ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ
ਮੋਹਾਲੀ, 5 ਅਕਤੂਬਰ : ਮੋਹਾਲੀ ਦੇ ਸੈਕਟਰ 88 ਵਿੱਚ ਬਣੀ ਹੀਰੋ ਹੋਮਜ਼ ਦੇ ਵਾਸੀ ਲੱਖਾਂ ਰੁਪਏ ਦੀ ਖਰਚਣ ਦੇ ਬਾਵਜੂਦ ਬਿਲਡਰ ਦੀਆਂ ਗਲਤ ਨੀਤੀਆਂ ਅਤੇ ਆਪ ਹੁਦਰੀਆਂ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਜੀ ਰਹੇ ਹਨ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਿਲਡਰ ਉਤੇ ਗੰਭੀਰ ਦੋਸ਼ ਲਗਾਏ ਗਏ। ਪ੍ਰਧਾਨ ਮਨਜੀਤ ਪੁਰੀ, ਜਨਰਲ ਸਕੱਤਰ ਅਮਨਦੀਪ ਸਿੰਘ, ਹਿੰਮਤ ਅਰੋੜਾ ਮੀਤ ਪ੍ਰਧਾਨ ਸ਼ਵਿੰਦਰਪਾਲ ਸਿੰਘ ਓਬਰਾਏ ਸਕੱਤਰ ਨੇ ਕਿਹਾ ਕਿ ਬਿਲਡਰ ਵੱਲੋਂ ਬਿਜਲੀ ਬੋਰਡ ਨਾਲ ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਆਫਰ ਆਫ ਪੋਜੈਸ਼ਨ ਦੇ ਪੱਤਰ ਦਿੱਤੇ ਗਏ। ਪੱਤਰ ਜਨਵਰੀ 2021 ਵਿੱਚ ਦਿੱਤੇ, ਜਦੋਂ ਕਿ ਬਿਜਲੀ ਬੋਰਡ ਨਾਲ ਡੀਐਫ ਮਈ 2021 ਵਿੱਚ ਹੋਈ। ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਜੋ ਸਮਾਰਟ (ਏਐਮਆਰ) ਮੀਟਰ ਲਗਾਏ ਹਨ ਉਹ ਵੀ ਬਿਨਾਂ ਕਿਸੇ ਟੈਸਟ ਰਿਪੋਰਟ ਤੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਲੋਡ ਫਿਕਸ ਚਾਰਜ 990 ਕਿਲੋਵਾਟ ਦਾ ਹੈ, ਜਦੋਂ ਕਿ ਸੁਸਾਇਟੀ ਵਾਸੀਆਂ ਤੋਂ 7000 ਕਿਲੋਵਾਟ ਦਾ ਬਿਲ ਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 4 ਤੋਂ 6 ਕਿਲੋਵਾਟ ਤੱਕ ਸਿੰਗਲ ਫੇਜ ਮੀਟਰ ਲਗਾਇਆ ਜਾਣਾ ਚਾਹੀਦਾ ਸੀ, ਪਰ ਸਾਡੇ 3 ਫੇਜ ਦੇ ਮੀਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਬਿਨਾਂ ਕਿਸੇ ਜਾਣਕਾਰੀ ਦਿੱਤੇ ਹੀ ਮੀਟਰ ਦਾ ਲੋਡ ਵਧਾ ਕੇ 7 ਤੋਂ 20 ਕਿਲੋਵਾਟ ਕਰ ਦਿੱਤਾ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਬਿਲਡਰ ਦੀ ਆਪ ਹੁਦਰੀ ਕਾਰਨ ਹੀ ਹੀਰੋ ਹੋਮਜ਼ ਦੇ ਵਾਸੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਬਿਜਲੀ ਦੇ 300 ਯੂਨਿਟ ਵੀ ਨਹੀਂ ਮਿਲ ਰਹੇ ਅਤੇ ਨਾ ਹੀ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਡੀਐਫ ਮੁਤਾਬਕ ਕੂਨੈਕਟਡ ਚਾਰਜ ਵਸਨੀਕਾਂ ਤੋਂ 80 ਫੀਸਦੀ ਲਿਆ ਜਾਣਾ ਚਾਹੀਦਾ, ਪਰ ਸਾਡੇ ਤੋਂ 100 ਫੀਸਦੀ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੀਟਰ ਵਿਚੋਂ ਪੈਸੇ ਖਤਮ ਹੋ ਜਾਂਦੇ ਹਨ ਤਾਂ ਬਿਨਾਂ ਕਿਸੇ ਨੋਟਿਸ ਦੇ ਰਾਤ ਨੂੰ ਹੀ ਘਰ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਰੇਰਾ ਐਕਟ ਦੀਆਂ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਗੈਸਟ ਪਾਰਕਿੰਗ ਦੇ ਨਾਮ ਉਤੇ ਹੀ ਘਪਲੇਬਾਜ਼ੀ ਸਾਹਮਣੇ ਆਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਟੀਨੈਂਸ ਦੇ 3 ਰੁਪਏ 20 ਪੈਸੇ ਵਰਗ ਫੁੱਟ ਦੇ ਹਿਸਾਬ ਨਾਲ ਲਿਆ ਜਾਂਦਾ ਹੈ, ਪ੍ਰੰਤੂ ਖਰਚੇ ਦੇ ਵੇਰਵਾ ਤੱਕ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਕਸ਼ੇ ਵਿੱਚ ਬਿਨਾਂ ਕਿਸੇ ਮਨਜ਼ੂਰੀ ਛੇੜਛਾੜ ਕੀਤੀ ਗਈ ਹੈ। ਹੀਰੋ ਹੋਮਜ਼ ਵਾਸੀਆਂ ਨੇ ਇਹ ਵੀ ਕਿਹਾ ਕਿ 999 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਲੱਬ ਮੈਟੀਨੈਂਸ ਲਈ ਜਾਂਦੀ ਹੈ, ਪ੍ਰੰਤੂ ਸਹੂਲਤ ਦਿੱਤੀ ਨਹੀਂ ਜਾ ਰਹੀ। ਕਲੱਬ ਹਾਊਸ ਵਿੱਚ ਬਿਲਡਰ ਨੇ ਆਪਣਾ ਸੇਲਜ਼ ਦਫ਼ਤਰ ਬਣਾਇਆ ਹੋਇਆ ਹੈ, ਜਿਸ ਦੀ ਬਿਜਲੀ ਦਾ ਖਰਚ ਵੀ ਵਸਨੀਕਾਂ ਤੋਂ ਲਿਆ ਜਾ ਰਿਹਾ ਹੈ। ਕਲੱਬ ਹਾਊਸ ਵਿੱਚ ਐਂਟਰੀ ਲਈ ਵੀ ਕੋਈ ਬਾਈਓਮੈਟ੍ਰਿਕ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੁਸਾਇਟੀ ਵਿੱਚ ਸਕਿਊਰਿਟੀ ਨੂੰ ਲੈ ਕੇ ਵੀ ਚੰਗੇ ਪ੍ਰਬੰਧ ਨਹੀਂ ਹਨ, ਇੱਥੋਂ ਤੱਕ ਕੇ ਗੱਡੀਆਂ ਵੀ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਸੋਂ ਦੇ ਨੇੜੇ ਹੀ ਐਸਟੀਪੀ ਲਗਾਇਆ ਗਿਆ ਹੈ, ਜਿਸ ਕਾਰਨ ਬਦਬੂ, ਸ਼ੋਰ ਸਰਾਬੇ ਕਾਰਨ ਲੋਕਾਂ ਨੂੰ ਰਹਿਣਾ ਮੁਸ਼ਕਲ ਹੈ ਅਤੇ ਨਾ ਹੀ ਸੁਸਾਇਟੀ ਵਿੱਚ ਸਫਾਈ ਵਿਵਸਥਾ ਵਧੀਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਬਿਜਲੀ ਵਿਭਾਗ ਦੀ ਸੀਐਮਡੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਰ ਉਤੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਅਤੇ ਇਨਸਾਫ ਦਿਵਾਇਆ ਜਾਵੇ।
ਇਸ ਮੌਕੇ ਮਨਪ੍ਰੀਤ ਸਿੰਘ ਮਾਵੀ ਮੈਂਬਰ, ਗੋਪਾਲ ਕ੍ਰਿਸ਼ਨ ਕਾਨੂੰਨੀ ਸਲਾਹਕਾਰ, ਤੇਜਿੰਦਰ ਸਿੰਘ ਮੈਂਬਰ, ਇੰਦਰਜੀਤ ਮੈਂਬਰ, ਅਨੂਪ ਸਿੰਘ, ਵਿਕਰਮ ਕਪੂਰ, ਗੁਰਵਿੰਦਰ ਸਿੰਘ ਹਾਜ਼ਰ ਸਨ।
ਡੱਬੀ ਦੂਜੇ ਪਾਸੇ ਹੀਰੋ ਹੋਮਜ ਦੇ ਪੀਆਰ ਓ ਸੁਮੇਂਦਰ ਸਾਹੂ ਨੇ ਕਿਹਾ ਕਿ ਕੰਪਨੀ ਕੁੱਝ ਵੀ ਗਲਤ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਰੇਰਾ ਨੂੰ ਕਰਨ। ਉਹਨਾਂ ਕਿਹਾ ਕਿ ਬਿਜਲੀ ਦਾ ਮੀਟਰ ਓਨਾ ਚਿਰ ਕੰਪਨੀ ਦੇ ਨਾਂ ਹੀ ਰਹੇਗਾ ਜਦੋਂ ਤੱਕ ਪ੍ਰੋਜੈਕਟ ਰੇਰਾ ਨੂੰ ਹੈਂਡਓਵਰ ਨਹੀਂ ਹੋ ਜਾਂਦਾ। ਇਸਤੋਂ ਬਾਅਦ ਹੀ ਮੀਟਰ ਲੋਕਾਂ ਦੇ ਨਾਂ ਲੱਗ ਸਕਣਗੇ। ਕਲੱਬ ‘ਚ ਦਫ਼ਤਰ ਬਾਰੇ ਵੀ ਉਹਨਾਂ ਕਿਹਾ ਕਿ ਇਹ ਰੇਰਾ ਦੀ ਮਨਜ਼ੂਰੀ ਨਾਲ ਹੀ ਹੈ। ਜੇਕਰ ਅਸੀਂ ਠੀਕ ਹਾਂ ਤਦ ਹੀ ਰੇਰਾ ਕੋਈ ਕਾਰਵਾਈ ਨਹੀਂ ਕਰ ਰਿਹਾ।
No comments:
Post a Comment