SBP GROUP

SBP GROUP

Search This Blog

Total Pageviews

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਪਿਤ 10ਵੇਂ ਰਾਸ਼ਟਰੀ ਯੁਵਾ ਸੰਮੇਲਨ ‘ਈਵੋਕ-2022’ ਦਾ ਆਯੋਜਨ

ਖਰੜ,11 ਜਨਵਰੀ : ਮੀਡੀਆ, ਮੰਨੋਰੰਜਨ, ਸਮਾਜ ਸੇਵਾ, ਖੇਡ ਅਤੇ ਸਵੈ-ਰੋਜ਼ਗਾਰ ਖੇਤਰਾਂ ਨਾਲ ਸਬੰਧਿਤ ਸਖ਼ਸ਼ੀਅਤਾਂ ਨੇ ‘ਨਵੀਂ ਪੀੜ੍ਹੀ ਦੀ ਆਧੁਨਿਕੀਕਰਨ ਸਬੰਧੀ ਧਾਰਨਾ’ ਵਿਸ਼ੇ ’ਤੇ ਵਿਚਾਰਾਂ ਦੀ ਪਾਈ ਸਾਂਝ
ਅਗਾਂਹਵਧੂ ਸਮਾਜ ’ਚ ਨੌਜਵਾਨ ਪੀੜ੍ਹੀ ਤਕਨਾਲੋਜੀ ਦੀ ਧਾਰਨੀ ਬਣਦਿਆਂ ਅੱਗੇ ਜ਼ਰੂਰ ਵਧੇ ਪਰ 5 ਹਜ਼ਾਰ ਸਾਲ ਪੁਰਾਣੀ ਦੇਸ਼ ਦੀ ਸੱਭਿਅਤਾ ਅਤੇ ਵਿਰਾਸਤ ਦੀ ਮਹੱਤਤਾ ਨੂੰ ਸਮਝਣਾ ਵੀ ਅਤਿਅੰਤ ਲਾਜ਼ਮੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਿਆਣਾ ਸਰਕਾਰ ਦੇ ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਯੋਗੇਂਦਰ ਚੌਧਰੀ ਨੇ ਕੀਤਾ। ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੀ 159ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 10ਵੇਂ ਰਾਸ਼ਟਰੀ ਯੁਵਾ ਸੰਮੇਲਨ ‘ਈਵੋਕ-2022’ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਸਨ। ਆਨਲਾਈਨ ਮੰਚ ’ਤੇ ਆਯੋਜਿਤ ਹੋਏ ਰਾਸ਼ਟਰੀ ਯੁਵਾ ਸੰਮੇਲਨ ਦਾ ਵਿਸ਼ਾ ‘ਨਵੀਂ ਪੀੜ੍ਹੀ ਦੀ ਆਧੁਨਿਕੀਕਰਨ ਸਬੰਧੀ ਧਾਰਨਾ’ ’ਤੇ ਆਧਾਰਿਤ ਸੀ। ਸੰਮੇਲਨ ਦੌਰਾਨ ਮੀਡੀਆ, ਮੰਨੋਰੰਜਨ, ਸਵੈ-ਰੋਜ਼ਗਾਰ, ਖੇਡ ਅਤੇ ਸਮਾਜ ਸੇਵਾ ਆਦਿ ਖੇਤਰਾਂ ਨਾਲ ਸਬੰਧਿਤ ਸਖ਼ਸ਼ੀਅਤਾਂ ਨੇ ਪ੍ਰਭਾਵਸ਼ਾਲੀ ਵਿਸ਼ੇ ਬਾਬਤ ਆਪਣੇ ਵਿਚਾਰਾਂ ਦੀ ਸਾਂਝ ਪਾਈ।
     ਇਸ ਮੌਕੇ ਪ੍ਰਸਿੱਧ ਅਦਾਕਾਰਾ ਅਤੇ ਗਾਇਕਾ ਸਾਰਾ ਗੁਰਪਾਲ, ਪੀ.ਸੀ. ਸਨੇਹਲ ਗਰੁੱਪ ਦੇ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਚਿਰੰਜੀਵ ਪਟੇਲ, ਸਿਗਮਾ ਦੇ ਫਾਊਂਡਰ, ਵਰਡ ਆਫ਼ ਵਾਰਡੀ, ਯੂਨਾਈਟਿਡ ਬਾਏ ਬਲੱਡ ਐਂਡ ਬਿ੍ਰਕਸ ਸੀ.ਸੀ.ਆਈ ਦੇ ਸਲਾਹਕਾਰ ਸ਼੍ਰੀ ਅਭਿਸ਼ੇਕ ਸਿੰਘ (ਆਈ.ਏ.ਐਸ), ਉਲੰਪੀਅਨ ਅਤੇ ਅਰਜੁਨ ਐਵਾਰਡੀ ਭਾਰਤੀ ਮੁੱਕੇਬਾਜ਼ ਸ਼੍ਰੀ ਮਨੋਜ ਕੁਮਾਰ, ਏ.ਬੀ.ਪੀ ਗੰਗਾ ਦੇ ਸੰਪਾਦਕ, ਸੀਨੀਅਰ ਪੱਤਰਕਾਰ ਅਤੇ ਨਿਊਜ਼ ਐਂਕਰ ਸ਼੍ਰੀ ਰੋਹਿਤ ਸਾਵਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਸੰਮੇਲਨ ਦੇ ਸੰਚਾਲਕ ਦੀ ਭੂਮਿਕਾ 92.7 ਬਿੱਗ ਐਫ਼.ਐਮ ਤੋਂ ਆਰ.ਜੇ ਮੇਘਾ ਨੇ ਬਾਖੂਬੀ ਨਿਭਾਈ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਸੰਮੇਲਨ ਦੌਰਾਨ ਉਚੇਚ ਤੌਰ ’ਤੇ ਹਾਜ਼ਰ ਰਹੇ।



    ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਯੋਗੇਂਦਰ ਚੌਧਰੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਸ਼ਟਰ ਦਾ ਭਵਿੱਖ ਹੁੰਦੇ ਹਨ, ਜੋ ਆਪਣੀ ਕਾਬਲੀਅਤ, ਵਿਚਾਰਾਂ ਅਤੇ ਹੁਨਰ ਸਦਕਾ ਰਾਸ਼ਟਰ ਨਿਰਮਾਣ ’ਚ ਵੱਡਾ ਯੋਗਦਾਨ ਪਾਉਂਦੇ ਹਨ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਯੂ.ਐਸ.ਏ, ਚੀਨ, ਕੈਨੇਡਾ ਦੇ ਮੁਕਾਬਲੇ ਭਾਰਤ ਕੋਲ ਵੱਡੀ ਨੌਜਵਾਨ ਸ਼ਕਤੀ ਹੈ, ਜੋ ਕੁੱਲ ਆਬਾਦੀ ਦਾ 60 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਕਤੀ ਦਾ ਹੋਣਾ ਹੀ ਕਾਫ਼ੀ ਨਹੀਂ ਹੈ ਬਲਕਿ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ, ਸਮਾਜ ਸੇਵਾ ਅਤੇ ਚੰਗੀ ਤਾਲੀਮ ਪ੍ਰਤੀ ਵੀ ਪ੍ਰੇਰਿਤ ਕਰਨਾ ਪਵੇਗਾ ਕਿਉਂਕਿ ਅਜਿਹਾ ਨਾ ਕਰਨ ਨਾਲ ਨੌਜਵਾਨ ਆਪਣੀ ਸਹੀ ਦਿਸ਼ਾ ਤੋਂ ਭਟਕ ਸਕਦੇ ਹਨ। ਨੌਜਵਾਨ ਪੀੜ੍ਹੀ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਸਿੱਖਿਆ ਨੂੰ ਮੁੱਖ ਸੋਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਦੂਜੀਆਂ ਗਤੀਵਿਧੀਆਂ ਰਾਹੀਂ ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ ਕੀਤੇ ਜਾਣਾ ਲਾਜ਼ਮੀ ਹੈ ਜਦਕਿ ਵਿਦਿਆਰਥੀ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਮੌਕਿਆਂ ਬਾਰੇ ਚੇਤੰਨ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰ੍ਹਾਂ ਭਾਰਤ ਨੂੰ ਵੀ ਆਈ.ਟੀ, ਖੋਜ, ਇਨੋਵੇਸ਼ਨ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ।
     ਅੰਤਰਰਾਸ਼ਟਰੀ ਮੁੱਕੇਬਾਜ਼ ਸ਼੍ਰੀ ਮਨੋਜ ਕੁਮਾਰ ਨੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਰਾਹ ’ਤੇ ਬਣੇ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਫ਼ਲਤਾ ਦਾ ਕੋਈ ਵੀ ਸ਼ਾਰਟਕੱਟ ਥੋੜ੍ਹੇ ਸਮੇਂ ਲਈ ਹੀ ਰਹਿ ਸਕਦਾ ਹੈ ਅਤੇ ਇੱਕ ਕੁਦਰਤੀ ਮਾਰਗ ਹੀ ਹੈ, ਜੋ ਲੰਮਾ ਸਮਾਂ ਚੱਲਦਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਤਤਕਾਲ ਨਤੀਜੇ ਅਤੇ ਲਾਭ ਚਾਹੁੰਦੇ ਹਨ, ਜਿਸ ਲਏ ਉਹ ਨਸ਼ਿਆਂ ਅਤੇ ਸਟੀਰੌਇਡਜ਼ ਦੇ ਰਾਹ ਤੁਰਦੇ ਹਨ, ਜੋ ਸਰਾਸਰ ਗ਼ਲਤ ਧਾਰਨਾ ਹੈ ਜਿਸ ਦੀ ਮਿਆਦੀ ਬਹੁਤ ਥੋੜ੍ਹੇ ਸਮੇਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਮੰਜ਼ਿਲ ’ਤੇ ਪਹੁੰਚਣ ਲਈ ਸਖ਼ਤ ਮਿਹਨਤ ਨੂੰ ਨਾ ਛੱਡੋ, ਜਿਸ ਦੇ ਲੰਬੇ ਸਮੇਂ ਤੱਕ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਆਧੁਨਿਕੀਕਰਨ ਦੇ ਨਾਂ ’ਤੇ ਭਟਕ ਰਹੇ ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ, ਗੁਰੂ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਸਹੀ ਮੰਜ਼ਿਲ ਲੱਭਣ ਵਿੱਚ ਮਦਦ ਮਿਲੇਗੀ।

