ਐਸ.ਏ.ਐਸ. ਨਗਰ, 20 ਅਗਸਤ : ਡਿਜੀਟਲਾਈਜੇਸ਼ਨ ਵੱਲ ਵੱਡੀ ਪੁਲਾਂਘ ਪੁੱਟਦਿਆਂ, ਪੰਜਾਬ ਸਰਕਾਰ ਨੇ ਏਕੀਕ੍ਰਿਤ ਸੂਬਾਈ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਨਾਲ ਨਾਗਰਿਕ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਨਿਬੇੜਾ ਕਰਨ ਦੇ ਨਾਲ-ਨਾਲ ਸਟੇਟ ਐਡਮਿਸ਼ਨ ਵੈੱਬਸਾਈਟ ਰਾਹੀਂ ਦਾਖਲਾ ਲੈਣ ਦੀ ਮਿਤੀ 31 ਅਗਸਤ 2021 ਤੱਕ ਵਧਾ ਦਿੱਤੀ। ਇਸ ਨਾਲ ਹੁਣ ਵਿਦਿਆਰਥੀ ਸਰਕਾਰੀ ਕਾਲਜਾਂ ਵਿੱਚ ਬਿਨਾਂ ਕਿਸੇ ਮੁਸ਼ਕਲ ਦੇ ਦਾਖ਼ਲਾ ਲੈ ਸਕਣਗੇ।
ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਇਹ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਉਤੇ ਅਮਲ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾਖਲਾ ਪੋਰਟਲ ਰਾਹੀਂ 100% ਦਾਖਲਿਆਂ ਆਨਲਾਈਨ ਹੋ ਸਕਣਗੇ ਕਿਉਂਕਿ ਬਿਨੈਕਾਰਾਂ ਨੂੰ ਕਿਸੇ ਵੀ ਥਾਂ ਉਤੇ ਖ਼ੁਦ ਜਾਣ ਦੀ ਲੋੜ ਨਹੀਂ ਰਹੇਗੀ। ਉਨ੍ਹਾਂ 1100 ਹੈਲਪਲਾਈਨ ਨੂੰ ਇੱਕ ਹੋਰ ਲੋਕ ਪੱਖੀ ਪਹਿਲਕਦਮੀ ਦੱਸਦਿਆਂ ਕਿਹਾ ਕਿ ਸਾਰੀਆਂ ਨਾਗਰਿਕ ਸੇਵਾਵਾਂ ਦੇ ਲਾਭ ਇਕ ਜਗ੍ਹਾ ਪ੍ਰਾਪਤ ਕਰਨ ਲਈ ਸਿਰਫ਼ ਇਕ ਨੰਬਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨਵਾਂ ਲਾਂਚ ਕੀਤਾ ਗਿਆ `ਯੂਨੀਫਾਈਡ ਸਟੇਟ ਹੈਲਪਲਾਈਨ ਨੰਬਰ` 1100 ਛੇਤੀ ਹੀ ਚੈਟ, ਈਮੇਲ, ਵਟਸਐਪ ਅਤੇ ਐਸਐਮਐਸ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ ਨੇ ਦੱਸਿਆ ਕਿ `1100` ਹੈਲਪਲਾਈਨ ਨੂੰ ਪੀਜੀਆਰਐਸ ਪੋਰਟਲ ਨਾਲ ਵੀ ਜੋੜਿਆ ਗਿਆ ਹੈ ਅਤੇ ਇਹ ਗੈਰ-ਐਮਰਜੈਂਸੀ ਸੇਵਾਵਾਂ ਦੀ ਸਹੂਲਤ ਦੇਵੇਗੀ, ਜੋ ਡਿਜੀਟਲਾਈਜੇਸ਼ਨ ਵੱਲ ਇਕ ਵੱਡਾ ਕਦਮ ਹੈ। ਜ਼ਿਲ੍ਹੇ ਵਿੱਚ ਹੋਏ ਇਸ ਲਾਂਚ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ ਅਤੇ ਡੀ.ਜੀ.ਆਰ. ਸ਼ਾਖਾ ਦੇ ਅਧਿਕਾਰੀ ਸ਼ਾਮਲ ਹੋਏ।
No comments:
Post a Comment