SBP GROUP

SBP GROUP

Search This Blog

Total Pageviews

ਸਿਵਲ ਸਰਜਨ ਨੇ ਜ਼ਿਲ੍ਹਾ ਹਸਪਤਾਲ ਤੋਂ ਕੀਤੀ ਸ਼ੁਰੂਆਤ, ਫ਼ਿਲਹਾਲ ਸਿਰਫ਼ ਕੋਵੈਕਸੀਨ ਦਾ ਟੀਕਾ ਲੱਗੇਗਾ



ਮੋਹਾਲੀ, 03 ਜਨਵਰੀ : ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ 15 ਤੋਂ 18 ਸਾਲ ਦੇ ਮੁੰਡਿਆਂ-ਕੁੜੀਆਂ ਲਈ ਕੋਵਿਡ ਰੋਕੂ ਟੀਕਾਕਰਨ ਦੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਸਵੇਰੇ ਜ਼ਿਲ੍ਹਾ ਹਸਪਤਾਲ ਤੋਂ ਇਸ ਮੁਹਿੰਮ ਦਾ ਆਗ਼ਾਜ਼ ਕੀਤਾ। ਸਿਵਲ ਸਰਜਨ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਭ ਤੋਂ ਪਹਿਲਾਂ 17 ਸਾਲਾ ਮੇਹਰ ਕਪੂਰ, 16 ਸਾਲਾ ਰੀਤਇੰਦਰਦੀਪ ਕੌਰ ਅਤੇ 16 ਸਾਲਾ ਦੇਵਵੀਰ ਸਿੰਘ ਦਾ ਟੀਕਾਕਰਨ ਕੀਤਾ ਗਿਆ।

 ਇਸ ਮੌਕੇ ਗੱਲਬਾਤ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਜ਼ਿਲ੍ਹੇ ਵਿਚ 15 ਤੋਂ 18 ਸਾਲ ਤਕ ਦੇ ਲਗਭਗ 67 ਹਜ਼ਾਰ ਨੌਜਵਾਨਾਂ ਨੂੰ ਕੋਵਿਡ-ਰੋਕੂ ਟੀਕਾ ਲਗਾਏ ਜਾਣ ਦਾ ਟੀਚਾ ਹੈ। ਉਨ੍ਹਾਂ ਦਸਿਆ ਕਿ ਇਸ ਉਮਰ ਸਮੂਹ ਨੂੰ ਫ਼ਿਲਹਾਲ ਸਿਰਫ਼ ਕੋਵੈਕਸੀਨ ਦੀ ਖ਼ੁਰਾਕ ਦਿਤੀ ਜਾ ਰਹੀ ਹੈ ਅਤੇ ਇਸ ਉਮਰ ਸਮੂਹ ਲਈ ਵੱਖਰੇ ਟੀਕਾਕਰਨ ਕੇਂਦਰ ਬਣਾਏ ਗਏ ਹਨ ਤਾਕਿ ਟੀਕਾਕਰਨ ਦਾ ਅਮਲ ਬਾਕੀਆਂ ਨਾਲ ਰਲਗੱਡ ਨਾ ਹੋਵੇ। ਸਿਵਲ ਸਰਜਨ ਨੇ ਬਾਅਦ ਵਿਚ ਫ਼ੇਜ਼ 3ਬੀ1 ਵਿਚਲੇ ਸਰਕਾਰੀ ਸਕੂਲ ਵਿਚ ਜਾ ਕੇ ਵਿਦਿਆਰਥੀਆਂ ਲਈ ਚੱਲ ਰਹੀ ਕੋਵਿਡ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦਸਿਆ ਕਿ 15 ਸਾਲ ਦੀ ਉਮਰ ਪੂਰੀ ਕਰ ਚੁੱਕਾ ਅਤੇ 18 ਸਾਲ ਤਕ ਦੀ ਉਮਰ ਵਾਲਾ ਕੋਈ ਵੀ ਨੌਜਵਾਨ ਟੀਕਾਕਰਨ ਕੇਂਦਰ ਵਿਚ ਜਾ ਕੇ ਟੀਕਾ ਲਗਵਾ ਸਕਦਾ ਹੈ।


