ਕੋਰਸ ਖਰੜ ਦੇ ਰੈਸਟ ਹਾਊਸ ਵਿੱਚ ਆਰਜੀ ਤੌਰ 'ਤੇ ਸ਼ੁਰੂ ਕਰ ਦਿੱਤੇ ਗਏ ਹਨ।
ਉਨ੍ਹਾਂ ਇਲਾਕੇ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ ਲਈ ਉਕਤ ਕੋਰਸਾਂ ਵਿੱਚ ਪਹਿਲ ਦੇ ਅਧਾਰ 'ਤੇ ਆਪਣਾ ਦਾਖਲਾ ਯਕੀਨੀ ਬਣਾਉਣ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸਰਕਾਰੀ ਆਈ.ਟੀ.ਆਈ (ਲੜਕੀਆਂ) ਮੁਹਾਲੀ ਵਿੱਚ ਵੀ ਪਹਿਲੀ ਕਾਊਂਸਲਿੰਗ ਦੌਰਾਨ ਵੱਖ-ਵੱਖ ਟਰੇਡਾਂ ਵਿੱਚ 85 ਪ੍ਰਤੀਸ਼ਤ ਦਾਖਲਾ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਘੱਟ ਫੀਸ ਦਰਾਂ 'ਤੇ ਕੰਪਿਊਟਰ, ਇਲੈਕਟ੍ਰੌਨਿਕਸ, ਇਨਫਰਮੇਸ਼ਨ ਟੈਕਨੋਲੌਜੀ, ਡਰਾਫਟਸਮੈਨ, ਕੰਪਿਊਟਰ ਹਾਰਡਵੇਅਰ, ਇੰਗਲਿਸ਼ ਤੇ ਪੰਜਾਬੀ ਸਟੈਨੋ, ਸਿਲਾਈ ਕਟਾਈ, ਕਢਾਈ ਅਤੇ ਬਿਊਟੀ ਪਾਰਲਰ ਕਿੱਤੇ ਵਿੱਚ ਆਪਣਾ ਭਵਿੱਖ ਬਣਾਉਣ ਲਈ ਤੁਰੰਤ ਆਈ.ਟੀ.ਆਈ ਨਾਲ ਸੰਪਰਕ ਕਰਕੇ ਆਪਣਾ ਦਾਖਲਾ ਯਕੀਨੀ ਬਣਾਉਣ।
No comments:
Post a Comment