ਐਸ.ਏ.ਐਸ.ਨਗਰ 9 ਦਸੰਬਰ : ਹਲਕਾ ਖਰੜ ਦੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਭਾਗੋਮਾਜਰਾ ਤੋਂ ਮੌਜਪੁਰ, ਭਾਰਤਪੁਰ, ਚਡਿਆਲਾ ਸੂਦਾਂ, ਪੱਤੜਾਂ ਸੜਕ ਨੂੰ 10 ਫ਼ੁਟ ਤੋਂ 18 ਫ਼ੁਟ ਚੌੜਾ ਕੀਤਾ ਜਾਵੇ। ਹਲਕਾ ਵਿਧਾਇਕ ਸ. ਸਿੱਧੂ ਅਤੇ ਮੱਛਲੀ ਕਲਾਂ ਦੇ ਪੁਰਜ਼ੋਰ ਯਤਨਾਂ ਸਦਕਾ 2.78 ਕਰੋੜ ਰੁਪਏ ਦੀ ਲਾਗਤ ਨਾਲ ਚੌੜੀ ਹੋਣ ਵਾਲੀ ਇਸ ਸੜਕ ਨੂੰ ਮਨਜ਼ੂਰੀ ਮਿਲੀ ਅਤੇ ਪਿਛਲੇ ਦਿਨੀਂ ਇਸ ਦਾ ਨੀਂਹ ਪੱਥਰ ਰਖਿਆ ਗਿਆ। ਇਹ ਸੜਕ ਬਣਨ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਅਤੇ ਸਮਾਨ ਦੀ ਢੋਆ-ਢੁਆਈ ਕਰਨ ਵਿਚ ਭਾਰੀ ਸੌਖ ਹੋ ਜਾਵੇਗੀ ਜਿਸ ਕਾਰਨ ਲੋਕਾਂ ਅੰਦਰ ਖ਼ੁਸ਼ੀ ਦੀ ਭਾਰੀ ਲਹਿਰ ਹੈl
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਰਿਣੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਏਨਾ ਮਾਨ-ਸਨਮਾਨ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਸਨਮੁਖ ਕਈ ਨਵੇਂ ਚਿਹਰੇ ਪਿੰਡਾਂ ਵਿਚ ਵਿਚਰ ਰਹੇ ਹਨ ਜਿਨ੍ਹਾਂ ਨੂੰ ਇਨ੍ਹਾਂ ਪਿੰਡਾਂ ਦੀਆਂ ਜ਼ਮੀਨੀ ਹਕੀਕਤਾਂ ਅਤੇ ਸਮੱਸਿਆਵਾਂ ਦਾ ਭੋਰਾ ਗਿਆਨ ਨਹੀਂ। ਉਨ੍ਹਾਂ ਕਿਹਾ, ‘ਮੈਂ ਇਸ ਇਲਾਕੇ ਦਾ ਜੰਮਪਲ ਹਾਂ ਅਤੇ ਕਈ ਵਰਿ੍ਹਆਂ ਤੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਰਿਹਾ ਹਾਂ ਤੇ ਹਲਕੇ ਦੇ ਸਾਰੇ ਲੋਕ ਮੈਨੂੰ ਨਿਜੀ ਤੌਰ ’ਤੇ ਜਾਣਦੇ ਹਨ।’ ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਅਪਣੇ ਯਤਨਾਂ ਵਿਚ ਬਹੁਤ ਹੱਦ ਤਕ ਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਹਮੇਸ਼ਾਂ ਵਾਂਗ ਖਰੜ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਰਹਿਣਗੇ।
ਸ੍ਰੀ ਮੱਛਲੀ ਕਲਾਂ ਨੇ ਵਿਧਾਇਕ ਸ. ਸਿੱਧੂ ਦੀ ਮੌਜੂਦਗੀ ਵਿਚ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚਮਕੌਰ ਸਾਹਿਬ ਹਲਕੇ ਦਾ ਚੌਤਰਫ਼ਾ ਵਿਕਾਸ ਹੋ ਰਿਹਾ ਹੈ, ਉਸੇ ਤਰ੍ਹਾਂ ਹਲਕਾ ਖਰੜ ਨੂੰ ਵੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿਤੀਆਂ ਜਾਣ ਤਾਕਿ ਪਿੰਡਾਂ ਦਾ ਚੌਤਰਫ਼ਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਤੋਂ ਬੇਹੱਦ ਖ਼ੁਸ਼ ਹਨ ਅਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣਗੇ।
No comments:
Post a Comment