ਆਈ.ਏ.ਐਸ ਅਧਿਕਾਰੀ ਅਭਿਸ਼ੇਕ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਨਿਰਸੰਦੇਹ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾ ਰਹੀ ਹੈ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਵੀ ਕਾਮਯਾਬੀ ਬਰਕਰਾਰ ਰੱਖਣਗੇ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਉਹ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਮਨ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਦਿਲ ਦੀ ਹਰ ਇੱਛਾ ਨੂੰ ਪੂਰਾ ਕਰ ਸਕੇ। ਉਨ੍ਹਾਂ ਆਧੁਨਿਕੀਕਰਨ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਅਗਾਂਹਵਧੂ ਸਮਾਜ ਦਾ ਹਿੱਸਾ ਬਣਨ ਲਈ ਸਹੀ ਮਾਰਗ ਅਤੇ ਤਰੀਕਿਆਂ ਦੀ ਵਰਤੋਂ ਜ਼ਰੂਰੀ ਹੈ।

ਪ੍ਰਬੰਧਕੀ ਡਾਈਰੈਕਟਰ ਸ਼੍ਰੀ ਚਿਰੰਜੀਵ ਪਟੇਲ ਨੇ ਕਿਹਾ ਕਿ ਭਾਰਤ ਨੂੰ ਮੌਕਿਆਂ ਦਾ ਸਮੁੰਦਰ ਕਰਾਰ ਦਿੱਤਾ, ਜੋ ਥੋੜ੍ਹੇ ਸਮੇਂ ’ਚ ਹੀ ਵਿਸ਼ਵ ਦੇ ਨਕਸ਼ੇ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਯਤਨਾਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ, ਆਪਣੇ ਨਾਗਰਿਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀਂ ਥੋੜੀ ਦੇਰੀ ਨਾਲ ਸ਼ੁਰੂ ਕੀਤਾ ਸੀ, ਪਰ ਸਰਕਾਰ ਦੁਆਰਾ ਪਿਛਲੇ ਸਮੇਂ ਵਿੱਚ ਕੀਤੇ ਗਏ ਬੇਮਿਸਾਲ ਯਤਨਾਂ ਨੇ ਸਾਨੂੰ ਦੁਨੀਆ ਦੇ ਨਕਸ਼ੇ ’ਤੇ ਸਥਾਪਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ’ਚ ਭਾਰਤ ਸਵੈ-ਰੋਜ਼ਗਾਰ ਦੇ ਖੇਤਰ ’ਚ ਗਤੀਸ਼ੀਲੀਤਾ ਨਾਲ ਅੱਗੇ ਵਧਿਆ ਹੈ ਅਤੇ ਵੱਡੀ ਗਿਣਤੀ ’ਚ ਯੂਨੀਕੌਰਨ ਸਥਾਪਿਤ ਕਰਨਾ ਇਸਦਾ ਮੁੱਖ ਪ੍ਰਮਾਣ ਹੈ।