 ਉਸ ਕੋਲ ਅਪਣੀ  ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਕੋਈ ਹੋਰ ਪੱਕਾ ਦਸਤਾਵੇਜ਼ ਹੋਣਾ ਜ਼ਰੂਰੀ ਹੈ। ਜੇ ਕਿਸੇ ਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਉਹ ਆਮ ਵਾਂਗ ਅਪਣਾ ਟੀਕਾਕਰਨ ਕਰਵਾ ਸਕਦਾ ਹੈ ਕਿਉਂਕਿ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ ਟੀਕਾਕਰਨ ਦਾ ਅਮਲ ਪਹਿਲਾਂ ਹੀ ਜਾਰੀ ਹੈ। ਕੋਵਿਡ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਬਾਰੇ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਹਰ ਰੋਜ਼ ਵੱਧ ਰਹੇ ਕੋਵਿਡ ਮਾਮਲਿਆਂ ਨੂੰ ਵੇਖਦਿਆਂ ਹਰ ਕਿਸੇ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਜਿਥੇ ਕੋਵਿਡ ਟੀਕਾਕਰਨ ਬੇਹੱਦ ਜ਼ਰੂਰੀ ਹੈ, ਉਥੇ ਮਾਸਕ ਪਾਉਣ, ਇਕ ਦੂਜੇ ਤੋਂ ਸਮਾਜਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਤਿਅੰਤ ਲੋੜ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੇ ਹਾਲੇ ਤਕ ਪਹਿਲਾ ਜਾਂ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਅਪਣਾ ਟੀਕਾਕਰਨ ਕਰਵਾਉਣ।  
                  
  ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਜਿਥੇ ਵੱਖ-ਵੱਖ ਥਾਈਂ ਕੋਵਿਡ ਸੈਂਪਲਿੰਗ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਉਥੇ ਕੋਵਿਡ ਟੀਕਾਕਰਨ ਦੇ ਕੰਮ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜ਼ਿਲ੍ਹੇ ਵਿਚ ਕੋਵਿਡ ਰੋਕੂ ਦਵਾਈ ਦੀ ਕੋਈ ਘਾਟ ਨਹੀਂ। ਸਿਵਲ ਸਰਜਨ ਨੇ ਆਖਿਆ ਕਿ ਇਸ ਬੀਮਾਰੀ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਹ ਕਿਹਾ ਕਿ ਤੀਜੀ ਸੰਭਾਵੀ ਲਹਿਰ ਤੋਂ ਘਬਰਾਉਣ ਦੀ ਨਹੀਂ ਸਗੋਂ ਤਮਾਮ ਜ਼ਰੂਰੀ ਸਾਵਧਾਨੀਆਂ ਵਰਤ ਕੇ ਖ਼ੁਦ ਨੂੰ ਅਤੇ ਸਮਾਜ ਨੂੰ ਬਚਾਉਣ ਦੀ ਲੋੜ ਹੈ। ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇ ਟੀਕਾਕਰਨ ਮਗਰੋਂ ਵੀ ਕਿਸੇ ਕਾਰਨ ਕੋਵਿਡ ਦੀ ਲਾਗ ਲੱਗ ਜਾਂਦੀ ਹੈ ਤਾਂ ਟੀਕਾਕਰਨ ਕਰਵਾ ਚੁੱਕੇ ਵਿਅਕਤੀ ਨੂੰ ਹਸਪਤਾਲ ’ਚ ਦਾਖ਼ਲ ਹੋਣ ਜਾਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਇਹ ਵੀ ਕਿਹਾ ਕਿ ਭੀੜ ਵਿਚ ਜਾਣ ਤੋਂ ਬਚਿਆ ਜਾਵੇ। ਜੇ ਲਗਾਤਾਰ ਖੰਘ, ਜ਼ੁਕਾਮ, ਬੁਖ਼ਾਰ ਆਦਿ ਜਿਹੀ ਤਕਲੀਫ਼ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਵੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਇਸ ਮੌਕੇ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ, ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਐਸ.ਐਮ.ਓ. ਡਾ. ਵਿਜੇ ਭਗਤ, ਡਾ. ਐਚ.ਐਸ.ਚੀਮਾ, ਡਾ. ਅਲਕਜੋਤ ਕੌਰ, ਡਾ. ਪਰਮਿੰਦਰ ਸਿੰਘ, ਡਾ. ਸੰਦੀਪ ਸਿੰਘ, ਡਾ. ਤਰਨਜੋਤ ਕੌਰ, ਡਾ. ਬਬਨਦੀਪ ਕੌਰ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਤੇ ਸਟਾਫ਼ ਮੌਜੂਦ ਸੀ।  

No comments:


Wikipedia

Search results

Powered By Blogger