ਐਸ.ਏ.ਐਸ. ਨਗਰ, 11 ਸਤੰਬਰ : ਹਰ ਬੇਰੋਜ਼ਗਾਰ ਨੌਜਵਾਨ ਨੂੰ ਨੌਕਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਦੂਜਾ ਮੈਗਾ ਰੋਜ਼ਗਾਰ ਮੇਲਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਲਾਂਡਰਾਂ ਵਿਖੇ ਕਰਵਾਇਆ ਗਿਆ, ਜੋ 522 ਨੌਜਵਾਨਾਂ ਦੀ ਕਿਸਮਤ ਬਦਲਣ ਵਿੱਚ ਸਹਾਈ ਹੋਇਆ।
ਐਸ.ਡੀ.ਐਮ. ਮੋਹਾਲੀ ਹਰਬੰਸ ਸਿੰਘ ਦੇ ਨਾਲ ਮੇਲੇ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਲਾਏ ਜਾ ਰਹੇ ਇਸ ਰੋਜ਼ਗਾਰ ਮੇਲੇ ਵਿੱਚ 700 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਏਡੀਸੀ (ਡੀ) ਨੇ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਰੋਜ਼ਗਾਰ ਮੇਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਹੋਰ ਕੰਪਨੀਆਂ ਤੋਂ ਇਲਾਵਾ ਪ੍ਰਮੁੱਖ ਕੰਪਨੀਆਂ ਜਿਵੇਂ ਕਿ ਰਿਲਾਇੰਸ, ਐਚ.ਡੀ.ਐਫ.ਸੀ., ਟਾਟਾ ਏਆਈਜੀ, ਪਿਉਮਾ ਸੋਰਸ, ਕੋਟਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ਮੈਟੋ, ਐਚਸੀਐਲ ਨੇ ਭਾਗ ਲਿਆ। ਮੌਜੂਦਾ ਨੌਕਰੀ ਮੇਲੇ ਵਿੱਚ 522 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ, ਜਦੋਂ ਕਿ 40 ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ 43 ਉਮੀਦਵਾਰਾਂ ਨੂੰ ਸਵੈ ਰੋਜ਼ਗਾਰ ਲਈ ਚੁਣਿਆ ਗਿਆ ਹੈ।
ਮੌਜੂਦਾ ਨੌਕਰੀ ਮੇਲੇ ਦੀ ਸਫਲਤਾ ਲਈ, ਡਿਪਟੀ ਡਾਇਰੈਕਟਰ ਸੀਜੀਸੀ ਲਾਂਡਰਾਂ ਨਵਨੀਤ ਸਿੰਘ ਨੇ ਵਿਦਿਆਰਥੀਆਂ/ਉਮੀਦਵਾਰਾਂ ਦੀ ਲਾਮਬੰਦੀ ਤੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ।ਸਮਾਗਮ ਦੌਰਾਨ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਸਵੈ-ਰੋਜ਼ਗਾਰ ਲਈ ਚੱਲ ਰਹੀਆਂ ਪੰਜਾਬ ਸਰਕਾਰ ਦੀਆਂ ਵੱਖ -ਵੱਖ ਸਕੀਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਡਿਪਟੀ ਸੀਈਓ ਮਨਜੇਸ਼ ਸ਼ਰਮਾ, ਰੋਜ਼ਗਾਰ ਅਫਸਰ ਹਰਪ੍ਰੀਤ ਸਿੱਧੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
No comments:
Post a Comment