ਪ੍ਰਸਿੱਧ ਅਦਾਕਾਰਾ ਅਤੇ ਗਾਇਕਾ ਸਾਰਾ ਗੁਰਪਾਲ ਨੇ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਸਿਰਫ਼ ਨੌਜਵਾਨ ਹੀ ਸੀਮਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਦੇ ਨੌਜਵਾਨਾਂ ਨਾਲ ਇਕੋ ਇਕ ਸਮੱਸਿਆ ਇਹ ਹੈ ਕਿ ਉਹ ਉਨ੍ਹਾਂ ਚੀਜ਼ਾਂ ਅਤੇ ਵਿਸ਼ਿਆਂ ’ਤੇ ਆਪਣਾ ਮਹੱਤਵਪੂਰਨ ਸਮਾਂ ਅਤੇ ਊਰਜਾ ਬਰਬਾਦ ਕਰ ਰਹੇ ਹਨ, ਜੋ ਚੀਜ਼ਾਂ ਅਸਲ ’ਚ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ, ਜਿਵੇਂ ਸੋਸ਼ਲ ਮੀਡੀਆ, ਡੇਟਿੰਗ ਜਾਂ ਦੂਜਿਆਂ ਦੀ ਨਕਲ ਕਰਨਾ।ਨੌਜਵਾਨਾਂ ਨੂੰ ਇਨ੍ਹਾਂ ਮਾਮੂਲੀ ਚੀਜ਼ਾਂ ਤੋਂ ਪਰੇ ਦੇਖਣ ਦੀ ਲੋੜ ਹੈ ਅਤੇ ਜੀਵਨ ਦੇ ਵਧੇਰੇ ਅਨੰਦ ਅਤੇ ਫਰਜ਼ਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਅੰਦਰੂਨੀ ਵੀ ਹੋਣਾ ਚਾਹੀਦਾ ਹੈ। ਭਾਰਤ ਦਾ ਨੌਜਵਾਨ ਅਦਭੁਤ ਹੈ, ਇਸ ਨੂੰ ਸਭ ਕੁਝ ਕਰਨਾ ਚਾਹੀਦਾ ਹੈ ਪਰ ਇਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ।ਸਾਰਾ ਨੇ ਕਿਹਾ ਕਿ ਮਾਪਿਆਂ ਅਤੇ ਬਜ਼ੁਰਗਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ। ਸੀਨੀਅਰ ਪੱਤਰਕਾਰ ਅਤੇ ਸੰਪਾਦਕ, ਏਬੀਪੀ ਗੰਗਾ, ਰੋਹਿਤ ਸਾਵਲ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਬੁੱਧੀ ਦਾ ਵਿਕਾਸ ਕਰਨਾ ਚਾਹੀਦਾ ਹੈ, ਖਾਸ ਕਰਕੇ ਚੰਗੇ ਅਤੇ ਮਾੜੇ ਵਿੱਚ ਫਰਕ ਕਰਨ ਲਈ। ਉਨ੍ਹਾਂ ਕਿਹਾ ਕਿ ਇਹ ਸਿਨੇਮਾ ਹੋਵੇ, ਖ਼ਬਰਾਂ ਜਾਂ ਇੱਥੋਂ ਤੱਕ ਕਿ ਸੋਸ਼ਲ ਮੀਡੀਆ, ਇੱਥੇ ਚੰਗਾ ਵੀ ਹੈ ਅਤੇ ਬੁਰਾ ਵੀ ਹੈ ਪਰ ਆਧੁਨਿਕ ਨੌਜਵਾਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਨਕਰਾਤਮਕ ਚੀਜ਼ਾਂ ਨੂੰ ਨਾਕਾਰ ਕੇ ਸਕਰਾਤਮਕ ਸਮੱਗਰੀ ਦੀ ਚੋਣ ਕਰੇ।

ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ’ਵਰਸਿਟੀ ਦਾ ਉਦੇਸ਼ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਸਮੇਂ ’ਤੇ ਵਿਚਾਰ ਚਰਚਾਵਾਂ, ਗੋਸ਼ਟੀਆਂ, ਵਰਕਸ਼ਾਪਾਂ ਦੇ ਮਾਧਿਅਮ ਰਾਹੀਂ ਚੰਗੇ ਰਾਸ਼ਟਰੀ ਨਿਰਮਾਣ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਚੇਤੰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਯੁਵਾ ਸੰਮੇਲਨ ਰਾਹੀਂ ਵਿਦਿਆਰਥੀਆਂ ਨੂੰ ਨੌਜਵਾਨ ਸਖ਼ਸ਼ੀਅਤਾਂ ਦੇ ਰੂਬਰੂ ਕਰਵਾ ਕੇ ਉਨ੍ਹਾਂ ਦੇ ਨਿੱਜੀ ਅਤੇ ਪੇਸ਼ੇਵਰ ਤਜ਼ਰਬਿਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਰਾਸ਼ਟਰੀ ਯੁਵਾਾ ਸੰਮੇਲਨ ਦੌਰਾਨ ਪ੍ਰਭਾਵਸ਼ਾਲੀ ਵਿਸ਼ੇ ਬਾਬਤ ਆਪਣੇ ਵਿਚਾਰ ਸਾਂਝੇ ਕਰਦੀਆਂ ਨੌਜਵਾਨ ਸਖ਼ਸ਼ੀਅਤਾਂ।

No comments:


Wikipedia

Search results

Powered By Blogger