ਐਸ.ਏ.ਐਸ. ਨਗਰ, 26 ਜੁਲਾਈ : ਕੀਟਨਾਸ਼ਕਾਂ ਦੀ ਵੱਧ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਖੇਤੀਬਾੜੀ ਵਿਕਾਸ ਅਤੇ ਪਸਾਰ ਅਫ਼ਸਰਾਂ ਲਈ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵਿਖੇ ਇਕ ਰੋਜ਼ਾ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਖੇਤੀ ਜ਼ਹਿਰਾਂ ਦੇ ਕਾਨੂੰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਸੀ।
ਇਸ ਮੌਕੇ ਡਾ. ਪਰਮਿੰਦਰ ਸਿੰਘ (ਸਹਿਯੋਗੀ ਨਿਰਦੇਸ਼ਕ, ਕੇ.ਵੀ.ਕੇ.) ਨੇ ਕੀਟਨਾਸ਼ਕਾਂ, ਉੱਲੀਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ, ਦਰਾਮਦ, ਬਰਾਮਦ, ਤਿਆਰੀ ਅਤੇ ਵਿਕਰੀ ਲਈ ਕਾਨੂੰਨ ਦੀ ਮਹੱਤਤਾ ਉਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਖੇਤੀ ਜ਼ਹਿਰਾਂ ਦੀ ਵਰਤੋਂ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਹੈ ਅਤੇ ਖੇਤੀ ਵਿਕਾਸ ਅਫ਼ਸਰਾਂ ਦੀ ਖੇਤੀ ਜ਼ਹਿਰਾਂ ਦੀ ਅੰਧਾ-ਧੁੰਦ ਵਰਤੋਂ ਨੂੰ ਰੋਕਣ ਲਈ ਅਹਿਮ ਭੂਮਿਕਾ ਹੈ।ਟੇ੍ਰਨਿੰਗ ਇੰਚਾਰਜ, ਡਾ. ਹਰਮੀਤ ਕੌਰ ਨੇ ਖੇਤੀ ਅਫ਼ਸਰਾਂ ਨਾਲ ਪੌਦ ਕੁਆਰਨਟਾਈਨ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਖੇਤੀ ਜ਼ਹਿਰਾਂ ਬਾਬਤ ਕਾਨੂੰਨ ਦੇ ਉਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਹੈਲਥ ਮੈਨੇਜਮੈਂਟ, ਹੈਦਰਾਬਾਦ ਤੋਂ ਸ੍ਰੀਮਤੀ ਟੀ. ਸ਼੍ਰੀਦੇਵੀ (ਵਿਗਿਆਨਕ ਅਫ਼ਸਰ) ਨੇ ਦੱਸਿਆ ਕਿ ਖੇਤੀ ਜ਼ਹਿਰਾਂ ਸਬੰਧੀ ਕਾਨੂੰਨ ਵਿੱਚ 38 ਧਾਰਵਾਂ ਅਤੇ 46 ਨਿਯਮ ਹਨ, ਜਿਨ੍ਹਾਂ ਬਾਰੇ ਉਨ੍ਹਾਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ‘ਪੈਸਟੀਸਾਈਡ ਮੈਨੇਜਮੈਂਟ ਬਿੱਲ 2020’ ਮਾਰਚ 2020 ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸੁਰੱਖਿਅਤ ਖੇਤੀ ਜ਼ਹਿਰ ਮੁਹੱਈਆ ਕਰਵਾਉਣ ਜਿਨ੍ਹਾਂ ਨਾਲ ਮਨੁੱਖੀ ਜੀਵਨ, ਪਸ਼ੂਆਂ ਅਤੇ ਵਾਤਾਵਰਨ ਨੂੰ ਖਤਰਾ ਨਾ ਹੋਵੇ, ਸਬੰਧੀ ਨਿਯਮ ਸ਼ਾਮਲ ਕੀਤੇ ਗਏ ਹਨ।
ਡਾ. ਨਵਜੋਤ ਸਿੰਘ (ਸਹਾਇਕ ਪ੍ਰੋਫੈਸਰ, ਫ਼ਸਲ ਵਿਗਿਆਨ) ਨੇ ਖੇਤੀ ਅਫ਼ਸਰਾਂ ਨੂੰ ਝੋਨੇ ਦੀ ਫ਼ਸਲ ਵਿੱਚ ਚੰਗੇ ਖੇਤੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਰਾਜੇਸ਼ ਕੁਮਾਰ ਰਹੇਜਾ (ਮੁੱਖ ਖੇਤੀਬਾੜੀ ਅਫ਼ਸਰ) ਮੋਹਾਲੀ ਨੇ ਕੇ.ਵੀ.ਕੇ. ਮਾਹਿਰਾਂ ਦਾ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਧੰਨਵਾਦ ਕੀਤਾ ਅਤੇ ਜ਼ਿਲ੍ਹੇ ਵਿੱਚ ਖੇਤੀ ਜ਼ਹਿਰਾਂ ਦੀ ਖਰੀਦ ਅਤੇ ਵੇਚ ਨਾਲ ਸਬੰਧਤ ਡੀਲਰਾਂ ਦੀ ਜਾਂਚ ਕਰਨ ਦੀ ਇੱਛਾ ਜ਼ਾਹਿਰ ਕੀਤੀ। ਪ੍ਰੋਗਰਾਮ ਦੌਰਾਨ ਖੇਤੀ ਅਫ਼ਸਰਾਂ ਅਤੇ ਮਾਹਿਰਾਂ ਦਰਮਿਆਨ ਖੇਤੀ ਜ਼ਾਹਿਰਾਂ ਦੇ ਕਾਨੂੰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਅੰਤ ਵਿੱਚ ਡਾ. ਗੁਰਦਿਆਲ ਸਿੰਘ (ਖੇਤੀ ਵਿਕਾਸ ਅਫ਼ਸਰ) ਨੇੇ ਮੁੱਖ ਮਹਿਮਾਨ ਅਤੇ ਕੇ.ਵੀ.ਕੇ. ਟੀਮ ਦਾ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ।
No comments:
Post a Comment