ਕੱਚੇ ਨੌਜਵਾਨ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਹੋਰ ਮੁੱਦਿਆਂ ਬਾਰੇ ਝੂਠ ਤੂਫ਼ਾਨ ਬੋਲਣ ਵਾਲੇ ਕਾਂਗਰਸੀ ਅਤੇ ਅਕਾਲੀ ਉਮੀਦਵਾਰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ’
ਮੋਹਾਲੀ, 25 ਜਨਵਰੀ :ਦੇਸ਼ ਵਿੱਚ ਅਜ਼ਾਦੀ ਤੋਂ ਸੱਤ ਦਹਾਕਿਆਂ ਬਾਅਦ ਸਿਰਫ਼ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਲੋਕ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਜਿਸ ਨੇ ਦੇਸ਼ ਦੀਆਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਇਹ ਵਿਚਾਰ ਅੱਜ ਇੱਥੇ ਹਲਕਾ ਮੋਹਾਲੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਫਰੇਬ ਕਰਦੀਆਂ ਆ ਰਹੀਆਂ ਹਨ। ਪਡ਼੍ਹੇ ਲਿਖੇ ਮੁਲਾਜ਼ਮ ਵਰਗ ਨਾਲ ਵੀ ਪੈਰ-ਪੈਰ ’ਤੇ ਧੋਖੇ ਕਰਦੀਆਂ ਆ ਰਹੀਆਂ ਹਨ। ਜਿਹਡ਼ੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਉਤੇ ਪਹਿਲਾਂ ਅਕਾਲੀ ਦਲ ਨੇ ਵੋਟਾਂ ਬਟੋਰੀਆਂ ਅਤੇ ਫਿਰ ਆਪਣੇ ਅਖੀਰਲੇ ਸਾਲ ਵਿੱਚ ਇੱਕ ਐਕਟ ਬਣਾ ਕੇ ਡਰਾਮੇਬਾਜ਼ੀ ਕੀਤੀ। ਉਸ ਉਪਰੰਤ ਕੈਪਟਨ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ, ਜਿਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਉਹ ਵੋਟਾਂ ਲੈ ਕੇ ਵਿਧਾਨ ਸਭਾ ਵਿੱਚ ਆਏ ਸੀ, ਸਰਕਾਰ ਬਣਾਉਂਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਮੁਲਾਜ਼ਮਾਂ ਦਾ ਬਿਲ ਰੱਦ ਕੀਤਾ ਅਤੇ ਫਿਰ ਸਾਢੇ ਚਾਰ ਸਾਲ ਬਾਤ ਨਹੀਂ ਪੁੱਛੀ। ਅਖੀਰ ਵਿੱਚ ਲਗਭਗ ਤਿੰਨ ਮਹੀਨਿਆਂ ਦੇ ਮੁੱਖ ਮੰਤਰੀ ਵੱਲੋਂ ਲਗਾਈ ਐਲਾਨਾਂ ਦੀ ਝਡ਼ੀ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਕਰਨ ਦੀ ਗੱਲ ਕੀਤੀ ਗਈ ਪ੍ਰੰਤੂ ਉਹ ਐਲਾਨ ਵੀ ਫੋਕੇ ਨਿਕਲ ਗਏ।
ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਕੁੱਲ ਮਿਲਾ ਕੇ ਪਿਛਲੇ 8 ਸਾਲਾਂ ਤੋਂ ਕਾਂਗਰਸ, ਕੈਪਟਨ, ਅਕਾਲੀ ਅਤੇ ਭਾਜਪਾ ਤੋਂ ਮਿਲ ਕੇ ਪੰਜਾਬ ਦੇ 36 ਹਜ਼ਾਰ ਮੁਲਾਜ਼ਮ ਪੱਕੇ ਨਹੀਂ ਕਰ ਹੋਏ ਅਤੇ ਫਿਰ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਨੌਕਰੀਆਂ ਦੇ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਵਰਗੇ ਰਵਾਇਤੀ ਦਲ ਸਿਰਫ਼ ਲੋਕਾਂ ਦੇ ਮੁੱਦਿਆਂ ਦਾ ਸਿਆਸੀ ਫ਼ਾਇਦਾ ਚੁੱਕਦੇ ਹਨ, ਇਨ੍ਹਾਂ ਲਈ ਆਮ ਲੋਕਾਂ ਦੇ ਮੁੱਦੇ, ਤਕਲੀਫ਼ਾਂ ਅਤੇ ਮੰਗਾਂ ਸਿਰਫ਼ ਸਿਆਸੀ ਪੌਡ਼ੀਆਂ ਹਨ ਜਿਨ੍ਹਾਂ ਦੇ ਸਹਾਰੇ ਇਹ ਸੱਤਾ ਵਿੱਚ ਆਉਂਦੇ ਹਨ ਅਤੇ ਫਿਰ ਪੰਜ-ਪੰਜ ਸਾਲ ਦੀ ਵਾਰੀ ਸਿਰ ਪੰਜਾਬ ਨੂੰ ਲੁੱਟਦੇ ਹਨ।
ਸ੍ਰ. ਕੁਲਵੰਤ ਸਿੰਘ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਨਾਲ ਸਬੰਧਿਤ ਮਸਲੇ ਸਿਰੇ ਚਡ਼੍ਹਾਉਣ ਵਿੱਚ ਇਹ ਸਾਰੀਆਂ ਸਿਆਸੀ ਪਾਰਟੀਆਂ ਫੇਲ੍ਹ ਸਾਬਿਤ ਹੋਈਆਂ, ਉਹ ਮਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਿਰੇ ਚਡ਼੍ਹਾਏ ਜਾਣਗੇ। ਪਿਛਲੀਆਂ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਤਰ੍ਹਾਂ ਕਿਸੇ ਵੀ ਮਸਲੇ ਨੂੰ ਸਾਲਾਂ ਬੱਧੀ ਤੱਕ ਲਟਕਾਇਆ ਨਹੀਂ ਜਾਵੇਗਾ। ਲੋਕਾਂ ਦੀ ਡਿਊਟੀ ਸਿਰਫ਼ ਇੰਨੀ ਬਣਦੀ ਹੈ ਕਿ ਉਹ ਆਉਣ ਵਾਲੀ 20 ਫ਼ਰਵਰੀ ਨੂੰ ਚੋਣ ਨਿਸ਼ਾਨ ‘ਝਾਡ਼ੂ’ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਕਰਨ।
No comments:
Post a Comment