ਚੰਡੀਗੜ੍ਹ, 16 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਹੈ। ਐਤਵਾਰ ਨੂੰ ਮੀਡਿਆ ਨੂੰ ਸੰਬੋਧਿਤ ਕਰਦੇ ਹੋਏ ਮਾਨ ਨੇ ਕਿਹਾ ਕਿ ਪਹਿਲਾਂ ਕਾਲਜਾਂ ਅਤੇ ਯੂਨੀਵਰਸਿਟੀ ਤੋਂ ਡਿਗਰੀ ਮਿਲਣ ਤੋਂ ਬਾਅਦ ਨੌਜਵਾਨ ਸਿੱਧੇ ਨੌਕਰੀ ਜਾਂ ਆਪਣਾ ਕੋਈ ਨਵਾਂ ਪੇਸ਼ਾ ਕਰਦੇ ਸਨ। ਅੱਜ ਨੌਜਵਾਨ ਰੋਜਗਾਰ ਦੀ ਅਣਹੋਂਦ ਵਿੱਚ ਉੱਚ ਸਿੱਖਿਆ ਦੀ ਡਿਗਰੀ ਲੈ ਕੇ ਘਰ ਬੈਠ ਰਹੇ ਹਨ ਅਤੇ ਡਿਪਰੈੱਸ਼ਨ 'ਤੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ।ਰੋਜ਼ਗਾਰ ਅਤੇ ਉੱਚ ਸਿੱਖਿਆ ਦੇ ਮੌਕਿਆਂ ਦੀ ਅਣਹੋਂਦ ਵਿੱਚ ਅੱਜ ਪੰਜਾਬ ਦਾ ਪੈਸਾ ਅਤੇ ਪ੍ਰਤੀਭਾ ਦੋਵੇਂ ਵਿਦੇਸ਼ ਜਾ ਰਹੇ ਹਨ। ਪੰਜਾਬ ਦੀ ਤਰੱਕੀ ਲਈ ਨੌਜਵਾਨਾਂ ਦੀ ਪ੍ਰਤੀਭਾ ਅਤੇ ਉਰਜਾ ਦਾ ਪਲਾਇਨ ਰੋਕਣਾ ਸਭ ਤੋਂ ਜ਼ਿਆਦਾ ਜਰੂਰੀ ਹੈ ।
ਕਾਂਗਰਸ ਦੀ ਨਿਖੇਧੀ ਕਰਦੇ ਹੋਏ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਨੌਜਵਾਨਾਂ ਦੇ ਵੋਟ ਲਏ ਸਨ. ਲੇਕਿਨ ਸਰਕਾਰ ਬਣਨ ਤੋਂ ਬਾਅਦ ਡਿਗਰੀਧਾਰੀ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਬਜਾਏ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਨੇਤਾਵਾਂ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਨੌਕਰੀ ਦਿੱਤੀ। ਕਾਂਗਰਸ ਸਰਕਾਰ ਨੇ ਆਪਣੇ ਕਿਸੇ ਵਿਧਾਇਕ ਦੇ ਬੱਚੇ ਨੂੰ ਡੀਐਸਪੀ ਲਗਾ ਦਿੱਤਾ ਤਾਂ ਕਿਸੇ ਨੂੰ ਤਹਿਸੀਲਦਾਰ ਬਣਾ ਦਿੱਤਾ। ਰੋਜ਼ਗਾਰ ਦੀ ਅਣਹੋਂਦ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਮਜ਼ਬੂਰ ਹੋਕੇ ਵਿਦੇਸ਼ਾਂ ਦਾ ਰੁੱਖ ਕੀਤਾ ਅਤੇ ਆਪਣੀ ਮਾਤਭੂਮੀ ਨੂੰ ਛੱਡਕੇ ਵਿਦੇਸ਼ਾਂ ਵਿੱਚ ਰਹਿਣ ਨੂੰ ਮਜ਼ਬੂਰ ਹੋਏ।
