ਐਸ.ਏ.ਐਸ ਨਗਰ, 1 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 2 ਅਤੇ ਆਪਦਾ ਪ੍ਰਬੰਧਨ ਐਕਟ, 2005 ਦੀਆਂ ਹੋਰ ਸਾਰੀਆਂ ਯੋਗ ਵਿਵਸਥਾਵਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਜ਼ਿਲੇ ਵਿੱਚ ਕੋਵਿਡ ਪਾਬੰਦੀਆਂ ਨੂੰ 15 ਸਤੰਬਰ, 2021 ਤੱਕ ਵਧਾ ਦਿੱਤਾ ਹੈ।
ਮਹਾਂਮਾਰੀ ਦੀ ਲਾਗ ਨੂੰ ਹੋਰ ਵਧਣ ਤੋਂ ਰੋਕਣ ਦੇ ਉਦੇਸ਼ ਨਾਲ, ਇਨ੍ਹਾਂ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਿਰਫ ਉਹ ਯਾਤਰੀ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ, ਜਾਂ ਜਿਹੜੇ ਕੋਵਿਡ ਤੋਂ ਠੀਕ ਹੋਏ ਹਨ, ਜਾਂ ਜਿਨ੍ਹਾਂ ਦੀ ਪਿਛਲੇ 72 ਘੰਟਿਆਂ ਦੀ ਆਰਟੀਪੀਸੀਆਰ ਰਿਪੋਰਟ ਨੈਗੇਟਿਵ ਹੈ, ਨੂੰ ਹੀ ਦੂਜੇ ਸੂਬਿਆਂ ਤੋਂ ਜ਼ਿਲ੍ਹੇ ਵਿੱਚ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਜੇ ਕਿਸੇ ਯਾਤਰੀ ਕੋਲ ਇਨ੍ਹਾਂ ਵਿੱਚੋਂ ਕੋਈ ਇਕ ਦਸਤਾਵੇਜ਼ ਨਹੀਂ ਹੈ, ਤਾਂ ਰੈਪਿਡ ਐਂਟੀਜਨ ਟੈਸਟ (ਆਰਏਟੀ) ਲਾਜ਼ਮੀ ਹੋਵੇਗਾ। ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਲਾਜ਼ਮੀ ਤੌਰ 'ਤੇ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਚਾਹੀਦਾ ਹੈ, ਜਾਂ ਕੋਵਿਡ ਤੋਂ ਠੀਕ ਹੋਇਆ ਹੋਣਾ ਚਾਹੀਦਾ ਹੈ, ਜਾਂ ਉਸ ਕੋਲ ਪਿਛਲੇ 72 ਘੰਟਿਆਂ ਦੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਕੀਤੀ ਗਈ ਹੈ
ਹਾਲ ਜਾਂ ਕਿਸੇ ਹੋਰ ਛੱਤ ਵਾਲੀ ਥਾਂ ਇਕੱਠ ਦੀ ਕੁੱਲ 150 ਅਤੇ ਖੁੱਲ੍ਹੀਆਂ ਥਾਵਾਂ ਉਤੇ 300 ਵਿਅਕਤੀਆਂ ਤੱਕ ਸੀਮਤ ਕੀਤਾ ਗਿਆ ਹੈ ਅਤੇ ਇਸ ਲਈ ਕੁੱਲ ਸਮਰੱਥਾ ਦੇ 50 ਫੀਸਦੀ ਦੀ ਸ਼ਰਤ ਲਾਈ ਗਈ ਹੈ। ਕਲਾਕਾਰਾਂ/ਸੰਗੀਤਕਾਰਾਂ ਨੂੰ ਅਜਿਹੇ ਸਮਾਰੋਹਾਂ/ਸਮਾਗਮਾਂ ਵਿੱਚ ਸਾਰੇ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ ਨਾਲ ਆਗਿਆ ਦਿੱਤੀ ਜਾਵੇਗੀ। ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਅਜਾਇਬਘਰ, ਚਿੜੀਆਘਰ, ਆਦਿ ਨੂੰ 50 ਫੀਸਦੀ ਦੀ ਵੱਧ ਤੋਂ ਵੱਧ ਸਮਰੱਥਾ 'ਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਬਸ਼ਰਤੇ ਕਿ ਸਾਰੇ ਸਟਾਫ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੋਵੇ ਜਾਂ ਕੋਵਿਡ ਤੋਂ ਠੀਕ ਹੋਏ ਹੋਣ। ਤੈਰਾਕੀ, ਖੇਡਾਂ ਅਤੇ ਜਿੰਮ ਸਹੂਲਤਾਂ ਦੀ ਵਰਤੋਂ ਕਰਨ ਵਾਲਿਆਂ ਦੀ ਉਮਰ 18 ਸਾਲ ਤੋਂ ਵੱਧ ਹੋਵੇ ਅਤੇ ਉਨ੍ਹਾਂ ਦੇ ਘੱਟੋ ਘੱਟ ਇੱਕ ਟੀਕਾ ਜ਼ਰੂਰ ਲੱਗਿਆ ਹੋਵੇ। ਇਨ੍ਹਾਂ ਥਾਵਾਂ ਨੂੰ ਚਲਾਉਣ ਲਈ ਸਖਤ ਕੋਵਿਡ ਪ੍ਰੋਟੋਕੋਲ ਲਾਗੂ ਕੀਤੇ ਜਾਣਗੇ।
ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਹੋਰ ਸਾਰੇ ਅਦਾਰੇ ਇਸ ਸ਼ਰਤ ਅਧੀਨ ਖੁੱਲ੍ਹਣਗੇ ਕਿ ਉਨ੍ਹਾਂ ਦੇ ਅਧਿਆਪਕ, ਗੈਰ-ਅਧਿਆਪਕ ਸਟਾਫ ਅਤੇ ਵਿਦਿਆਰਥੀਆਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ, ਜਾਂ ਕੋਵਿਡ ਤੋਂ ਠੀਕ ਹੋਏ ਹੋਣ। ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਵੀ ਉਪਲਬਧ ਕਰਨਾ ਹੋਵੇਗਾ ।
ਜਿਹੜੇ ਸ਼ਹਿਰ ਵਿੱਚ ਕੋਵਿਡ ਪਾਜ਼ੇਟਿਵਿਟੀ 0.2 ਫੀਸਦੀ ਤੋਂ ਜ਼ਿਆਦਾ ਹੈ, ਉਥੇ ਚੌਥੀ ਜਮਾਤ ਜਾਂ ਉਸ ਤੋਂ ਹੇਠਾਂ ਦੀਆਂ ਜਮਾਤਾਂ ਸਥਿਤੀ ਸੁਧਰਨ ਤੱਕ ਬੰਦ ਰਹਿਣਗੀਆਂ। ਇਨ੍ਹਾਂ ਆਦੇਸ਼ਾਂ ਵਿੱਚ ਅੱਗੇ ਸਪੱਸ਼ਟ ਕੀਤਾ ਗਿਆ ਹੈ ਕਿ ਉੱਚ ਸਿੱਖਿਆ ਸੰਸਥਾਵਾਂ, ਕਾਲਜਾਂ, ਕੋਚਿੰਗ ਸੈਂਟਰਾਂ ਸਕੂਲਾਂ ਵਿੱਚ ਇਸ ਮਹੀਨੇ ਅੰਦਰ ਵਿਸ਼ੇਸ਼ ਕੈਂਪ ਲਵਾ ਕੇ ਸਟਾਫ਼ ਨੂੰ ਘੱਟੋ ਘੱਟ ਇਕ ਟੀਕਾ ਜ਼ਰੂਰ ਲਵਾਇਆ ਜਾਵੇ। ਜਿਨ੍ਹਾਂ ਨੂੰ ਦਵਾਈ ਦੀ ਦੂਜੀ ਖੁਰਾਕ ਦੀ ਲੋੜ ਹੈ, ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਦੌਰਾਨ ਤਰਜੀਹ ਦਿੱਤੀ ਜਾਵੇਗੀ। ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਟੀਕਾ ਲਗਵਾਉਣ ਲਈ ਉਤਸ਼ਾਹਿਤ ਕੀਤੇ ਜਾਣ ਲਈ ਕਿਹਾ ਗਿਆ ਹੈ।
ਆਪਣੇ ਆਦੇਸ਼ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਅਧਿਕਾਰੀ ਕੇਂਦਰੀ ਸਿਹਤ ਮੰਤਰਾਲੇ/ਰਾਜ ਸਰਕਾਰ ਦੇ ਕੋਵਿਡ ਦੀ ਰੋਕਥਾਮ ਲਈ ਸਾਰੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਦੇ ਨਾਲ ਸਮਾਜਿਕ ਦੂਰੀ, ਚਿਹਰੇ ਉਤੇ ਮਾਸਕ ਪਹਿਨਣਾ ਆਦਿ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਗੇ।
No comments:
Post a Comment