ਐਸ.ਏ.ਐਸ.ਨਗਰ, 30 ਜੁਲਾਈ : ਵੱਡੇ ਹੰਭਲਿਆਂ ਦੀ ਸ਼ੁਰੂਆਤ ਮੁੱਢਲੀਆਂ ਕੋਸ਼ਿਸ਼ਾਂ ਨਾਲ ਹੀ ਹੁੰਦੀ ਹੈ, ਇੱਥੋਂ ਤੱਕ ਕਿ ਵੱਡੇ ਤੋਂ ਵੱਡੇ ਵਪਾਰ ਵੀ ਨਿੱਕੇ-ਨਿੱਕੇ ਖਿਆਲਾਂ ਤੇ ਤਰਕੀਬਾਂ ਨਾਲ ਹੀ ਹੋਂਦ ਵਿੱਚ ਆਉਂਦੇ ਹਨ।ਇਨ੍ਹਾਂ ਦੇ ਆਧਾਰ ਉਤੇ ਹੀ ਹਿੰਮਤ ਵਾਲੇ ਲੋਕ ਜ਼ੋਖ਼ਮ ਲੈਂਦੇ ਅਤੇ ਕਾਮਯਾਬ ਹੁੰਦੇ ਹਨ।" ਇਹ ਸ਼ਬਦ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਨੌਜਵਾਨ ਉੱਦਮੀ ਜੋੜੇ ਅੰਗਰੇਜ਼ ਸਿੰਘ ਤੇ ਉਸ ਦੀ ਪਤਨੀ ਕੁਲਪ੍ਰੀਤ ਕੌਰ ਦੀ ਸ਼ਲਾਘਾ ਕਰਦਿਆਂ ਆਖੇ। ਇਹ ਜੋੜਾ ਫੇਜ਼ 7 ਮੋਹਾਲੀ ਵਿਖੇ ਗੁਰੂ ਕ੍ਰਿਪਾ ਚਾਪ ਦੇ ਨਾਂ ਹੇਠ ਰੇਹੜੀ ਦੀ ਵਰਤੋਂ ਕਰਦਿਆਂ ਖਾਣ ਪੀਣ ਦਾ ਸਾਮਾਨ ਵੇਚਦਾ ਹੈ ਅਤੇ ਕੰਮਕਾਜ ਸਬੰਧੀ ਆਪਣੇ ਹੁਨਰ ਕਾਰਨ ਚਾਪ ਕਿੰਗ ਵਜੋਂ ਮਸ਼ਹੂਰ ਹੋ ਚੁੱਕਿਆ ਹੈ।
ਪੰਜਾਬ ਯੂਥ ਵਿਕਾਸ ਬੋਰਡ ਦੇ ਨੌਜਵਾਨਾਂ ਦੀ ਬਿਹਤਰੀ ਲਈ ਸਮਰਪਿਤ ਹੋਣ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਬਿੰਦਰਾ ਨੇ ਇਸ ਜੋੜੇ ਕੋਲ ਪੁੱਜ ਕੇ ਇਸ ਜੋੜੇ ਦੀ ਹਿੰਮਤ ਤੇ ਮਿਹਨਤ ਲਈ ਮਾਣ ਪੱਤਰ ਅਤੇ ਇਕ ਪੱਗ ਭੇਟ ਕੀਤੀ। ਇਸ ਮੌਕੇ ਸ੍ਰੀ ਬਿੰਦਰਾ ਨੇ ਦੱਸਿਆ ਕਿ ਇਹ ਜੋੜਾ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਕਰੋਨਾ ਪਾਬੰਦੀਆਂ ਕਰ ਕੇ ਵਿਦੇਸ਼ ਨਹੀਂ ਜਾ ਸਕਿਆ ਪਰ ਹਿੰਮਤ ਦਾ ਲੜ ਨਾ ਛੱਡਦਿਆਂ ਇਸ ਜੋੜੇ ਨੇ ਆਪਣਾ ਕੰਮਕਾਜ ਖੋਲ੍ਹਣ ਦਾ ਫ਼ੈਸਲਾ ਲਿਆ ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
ਇਸ ਜੋੜੇ ਨੂੰ ਹੱਲਾਸ਼ੇਰੀ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਕੋਈ ਵੀ ਵਪਾਰ ਤੇ ਕੰਮਕਾਜ ਛੋਟੇ ਪੱਧਰ ਤੋਂ ਸ਼ੁ਼ਰੂ ਹੁੰਦਾ ਹੈ ਤੇ ਕਈ ਵਾਰ ਗਾਹਕ ਵੀ ਘੱਟ ਰਹਿੰਦੇ ਹਨ ਪਰ ਮਿਹਨਤ, ਲਗਨ ਅਤੇ ਦੂਰਅੰਦੇਸ਼ੀ ਸਦਕਾ ਵਪਾਰ ਜਾਂ ਕੰਮਕਾਜ ਬੁਲੰਦੀਆਂ ਉਤੇ ਪੁੱਜ ਜਾਂਦਾ ਹੈ। ਉਨ੍ਹਾਂ ਕਿਹਾ, “ਤੁਹਾਨੂੰ ਨੀਂਹ ਮਜ਼ਬੂਤ ਕਰ ਕੇ ਉਚਾਈ ਵੱਲ ਜਾਣਾ ਚਾਹੀਦਾ ਹੈ ਤਾਂ ਜੋ ਜਦੋਂ ਤੁਸੀਂ ਸਿਖਰਾਂ ਉਤੇ ਪੁੱਜੋ ਤਾਂ ਤੁਸੀਂ ਲੰਮਾ ਸਮਾਂ ਉਸ ਮੁਕਾਮ ਉਤੇ ਟਿਕੇ ਰਹਿ ਸਕੋ।"
ਸ੍ਰੀ ਬਿੰਦਰਾ ਨੇ ਕਿਹਾ ਕਿ ਇਹ ਜੋੜਾ ਹੋਰਾਂ ਲਈ ਮਿਸਾਲ ਬਣਿਆ ਹੈ ਤੇ ਇਸ ਜੋੜੇ ਨੇ ਇਹ ਦਿਖਾਇਆ ਹੈ ਕਿ ਜੇ ਤੁਹਾਡੇ ਵਿੱਚ ਕਾਮਯਾਬ ਹੋਣ ਦੀ ਇੱਛਾ ਤੇ ਇਰਾਦਾ ਹੈ ਤਾਂ ਰੁਕਾਵਟਾਂ ਤੁਹਾਡਾ ਰਾਹ ਨਹੀਂ ਰੋਕ ਸਕਣਗੀਆਂ ਅਤੇ ਤੁਸੀਂ ਆਪਣੀ ਮੰਜ਼ਿਲ ਉਤੇ ਜ਼ਰੂਰ ਪੁੱਜੋਗੇ।
ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਪੂਨਮ ਠਾਕੁਰ, ਜਸਪ੍ਰੀਤ ਸਿੰਘ, ਡਾ. ਅਮਿਤ ਸ਼ਰਮਾ ਤੇ ਲਖਵੀਰ ਸਿੰਘ ਅਤੇ ਬੋਰਡ ਦੇ ਅਹੁਦੇਦਾਰ ਨਿਤਿਨ ਅਰੋੜਾ ਤੇ ਸਤਿੰਦਰ ਆਹਲੂਵਾਲੀਆ ਹਾਜ਼ਰ ਸਨ।
No comments:
Post a Comment