SBP GROUP

SBP GROUP

Search This Blog

Total Pageviews

ਸਿਵਲ ਸਰਜਨ ਵਲੋਂ ਜ਼ਿਲ੍ਹਾ ਹਸਪਤਾਲ ਤੋਂ ਸਾਈਕਲ ਰੈਲੀ ਰਵਾਨਾ

ਮੋਹਾਲੀ, 11 ਦਸੰਬਰ ( ) : ਗ਼ੈਰ-ਸੰਚਾਰੀ ਬੀਮਾਰੀਆਂ ਵਿਰੁਧ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਸਥਾਨਕ ਜ਼ਿਲ੍ਹਾ ਹਸਪਤਾਲ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਵਿਚ ਸਾਈਕਲ ਸਵਾਰਾਂ ਅਤੇ ਪ੍ਰਬੰਧਕਾਂ ਸਮੇਤ 35 ਜਣਿਆਂ ਨੇ ਹਿੱਸਾ ਲਿਆ। ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਕਰਵਾਈ ਗਈ ਇਹ ਰੈਲੀ ਸਵੇਰੇ ਸਾਢੇ ਛੇ ਵਜੇ ਚੱਲੀ ਅਤੇ ਵੇਰਕਾ ਚੌਂਕ ਤਕ ਜਾ ਕੇ ਮੁੜ ਜ਼ਿਲ੍ਹਾ ਹਸਪਤਾਲ ਪਹੁੰਚੀ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਗ਼ੈਰ-ਸੰਚਾਰੀ ਬੀਮਾਰੀਆਂ ਤੋਂ ਬਚਾਅ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ, ‘ਗ਼ੈਰ-ਸੰਚਾਰੀ ਬੀਮਾਰੀਆਂ ਕਾਰਨ ਮੌਤ ਦਰ ਕਾਫ਼ੀ ਜ਼ਿਆਦਾ ਹੈ। 


ਇਹ ਬੀਮਾਰੀਆਂ ਆਮ ਤੌਰ ’ਤੇ ਲੰਮੀ ਮਿਆਦ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਠੀਕ ਹੋਣ ’ਚ ਸਮਾਂ ਲਗਦਾ ਹੈ। ਇਨ੍ਹਾਂ ਬੀਮਾਰੀਆਂ ਵਿਚ ਮੁੱਖ ਤੌਰ ’ਤੇ ਦਿਲ ਦਾ ਦੌਰਾ, ਕੈਂਸਰ, ਸਾਹ ਦੀਆਂ ਬੀਮਾਰੀਆਂ, ਸ਼ੱਕਰ ਰੋਗ, ਅਸਥਮਾ ਆਦਿ ਸ਼ਾਮਲ ਹਨ। ਇਨ੍ਹਾਂ ਬੀਮਾਰੀਆਂ ਦੀ ਲਗਾਤਾਰ ਅਤੇ ਸਮਾਂਬੱਧ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਜਾਂਚ ਨਾ ਹੋਣ ਕਾਰਨ ਬੀਮਾਰੀ ਗੰਭੀਰ ਰੂਪ ਅਖ਼ਤਿਆਰ ਕਰ ਲੈਂਦੀ ਹੈ।’

           ਉਨ੍ਹਾਂ ਕਿਹਾ ਕਿ ਕੁਝ ਬੀਮਾਰੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਾਡੀ ਜੀਵਨ ਸ਼ੈਲੀ ਨਾਲ ਜੁੜੀਆਂ ਹੋਈਆਂ ਹਨ। ਸਰੀਰ ਨੂੰ ਹਮੇਸ਼ਾ ਰੁਝੇਵਿਆਂ ਵਿਚ ਰੱਖਣ ਦੀ ਲੋੜ ਹੈ। ਸਵੇਰੇ ਵੇਲੇ ਦੀ ਸੈਰ, ਹਲਕੀ-ਫੁਲਕੀ ਕਸਰਤ, ਸਾਈਕਲ ਚਲਾਉਣਾ, ਤੈਰਨਾ, ਤੇਲ, ਲੂਣ, ਘੀ, ਮਿੱਠਾ, ਮੈਦੇ ਆਦਿ ਦੀ ਘੱਟ ਤੋਂ ਘੱਟ ਵਰਤੋਂ ਅਤੇ ਫ਼ਾਸਟ ਫ਼ੂਡ ਆਦਿ ਤੋਂ ਪ੍ਰਹੇਜ਼ ਕੁਝ ਅਜਿਹੇ ਨਿਯਮ ਹਨ ਜਿਹੜੇ ਸਾਡੀ ਤੰਦਰੁਸਤੀ ਵਿਚ ਅਹਿਮ ਰੋਲ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ-ਸਮੇਂ ’ਤੇ ਸਰੀਰ ਦੀ ਮੁਕੰਮਲ ਡਾਕਟਰੀ ਜਾਂਚ ਸਾਨੂੰ ਗੰਭੀਰ ਬੀਮਾਰੀਆਂ ਤੋਂ ਬਚਾ ਸਕਦੀ ਹੈ।  
           ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਨੇ ਕਿਹਾ ਕਿ ਜੇ ਅਸੀਂ ਅਪਣੀ ਜੀਵਨ-ਸ਼ੈਲੀ ਨੂੰ ਠੀਕ ਕਰ ਲਈਏ ਤਾਂ ਬਹੁਤੇ ਮਾਮਲਿਆਂ ਵਿਚ ਸਾਨੂੰ ਹਸਪਤਾਲ ਜਾਣ ਦੀ ਲੋੜ ਹੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਫ਼ੈਟ ਅਤੇ ਤੇਲ ਵਾਲੀਆਂ ਚੀਜ਼ਾਂ ਦੀ ਲੋੜੋਂ ਵੱਧ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ। ਇਸ ਮੌਕੇ ਸਿਹਤ ਅਧਿਕਾਰੀ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।

No comments:


Wikipedia

Search results

Powered By Blogger