ਮਾਨ ਨੇ ਕਿਹਾ ਕਿ ਪੰਜਾਬ ਦੇ ਆਦਰਸ਼ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸ਼ੁਰਵੀਰਾਂ ਨੇ ਅੰਗਰੇਜਾਂ ਨੂੰ ਦੇਸ਼ ਤੋਂ ਭਜਾਉਣ ਦੇ ਲਈ ਲੰਬਾ ਸੰਘਰਸ਼ ਕੀਤਾ ਅਤੇ ਆਪਣੀ ਜਾਨ ਕੁਰਬਾਨ ਕੀਤੀ। ਅੱਜ ਉਨ੍ਹਾਂ ਦੇ ਵਾਰਿਸ ਆਪਣੀ ਮਾਂ ਦੇ ਗਹਿਣੇ ਅਤੇ ਬਾਪ ਦੀ ਜਾਇਦਾਦ ਵੇਚਕੇ ਉਨ੍ਹਾਂ ਅੰਗਰੇਜਾਂ ਕੋਲ ਨੌਕਰੀ ਕਰਣ ਲਈ ਜਾ ਰਹੇ ਹਨ। ਪਿਛਲੀਆਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਦੀ ਕੁਰਬਾਨੀ ਨੂੰ ਵਿਅਰਥ ਕਰ ਦਿੱਤਾ ।
ਮਾਨ ਨੇ ਕਿਹਾ ਕਿ ਜਲੰਧਰ ਵਿੱਚ ਬਸ ਸਟੈਂਡ ਵਿੱਚ ਖੜੀਆਂ ਬੱਸਾਂ 'ਤੇ ਭਰੇ ਆਇਲਟਸ ਕੋਚਿੰਗ ਅਤੇ ਵਿਦੇਸ਼ ਭੇਜਣ ਵਾਲੇ ਏਜੇਂਟਾਂ ਦੇ ਬੈਨਰ ਵੇਖਕੇ ਲੱਗੇਗਾ ਕਿ ਇਹ ਬਸ ਅਮ੍ਰਿਤਸਰ-ਚੰਡੀਗੜ੍ਹ ਨਹੀਂ,ਕਨੇਡਾ ਤੇ ਨਿਊਜੀਲੈਂਡ ਜਾ ਰਹੀ ਹੈ। ਪਲਾਇਨ ਦੇ ਕਾਰਨ ਕਨੇਡਾ ਹੁਣ ਪੰਜਾਬ ਬਣ ਗਿਆ ਹੈ। ਅੱਜ ਕਨੇਡਾ ਵਿੱਚ ਪੰਜਾਬ ਤੋਂ ਜ਼ਿਆਦਾ ਪੰਜਾਬੀ ਸੰਸਦ ਬਣ ਰਹੇ ਹਨ। ਲੇਕਿਨ ਇਹ ਸਭ ਮਜ਼ਬੂਰੀ ਵਿੱਚ ਉੱਥੇ ਗਏ ਹਨ। ਕਿਸੇ ਨੂੰ ਵੀ ਆਪਣੀ ਮਾਤਭੂਮੀ ਤੋਂ ਦੂਰ ਜਾਣ ਦਾ ਸ਼ੌਕ ਨਹੀਂ ਹੁੰਦਾ। ਬੇਰੋਜ਼ਗਾਰੀ ਅਤੇ ਸੁਰੱਖਿਆ ਦੀ ਅਣਹੋਂਦ ਵਿੱਚ ਲੱਖਾਂ ਪੰਜਾਬੀਆਂ ਨੇ ਮਜਬੂਰ ਹੋ ਕੇ ਪੰਜਾਬ ਛੱਡਿਆ।
ਮਾਨ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਪ੍ਰਤੀਭਾ ਅਤੇ ਪੈਸਾ ਨੂੰ ਬਾਹਰ ਜਾਣ ਤੋਂ ਰੋਕੇਗੀ। ਅਸੀਂ ਪੰਜਾਬ ਵਿੱਚ ਰੋਜ਼ਗਾਰ ਅਤੇ ਪੇਸ਼ੇ ਦੇ ਸਮਰੱਥ ਮੌਕੇ ਉਪਲੱਬਧ ਕਰਵਾਵਾਂਗੇ। ਯੋਗਤਾ ਦੇ ਹਿਸਾਬ ਨਾਲ ਰੋਜ਼ਗਾਰ ਅਤੇ ਤਨਖ਼ਾਹ ਸਮੇਤ ਪ੍ਰਤਿਭਾਸ਼ੀਲ ਨੌਜਵਾਨਾਂ ਨੂੰ ਸਟਾਰਟਅਪ ਦਾ ਮੌਕਾ ਦੇਵਾਂਗੇ ਅਤੇ ਸਹਿਯੋਗ ਕਰਾਂਗੇ ਤਾਂਕਿ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਸਕਣ। ਸਾਡਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ 'ਜਾਬ ਸੀਕਰ' ਨਹੀਂ 'ਜਾਬ ਪ੍ਰੋਵਾਇਡਰ' ਬਣਾਉਣਾ ਹੈ।
No comments:
Post a Comment